ਪੰਜਾਬ ਸਰਕਾਰ ਦਾ ਵੱਡਾ ਕਦਮ : 15 ਮਾਰਚ ਤੋਂ 'ਕੈਮਰੇ ਦੀ ਅੱਖ' ਹੇਠ ਆ ਜਾਣਗੇ ਸਾਰੇ ਸਕੂਲ!

ਏਜੰਸੀ

ਖ਼ਬਰਾਂ, ਪੰਜਾਬ

ਸਕੂਲ ਦੇ ਮੁੱਖ ਗੇਟਾਂ 'ਤੇ 24 ਘੰਟੇ ਹਰ ਮੌਸਮ ਵਿਚ ਚੱਲਣ ਵਾਲੇ ਲੱਗਣਗੇ ਕੈਮਰੇ

file photo

ਚੰਡੀਗੜ੍ਹ : ਅਧਿਆਪਕਾਂ ਤੇ ਵਿਦਿਆਰਥੀਆਂ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਵੱਡਾ ਕਦਮ ਚੁਕਣ ਜਾ ਰਹੀ ਹੈ। ਭਾਰਤ ਸਰਕਾਰ ਦੀ ਸਮਗਰਾ ਸਿੱਖਿਆ ਸਕੀਮ ਅਧੀਨ ਰਾਜ ਭਰ ਵਿਚ ਸਾਰੇ ਸੈਕੰਡਰੀ ਸਕੂਲ ਅਤੇ ਐਲੀਮੈਂਟਰੀ ਸਕੂਲਾਂ ਵਿਚ ਸੀ.ਸੀ.ਟੀ.ਵੀ. ਕੈਮਰੇ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਹ ਕੈਮਰੇ ਲਾਉਣ ਦੀ ਸਮਾਂ ਸੀਮਾ 15 ਮਾਰਚ ਮਿਥੀ ਗਈ ਹੈ।

ਪੰਜਾਬ ਸਿਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਦਫ਼ਤਰ ਵਲੋਂ ਸਮੂਹ ਜ਼ਿਲ੍ਹਾ ਸਿਖਿਆ ਅਫ਼ਸਰਾਂ ਨੂੰ ਇਕ ਨੋਟੀਫ਼ੀਕੇਸ਼ਨ ਜਾਰੀ ਕਰ ਕੇ 15 ਮਾਰਚ ਤਕ ਕੈਮਰੇ ਲਾਉਣ ਦਾ ਕੰਮ ਪੂਰਾ ਕਰ ਕੇ ਖ਼ਰਚੀ ਰਾਸ਼ੀ ਦੀ ਵਰਤੋਂ ਸਰਟੀਫ਼ੀਕੇਟ ਭੇਜਣ ਦੀ ਸਖ਼ਤ ਹਦਾਇਤ ਕੀਤੀ ਗਈ ਹੈ। ਇਸ ਤਰ੍ਹਾਂ 15 ਮਾਰਚ ਤੋਂ ਬਾਅਦ ਪੰਜਾਬ ਦੇ ਸਾਰੇ ਸਕੂਲਾਂ ਦੇ ਅਧਿਆਪਕ ਤੇ ਵਿਦਿਆਰਥੀ ਸੀ.ਸੀ.ਟੀ.ਵੀ. ਕੈਮਰਿਆਂ ਦੀ ਨਿਗਰਾਨੀ ਵਿਚ ਹੋਣਗੇ।

ਜ਼ਿਕਰਯੋਗ ਹੈ ਕਿ ਇਸ ਯੋਜਨਾ ਲਈ ਭਾਰਤ ਸਰਕਾਰ ਦੀ ਸਕੀਮ ਤਹਿਤ 1135.37 ਲੱਖ ਰੁਪਏ ਦੀ ਰਾਸ਼ੀ ਦਾ ਉਪਬੰਧ ਹੈ। ਇਸ ਵਿਚ 592.44 ਲੱਖ ਰੁਪਏ ਸੈਕੰਡਰੀ ਸਕੂਲਾਂ ਲਈ ਅਤੇ 542.93 ਲੱਖ ਰੁਪਏ ਐਲੀਮੈਂਟਰੀ ਸਕੂਲਾਂ ਲਈ ਹਨ। ਇਹ ਰਾਸ਼ੀ ਪਿਛਲੇ ਮਹੀਨੇ ਦੌਰਾਨ ਈ.ਟਰਾਂਸਫ਼ਰ ਵੀ ਕਰ ਦਿਤੀ ਗਈ ਹੈ।

ਇਹ ਕੈਮਰੇ ਲਾਉਣ ਲਈ ਸਕੂਲਾਂ ਨੂੰ ਤਿੰਨ ਸ਼੍ਰੇਣੀਆਂ ਅਤਿਅੰਤ ਨਾਜ਼ੁਕ, ਨਾਜ਼ੁਕ ਅਤੇ ਘੱਟ ਨਾਜ਼ੁਕ ਵਿਚ ਵੰਡਿਆ ਗਿਆ ਹੈ। ਪਹਿਲੀ ਸ਼੍ਰੇਣੀ ਵਿਚ ਸਰਹੱਦੀ ਖੇਤਰ, ਸਿਖਿਆ ਪੱਖੋਂ ਪਛੜੇ ਸਕੂਲਾਂ, ਕੰਡੀ, ਬੇਟ ਦੇ ਪਹਾੜੀ ਖੇਤਰ, ਦੂਜੀ ਸ਼੍ਰੇਣੀ ਵਿਚ ਨਿਰੋਲ ਲੜਕੀਆਂ ਦੇ ਸਹਿ ਸਿਖਿਆ ਸਕੂਲ ਅਤੇ ਤੀਜੀ ਸ਼੍ਰੇਣੀ ਵਿਚ ਬਾਕੀ ਬਚਦੇ ਸਕੂਲ ਰੱਖੇ ਗਏ ਹਨ। ਸ਼੍ਰੇਣੀਆਂ ਦੇ ਆਧਾਰ 'ਤੇ ਪਹਿਲ ਦੇ ਕੇ ਕੈਮਰੇ ਲਾਏ ਜਾਣੇ ਹਨ।

ਡਾਇਰੈਕਟਰ ਜਨਰਲ ਸਕੂਲ ਸਿਖਿਆ ਵਲੋਂ ਜਾਰੀ ਨੋਟੀਫ਼ੀਕੇਸ਼ਨ ਦੀਆਂ ਹਦਾਇਤਾਂ ਮੁਤਾਬਕ ਸਕੂਲ ਦੇ ਦਾਖ਼ਲਾ ਗੇਟ ਜਿਸ ਦਾ ਫ਼ੋਕਸ ਸੜਕ 'ਤੇ ਹੋਵੇ ਇਨ੍ਹਾਂ ਉਪਰ 24 ਘੰਟੇ ਹਰ ਮੌਸਮ ਵਿਚ ਚਲਣ ਵਾਲੇ ਸ਼ਕਤੀਸ਼ਾਲੀ ਸੀ.ਸੀ.ਟੀ.ਵੀ ਕੈਮਰੇ ਲਾਏ ਜਾਣੇ ਹਨ।

ਇਸ ਤੋਂ ਇਲਾਵਾ ਬਾਥਰੂਮ ਤੇ ਪੌੜੀਆਂ ਦੇ ਨੇੜੇ, ਮਿਡ ਡੇ ਮੀਲ ਖਾਣਾ ਬਣਾਉਣ ਵਾਲੇ ਸਥਾਨ ਤੇ ਸਕੂਲ ਦੀ ਇਕਾਂਤ ਥਾਂ ਜਿਥੇ ਅਧਿਆਪਕਾਂ ਦੀ ਆਵਾਜਾਈ ਘੱਟ ਹੋਵੇ। ਇਹ ਕੈਮਰੇ ਲਾਉਣ ਦੀ ਹਦਾਇਤ ਕੀਤੀ ਗਈ ਹੈ। ਇਕ ਸਕੂਲ ਵਿਚ 4 ਤੋਂ 10 ਕੈਮਰੇ ਲੱਗਣਗੇ ਅਤੇ ਵਿਦਿਆਰਥੀਆਂ ਦੀ ਗਿਣਤੀ ਦੇ ਹਿਸਾਬ ਨਾਲ ਪ੍ਰਤੀ ਸਕੂਲ 30 ਹਜ਼ਾਰ ਰੁਪਏ ਦੀ ਰਾਸ਼ੀ ਦਿਤੀ ਜਾ ਰਹੀ ਹੈ।