Punjab Budget:ਵਿੱਤ ਮੰਤਰੀ ਨੇ ਲਾਈ ਸੁਗਾਤਾਂ ਦੀ ਝੜੀ, ਹਰ ਵਰਗ ਨੂੰ ਖੁਸ਼ ਕਰਨ ਦੀ ਕੋਸ਼ਿਸ਼
ਕਿਸਾਨਾਂ, ਔਰਤਾਂ, ਮਜ਼ਦੂਰਾਂ, ਬਜ਼ੁਰਗਾਂ, ਦੁਕਾਨਦਾਰਾਂ ਲਈ ਸਹੂਲਤਾਂ ਦੇ ਛੋਟਾਂ ਦਾ ਐਲਾਨ
ਚੰਡੀਗੜ੍ਹ : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਵਿਧਾਨ ਸਭਾ ਵਿਚ ਆਪਣੀ ਸਰਕਾਰ ਦਾ ਆਖਰੀ ਬਜਟ ਪੇਸ਼ ਕਰ ਦਿੱਤਾ ਹੈ। ਜਿਵੇਂ ਕਿ ਪਹਿਲਾਂ ਹੀ ਉਮੀਦ ਕੀਤੀ ਜਾ ਰਹੀ ਸੀ, ਸਰਕਾਰ ਨੇ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕੀਤੀ ਹੈ। ਬਜਟ ਵਿਚ ਔਰਤਾਂ ਨੂੰ ਮੁਫਤ ਬੱਸ ਸਹੂਲਤ ਦਾ ਐਲਾਨ ਕੀਤਾ ਗਿਆ ਹੈ, ਜਦਕਿ ਬਜ਼ੁਰਗਾਂ ਦੀ ਪੈਨਸ਼ਨ 750 ਤੋਂ ਵਧਾ ਕੇ 1500 ਰੁਪਏ ਕਰ ਦਿੱਤੀ ਹੈ। ਇਸੇ ਤਰ੍ਹਾਂ ਕਿਸਾਨਾਂ ਅਤੇ ਮਜ਼ਦੂਰਾਂ ਦੀ ਕਰਜ਼ ਮੁਆਫੀ ਲਈ ਵੀ ਰਕਮ ਰੱਖੀ ਗਈ ਹੈ। ਦੁਕਾਨਦਾਰਾਂ ਨੂੰ ਦੁਕਾਨਾਂ 24 ਘੰਟੇ ਖੋਲ੍ਹਣ ਦੀ ਇਜਾਜ਼ਤ ਦੇ ਕੇ ਕਾਰੋਬਾਰੀ ਘਾਟੇ ਨੂੰ ਸਹੀ ਕਰਨ ਦਾ ਮੌਕਾ ਦਿੱਤਾ ਗਿਆ ਹੈ।
ਭਾਵੇਂ ਸਰਕਾਰ ਦਾ ਆਖਰੀ ਬਜਟ ਹੋਣ ਕਾਰਨ ਇਸ ਨੂੰ ਲੋਕਾਂ ਨੂੰ ਲਭਾਉਣ ਲਈ ਚੁਕਿਆ ਗਿਆ ਕਦਮ ਮੰਨਿਆ ਜਾ ਰਿਹਾ ਹੈ ਪਰ ਸਰਕਾਰ ਵੱਲੋਂ ਕੀਤੇ ਗਏ ਐਲਾਨਾਂ ਦਾ ਆਮ ਲੋਕਾਂ ਨੂੰ ਲਾਭ ਮਿਲਣਾ ਸੁਭਾਵਿਕ ਹੈ। ਕਿਸਾਨਾਂ ਨੂੰ ਰਾਹਤ ਦੇਣ ਲੀ ਸਰਕਾਰ ਨੇ 1.13 ਲੱਖ ਕਿਸਾਨਾਂ ਦਾ 186 ਕਰੋੜ ਦਾ ਕਰਜ਼ਾ ਮੁਆਫ ਕਰਨ ਦੀ ਗੱਲ ਕਹੀ ਹੈ। ਬੇਜ਼ਮੀਨੇ ਕਿਸਾਨਾਂ ਨੂੰ ਰਾਹਤ ਦਿੰਦਿਆਂ ਸਰਕਾਰ ਨੇ ਉਨ੍ਹਾਂ ਦੀ ਕਰਜ਼ ਮੁਆਫੀ ਲਈ 526 ਕਰੋੜ ਰੁਪਏ ਰੱਖੇ ਹਨ। ਕਿਸਾਨਾਂ ਲਈ ਭਲਾਈ ਲਈ ਸਰਕਾਰ ਨੇ ‘ਕਾਮਯਾਬ ਕਿਸਾਨ, ਖੁਸ਼ਹਾਲ ਪੰਜਾਬ’ ਯੋਜਨਾ ਦੀ ਸ਼ੁਰੂਆਤ ਕੀਤੀ ਹੈ।
ਇਸ ਦੇ ਤਹਿਤ ਫਾਜ਼ਿਲਕਾ ਵਿਚ ਸਬਜ਼ੀਆਂ ਲਈ ਸੈਂਟਰ ਆਫ਼ ਐਕਸੀਲੈਂਸ, ਅੰਮ੍ਰਿਤਸਰ ਵਿਚ ਪੋਸਟ ਗ੍ਰੈਜੂਏਟ ਇੰਸਟੀਚਿਊਟ ਫਾਰ ਬਾਗਬਾਨੀ ਖੋਜ ਤੇ ਮੋਬਾਈਲ ਵੈਂਡਿੰਗ ਕਾਰਟ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ। ਕਿਸਾਨਾਂ ਨੂੰ ਮੁਫਤ ਬਿਜਲੀ ਦੀ ਮਿਲ ਰਹੀ ਸਹੂਲਤ ਲਈ ਸਬਸਿਡੀ ਵਜੋਂ 7,180 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਇਸ ਲਈ ਤਿੰਨ ਸਾਲਾਂ ਵਿਚ 3780 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। 2021-22 ਦੇ ਬਜਟ ਵਿਚ 1,104 ਕਰੋੜ ਰੁਪਏ ਅਲਾਟ ਕੀਤੇ ਗਏ।
ਅੱਜ ਔਰਤ ਦਿਵਸ ਮੌਕੇ ਔਰਤਾਂ ਨੂੰ ਵੱਡਾ ਤੋਹਫਾ ਦਿੰਦਿਆਂ ਸਰਕਾਰ ਨੇ ਔਰਤਾਂ ਲਈ ਮੁਫਤ ਬੱਸ ਯਾਤਰਾ ਦਾ ਐਲਾਨ ਕੀਤਾ ਹੈ। ਇਸ ਤਹਿਤ ਔਰਤਾਂ ਸੂਬੇ ਦੀਆਂ ਸਰਕਾਰੀ ਬੱਸਾਂ ਵਿਚ ਮੁਫਤ ਸਫਰ ਕਰ ਸਕਣਗੀਆਂ। ਸਰਕਾਰੀ ਕਰਮਚਾਰੀਆਂ ਦੀ ਮੰਗ ਨੂੰ ਮੰਨਦਿਆਂ ਸਰਕਾਰ ਨੇ 1 ਜੁਲਾਈ ਤੋਂ ਛੇਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਦਾ ਐਲਾਨ ਕੀਤਾ ਹੈ। ਸਿਹਤ ਸਹੂਲਤਾਂ ਦੀ ਬਿਹਤਰੀ ਲਈ ਪੰਜਾਬ ਅੰਦਰ ਦੋ ਨਵੇਂ ਮੈਡੀਕਲ ਕਾਲਜ ਅਤੇ ਹਸਪਤਾਲ ਖੋਲ੍ਹੇ ਜਾਣਗੇ। ਕਪੂਰਥਲਾ ਅਤੇ ਹੁਸ਼ਿਆਰਪੁਰ ਵਿਚ ਬਣਨ ਵਾਲੀਆਂ ਇਨ੍ਹਾਂ ਦੋਵੇਂ ਸੰਸਥਾਨਾਂ 'ਤੇ 650 ਕਰੋੜ ਖਰਚੇ ਜਾਣਗੇ।
ਇਸੇ ਤਰ੍ਹਾਂ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਦੇ ਨਵੀਨੀਕਰਨ ਲਈ 92 ਕਰੋੜ ਰੱਖੇ ਗਏ ਹਨ। ਵਿਦਿਆਰਥੀਆਂ ਨੂੰ ਸਮਾਰਟਫੋਨ ਵਾਲੀ ਸਕੀਮ ਲਈ 100 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਇਸੇ ਤਰ੍ਹਾਂ ਬੁਢਾਪਾ ਪੈਨਸ਼ਨ ਨੂੰ 750 ਤੋਂ ਵਧਾ ਕੇ 1500 ਰੁਪਏ ਕਰ ਦਿੱਤਾ ਗਿਆ ਹੈ। ਆਜ਼ਾਦੀ ਘੁਲਾਟੀਆਂ ਨੂੰ ਪੈਨਸ਼ਨ 7500 ਤੋਂ ਵਧਾ ਕੇ 9400 ਰੁਪਏ ਕੀਤਾ ਗਿਆ ਹੈ। ਔਰਤਾਂ ਨੂੰ ਮਿਲਦੀ ਅਸ਼ੀਰਵਾਦ ਸਕੀਮ ਦੀ ਰਕਮ ਨੂੰ ਵੀ 21 ਹਜ਼ਾਰ ਤੋਂ ਵਧਾ ਕੇ 51 ਹਜ਼ਾਰ ਕਰ ਦਿੱਤਾ ਗਿਆ ਹੈ। ਵਿੱਤ ਮੰਤਰੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ 2015-2021 ਦੇ ਸਮੇਂ ਦੌਰਾਨ ਪੰਜਾਬ ਦੀ ਆਪਣੇ ਵਸੀਲਿਆਂ ਤੋਂ ਆਮਦਨੀ ਔਸਤਨ 61 ਫੀਸਦੀ ਰਹੀ ਹੈ ਜਦੋਂ ਕਿ 39 ਫੀਸਦੀ ਔਸਤਨ ਫੰਡ ਕੇਂਦਰ ਤੋਂ ਪ੍ਰਾਪਤ ਹੋਏ ਹਨ। ਇਸ ਅਰਸੇ ਦੌਰਾਨ ਆਮਦਨ ਪ੍ਰਾਪਤੀ ਦਾ ਕਰੀਬ 80 ਫੀਸਦ ਪੱਕੇ ਖ਼ਰਚਿਆਂ ਵਿਚ ਚਲਾ ਗਿਆ ਹੈ। ਵਿੱਤ ਮੰਤਰੀ ਮੁਤਾਬਕ ਪੰਜਾਬ ਦਾ ਕਰਜ਼ਾ 2,73,730 ਕਰੋੜ ਰੁਪਏ ਹੋ ਗਿਆ ਹੈ ਜਦਕਿ ਪੇਸ਼ ਕੀਤੇ ਗਏ ਬਜਟ 2021-22 ਦਾ ਆਕਾਰ 1,38,015 ਕਰੋੜ ਰੁਪਏ ਹੈ।