ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਗੋਲੀ ਮਾਰਨ ਦੇ ਬਿਆਨ 'ਚ ਬੁਰੀ ਤਰ੍ਹਾਂ ਘਿਰੇ ਸਾਬਕਾ ਅਕਾਲੀ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਣੀਕੇ ਅਤੇ ਮਲੂਕਾ ਨੇ ਦੋਸ਼ੀਆਂ ਨੂੰ ਚੌਕ 'ਚ ਗੋਲੀ ਮਾਰਨ ਦੀ ਕੀਤੀ ਵਕਾਲਤ

Gulzar Singh Ranike

ਕੋਟਕਪੂਰਾ : ਭਾਵੇਂ ਬੇਅਦਬੀ ਅਤੇ ਗੋਲੀਕਾਂਡ ਦੀਆਂ ਵਾਪਰੀਆਂ ਦੁਖਦਾਇਕ ਘਟਨਾਵਾਂ ਦਾ ਸੇਕ ਅਕਾਲੀ ਦਲ ਬਾਦਲ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਬੁਰੀ ਤਰ੍ਹਾਂ ਲੱਗਾ ਅਤੇ ਆਸ ਮੁਤਾਬਕ ਲੋਕ ਸਭਾ ਚੋਣਾਂ 'ਚ ਵੀ ਉਕਤ ਸੇਕ ਲੱਗਣ ਦੀਆਂ ਕਿਆਸ ਅਰਾਈਆਂ ਲੱਗ ਰਹੀਆਂ ਸਨ। ਇਸੇ ਲੜੀ ਤਹਿਤ ਅਕਾਲੀ ਦਲ ਬਾਦਲ ਦੇ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਐਲਾਨੇ ਗਏ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਦੀ ਪਹਿਲੀ ਪ੍ਰੈਸ ਕਾਨਫ਼ਰੰਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ 'ਚ ਕੀਤੀ ਬਿਆਨਬਾਜ਼ੀ ਵੀ ਅਕਾਲੀ ਦਲ ਲਈ ਪੁੱਠੀ ਪੈਂਦੀ ਪ੍ਰਤੀਤ ਹੋ ਰਹੀ ਹੈ।

ਇਕ ਸਵਾਲ ਦੇ ਜਵਾਬ 'ਚ ਗੁਲਜ਼ਾਰ ਸਿੰਘ ਰਣੀਕੇ ਅਤੇ ਸਿਕੰਦਰ ਸਿੰਘ ਮਲੂਕਾ ਨੇ ਐਸਆਈਟੀ ਦੇ ਪ੍ਰਮੁੱਖ ਮੈਂਬਰ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਵਿਰੁਧ ਨਜ਼ਲਾ ਝਾੜਦਿਆਂ ਇਥੋਂ ਤਕ ਆਖ ਦਿਤਾ ਕਿ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਚੌਕ 'ਚ ਖੜਾ ਕਰ ਕੇ ਗੋਲੀ ਮਾਰ ਦੇਣੀ ਚਾਹੀਦੀ ਹੈ। ਉਨ੍ਹਾਂ 'ਸਿੱਟ' ਦੇ ਪੱਖਪਾਤੀ ਰਵਈਏ ਦੀ ਵੀ ਨੁਕਤਾਚੀਨੀ ਕੀਤੀ। ਰਣੀਕੇ ਅਤੇ ਮਲੂਕਾ ਦੇ ਸੋਸ਼ਲ ਮੀਡੀਏ ਰਾਹੀਂ ਜਨਤਕ ਹੋਏ ਬਿਆਨ ਨੇ ਪੀੜਤ ਪਰਵਾਰਾਂ ਦੇ ਜ਼ਖ਼ਮਾਂ 'ਤੇ ਮੱਲਮ ਲਾਉਣ ਦੀ ਬਜਾਇ ਨਮਕ ਛਿੜਕਣ ਦਾ ਕੰਮ ਕੀਤਾ ਹੈ।

ਬੇਅਦਬੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆਂ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਕਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦੇ ਬੇਟੇ ਸੁਖਰਾਜ ਸਿੰਘ ਨੇ ਰਣੀਕੇ ਅਤੇ ਮਲੂਕੇ ਨੂੰ ਪੁਛਿਆ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਚੋਰੀ ਕਰਨ ਅਤੇ ਪਾਵਨ ਸਰੂਪ ਬਰਗਾੜੀ ਵਿਖੇ ਹੀ ਹੋਣ ਦਾ ਦਾਅਵਾ ਕਰਦਿਆਂ ਡੇਰਾ ਪ੍ਰੇਮੀਆਂ ਨੇ ਬਕਾਇਦਾ ਹੱਥ ਲਿਖਤ ਪੋਸਟਰ ਲਾਏ ਸਨ ਤਾਂ ਪੰਜਾਬ 'ਚ ਅਕਾਲੀਆਂ ਦੀ ਸਰਕਾਰ ਹੋਣ ਦੇ ਬਾਵਜੂਦ ਅਕਾਲੀ ਦਲ ਦੀ ਪੁਲਿਸ ਨੇ ਕਿਸੇ ਵੀ ਡੇਰਾ ਪ੍ਰੇਮੀ ਨੂੰ ਜਾਂਚ 'ਚ ਸ਼ਾਮਲ ਹੋਣ ਲਈ ਜਾਂ ਪੁਛਗਿਛ ਕਰਨ ਵਾਸਤੇ ਕਿਉਂ ਸੱਦਿਆ?

ਹੁਣ ਜਦੋਂ ਡੇਰਾ ਪ੍ਰੇਮੀਆਂ ਨੇ ਪਾਵਨ ਸਰੂਪ ਚੋਰੀ ਕਰਨ, ਭੜਕਾਊ ਪੋਸਟਰ ਲਾਉਣ ਅਤੇ ਬੇਅਦਬੀ ਕਾਂਡ ਨੂੰ ਅੰਜਾਮ ਦੇਣ ਦੀ ਗੱਲ ਅਦਾਲਤ 'ਚ ਇਕਬਾਲੀਆ ਬਿਆਨ ਦਰਜ ਕਰਾਉਂਦਿਆਂ ਪ੍ਰਵਾਨ ਕਰ ਲਈ ਹੈ ਤਾਂ ਕਿਸੇ ਵੀ ਅਕਾਲੀ ਆਗੂ ਨੇ ਡੇਰਾ ਪ੍ਰੇਮੀਆਂ ਵਿਰੁਧ ਬਿਆਨ ਜਾਰੀ ਕਰਨ ਦੀ ਜ਼ਰੂਰਤ ਕਿਉਂ ਨਾ ਸਮਝੀ? ਜੇਕਰ ਅਕਾਲੀਆਂ ਨੂੰ ਜਸਟਿਸ ਰਣਜੀਤ ਸਿੰਘ, ਜਸਟਿਸ ਮਾਰਕੰਡੇ ਕਾਟਜੂ ਅਤੇ ਐਸਆਈਟੀ ਦੀਆਂ ਜਾਂਚ ਰੀਪੋਰਟਾਂ ਉਪਰ ਭਰੋਸਾ ਨਹੀਂ ਤਾਂ ਉਨ੍ਹਾਂ ਬਾਦਲ ਸਰਕਾਰ ਵਲੋਂ ਗਠਤ ਕੀਤੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਜਾਂਚ ਰੀਪੋਰਟ ਨੂੰ ਲਾਗੂ ਕਿਉਂ ਨਾ ਕੀਤਾ? ਸੁਖਰਾਜ ਸਿੰਘ ਨੇ ਦੋਸ਼ ਲਾਇਆ ਕਿ ਜੇਕਰ ਬੇਅਦਬੀ ਕਾਂਡ ਦੇ ਮੁੱਦੇ 'ਤੇ ਅਕਾਲੀ ਆਗੂ ਇਮਾਨਦਾਰ ਹੁੰਦੇ ਤਾਂ ਉਹ ਕੁੰਵਰਵਿਜੈ ਪ੍ਰਤਾਪ ਸਿੰਘ ਦਾ ਵਿਰੋਧ ਕਰਨ ਦੀ ਬਜਾਇ ਸਗੋਂ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਦੇ।