ਡੀਜੀਪੀ ਨੂੰ ਬਦਲਾਉਣ ਲਈ ਖਹਿਰਾ ਵਲੋਂ ਚੋਣ ਕਮਿਸ਼ਨ ਨੂੰ ਮਿਲਣ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਿਨਕਰ ਗੁਪਤਾ ਦੀ ਅਗਵਾਈ ਹੇਠ ਪੰਜਾਬ 'ਚ ਭੈਅ-ਰਹਿਤ ਨਹੀਂ ਹੋ ਸਕਦੀਆਂ ਚੋਣਾਂ 

Sukhpal Singh Khaira

ਬਠਿੰਡਾ : ਪੰਜਾਬ ਏਕਤਾ ਪਾਰਟੀ ਦੇ ਆਗੂ ਅਤੇ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਪੁਲਿਸ ਦੇ ਮੁਖੀ ਦਿਨਕਰ ਗੁਪਤਾ ਨੂੰ ਸੂਬੇ ਤੋਂ ਬਾਹਰ ਬਦਲਾਉਣ ਲਈ ਭਲਕੇ ਚੋਣ ਕਮਿਸ਼ਨ ਨੂੰ ਮਿਲਣ ਦਾ ਐਲਾਨ ਕੀਤਾ ਹੈ। ਅੱਜ ਸਥਾਨਕ ਪ੍ਰੈਸ ਕਲੱਬ 'ਚ ਪੱਤਰਕਾਰਾਂ ਨਾਲ ਕਰਦੇ ਹੋਏ ਸ: ਖਹਿਰਾ ਨੇ ਦਾਅਵਾ ਕੀਤਾ ਕਿ ਸ੍ਰੀ ਗੁਪਤਾ ਮੁੱਖ ਮੰਤਰੀ ਦੇ ਨਜ਼ਦੀਕੀ ਹਨ ਜਿਸ ਦੇ ਚਲਦੇ ਅਜਿਹੇ ਮਾਹੌਲ 'ਚ ਪੰਜਾਬ ਵਿਚ ਭੈਅ-ਰਹਿਣ ਤੇ ਨਿਰਪੱਖਤਾ ਨਾਲ ਵੋਟਾਂ ਨਹੀਂ ਹੋ ਸਕਦੀਆਂ।

ਪਿਛਲੇ ਦਿਨੀਂ ਪੰਜਾਬ ਪੁਲਿਸ ਦੀ ਇਕ ਟੀਮ ਵਲੋਂ ਜਲੰਧਰ ਦੇ ਇਕ ਪਾਦਰੀ ਕੋਲੋਂ ਬਰਾਮਦ ਧਨ ਰਾਸ਼ੀ ਵਿਚੋਂ ਕਰੀਬ ਸੱਤ ਕਰੋੜ ਛੁਪਾਉਣ ਦੇ ਮਾਮਲੇ 'ਚ ਪੁਲਿਸ ਦੇ ਨਾਲ-ਨਾਲ ਸਰਕਾਰ 'ਤੇ ਉਂਗਲ ਚੁਕਦਿਆਂ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਥਿਤੀ ਸਾਫ਼ ਕਰਨ ਲਈ ਕਿਹਾ ਹੈ। ਖਹਿਰਾ ਨੇ ਦੋਸ਼ ਲਗਾਇਆ ਕਿ ਪੰਜਾਬ ਪੁਲਿਸ ਦੀ ਇਹ ਕਾਰਵਾਈ ਬਹੁਤ ਸ਼ੱਕੀ ਹੈ, ਕਿਉਂਕਿ ਖੰਨਾ ਪੁਲਿਸ ਦੀ ਜਿਸ ਟੀਮ ਨੇ ਇਹ ਕਾਰਵਾਈ ਕੀਤੀ, ਉਸ ਵਿਚ ਸ਼ਾਮਲ ਚਾਰ ਅਧਿਕਾਰੀਆਂ ਨੂੰ ਤਿੰਨ ਦਿਨ ਪਹਿਲਾਂ ਡੀਜੀਪੀ ਵਲੋਂ ਇਕ ਵਿਸ਼ੇਸ਼ ਹੁਕਮ ਜਾਰੀ ਕਰ ਕੇ ਖੰਨਾ ਤੈਨਾਤ ਕੀਤਾ ਸੀ। ਇਸ ਤੋਂ ਇਲਾਵਾ ਆਰਥਕ ਅਪਰਾਧ ਦੇ ਮਾਮਲੇ 'ਚ ਕਾਰਵਾਈ ਕਰਨ ਲਈ ਆਮਦਨ ਕਰ ਵਿਭਾਗ ਤੇ ਇੰਨਫ਼ੋਰਸਮੈਂਟ ਡਾਇਰੈਕਟੋਰੇਟ ਵਰਗੇ ਵਿਭਾਗਾਂ ਨੂੰ ਬਿਨਾਂ ਸੂਚਿਤ ਕੀਤੀ ਗਈ ਇਹ ਕਾਰਵਾਈ ਕੀਤੀ ਗਈ ਹੈ। 

ਇਸ ਮੌਕੇ ਖਹਿਰਾ ਨੇ ਐਲਾਨ ਕੀਤਾ ਕਿ ਜੇਕਰ 2022 ਵਿਚ ਉਨ੍ਹਾਂ ਦੀ ਸਰਕਾਰ ਆਉਂਦੀ ਹੈ ਤਾਂ ਪੰਜਾਬ ਦੇ ਕੁੱਝ ਉਦਯੋਗਾਂ 'ਤੇ ਕਾਬਜ਼ ਸਿਆਸੀ ਪ੍ਰਵਾਰਾਂ ਕੋਲੋਂ ਇਹ ਬਿਜਨਿਸ ਲੈ ਕੇ ਉਸਦਾ ਰਾਸ਼ਟਰੀਕਰਨ ਕੀਤਾ ਜਾਵੇਗਾ। ਉਨ੍ਹਾਂ ਇਸ ਮੌਕੇ ਚੋਣ ਮਨੋਰਥ ਪੱਤਰ ਨੂੰ ਸਾਬਕਾ ਮੁੱਖ ਮੰਤਰੀ ਸ: ਬਾਦਲ ਵਲੋਂ ਕਾਨੂੰਨੀ ਦਸਤਾਵੇਜ਼ ਬਣਾਉਣ ਬਾਰੇ ਦਿਤੇ ਬਿਆਨ 'ਤੇ ਸਵਾਲ ਖੜੇ ਕਰਦਿਆਂ ਕਿਹਾ,''ਇਹ ਉਨ੍ਹਾਂ ਨੂੰ ਪੰਜ ਵਾਰ ਮੁੱਖ ਮੰਤਰੀ ਰਹਿਣ ਤੋਂ ਬਾਅਦ ਕਿਉਂ ਯਾਦ ਆਇਆ ਹੈ, ਉਨ੍ਹਾਂ ਅਪਣੇ ਕਾਰਜਕਾਲ ਦੌਰਾਨ ਇਹ ਕੰਮ ਕਿਉਂ ਨਹੀਂ ਕੀਤਾ?'' ਇਸ ਤੋਂ ਇਲਾਵਾ ਖਹਿਰਾ ਨੇ ਸਾਬਕਾ ਵਿਧਾਇਕਾਂ ਨੂੰ ਮਿਲਦੀਆਂ ਲੱਖਾਂ ਦੀਆਂ ਪੈਨਸ਼ਨਾਂ ਬਾਰੇ ਵੀ ਪੰਜਾਬ ਦੀ ਹਾਲਾਤ ਦੇਖਦਿਆਂ ਸਿਰਫ਼ ਇਕ ਪੈਨਸ਼ਨ ਦੇਣ ਲਈ ਕਿਹਾ ਹੈ।

ਉਨ੍ਹਾਂ ਪਟਿਆਲਾ ਦੇ ਐਮ.ਪੀ ਡਾ. ਗਾਂਧੀ ਦੁਆਰਾ ਰਾਜਪੁਰਾ-ਚੰਡੀਗੜ੍ਹ ਰੇਲ ਲਿੰਕ ਮਨਜ਼ੂਰ ਕਰਵਾਉਣ ਦੇ ਬਾਵਜੂਦ ਕੈਪਟਨ ਸਰਕਾਰ ਵਲੋਂ ਸਹਿਯੋਗ ਨਾ ਕਰਨ ਦੇ ਦੋਸ਼ ਵੀ ਲਗਾਏ। ਉਨ੍ਹਾਂ ਏਮਜ਼ ਦਾ ਵਿਰੋਧ ਕਰਨ ਦੇ ਮੁੱਦੇ 'ਤੇ ਵੀ ਸਫ਼ਾਈ ਦਿਤੀ। ਇਸ ਤੋਂ ਇਲਾਵਾ ਬਠਿੰਡਾ ਦਾ ਕਚਰਾ ਪਲਾਟ ਨੂੰ ਵੀ ਤੁਰਤ ਤਬਦੀਲ ਕਰਨ ਲਈ ਕਿਹਾ। ਇਸ ਮੌਕੇ ਉਨ੍ਹਾਂ ਨਾਲ ਜੈਤੋ ਤੋਂ ਵਿਧਾਇਕ ਬਲਦੇਵ ਸਿੰਘ, ਮੋੜ ਤੋਂ ਜਗਦੇਵ ਸਿੰਘ ਕਮਾਲੂ, ਭਦੋੜ ਤੋਂ ਪਿਰਮਿਲ ਸਿੰਘ, ਰਾਮਪੁਰਾ ਤੋਂ ਆਪ ਆਗੂ ਮਨਜੀਤ ਸਿੰਘ ਬਿੱਟੀ, ਬਠਿੰਡਾ ਤੋਂ ਦੀਪਕ ਬਾਂਸਲ, ਸਾਬਕਾ ਮੈਨੇਜਰ ਨੰਦ ਸਿੰਘ ਆਦਿ ਹਾਜ਼ਰ ਸਨ। 

ਆਪ ਵਲੋਂ ਕਾਂਗਰਸ ਨਾਲ ਗਠਜੋੜ ਦੀ ਸੂਰਤ 'ਚ ਵਰਕਰ ਉਨ੍ਹਾਂ ਨਾਲ ਆ ਜਾਣ : ਪੰਜਾਬ ਏਕਤਾ ਪਾਰਟੀ ਬਣਾਉਣ ਵਾਲੇ ਸੁਖਪਾਲ ਸਿੰਘ ਖ਼ਹਿਰਾ ਨੇ ਆਪ ਤੇ ਕਾਂਗਰਸ ਵਿਚਕਾਰ ਚਲ ਰਹੀਆਂ ਚੋਣ ਗਠਜੋੜ ਦੀਆਂ ਤਿਆਰੀ ਸਬੰਧੀ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਉਸ ਦੇ ਕਫ਼ਨ 'ਚ ਆਖ਼ਰੀ ਕਿੱਲ ਹੋਵੇਗਾ। ਉਨ੍ਹਾਂ ਅਜਿਹਾ ਹੋਣ 'ਤੇ ਆਪ ਦੇ ਵਿਧਾਇਕਾਂ ਤੇ ਵਲੰਟੀਅਰਾਂ ਨੂੰ ਅਪਣੈ ਨਾਲ ਆਉਣ ਦਾ ਵੀ ਸੱਦਾ ਦਿਤਾ। 

ਆਪ ਆਗੂ ਮਨਜੀਤ ਬਿੱਟੀ ਵੀ ਖਹਿਰਾ ਨਾਲ ਤੁਰਿਆ : ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਹੱਥੋਂ ਥੋੜ੍ਹੀਆਂ ਵੋਟਾਂ ਨਾਲ ਹਾਰਨ ਵਾਲੇ ਰਾਮਪੁਰਾ ਫੂਲ ਦੇ ਆਪ ਆਗੂ ਮਨਜੀਤ ਸਿੰਘ ਬਿੱਟੀ ਨੇ ਅੱਜ ਸੁਖਪਾਲ ਸਿੰਘ ਖਹਿਰਾ ਦਾ ਸਾਥ ਦੇਣ ਦਾ ਐਲਾਨ ਕੀਤਾ। ਉਹ ਮੌਜੂਦਾ ਸਮੇਂ ਆਪ ਦੇ ਹਲਕਾ ਇੰਚਾਰਜ ਅਤੇ ਜਨਰਲ ਸਕੱਤਰ ਵੀ ਸਨ।