ਹਰਸਿਮਰਤ ਰੈਲੀਆਂ ਦੀ ਬਜਾਏ ਮੇਰੇ ਨਾਲ ਕਰੇ ਜਨਤਕ ਬਹਿਸ, ਲੋਕ ਆਪੇ ਕਰਨਗੇ ਫ਼ੈਸਲਾ : ਖਹਿਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋੜ ਹੈ ਹੁਣ ਬਦਲਾਅ ਦੀ, ਅਕਾਲੀ ਦਲ (ਬ) ਤੇ ਕਾਂਗਰਸ ਪਾਰਟੀਆਂ ਨੂੰ ਭਜਾ ਦੇਣ ਦੀ, ਤਾਂ ਜੋ ਲੋਕਾਂ ਤੇ ਸੂਬੇ ਦੀਆਂ ਹੱਕੀ ਮੰਗਾਂ ਲਈ ਸੰਸਦ ਚ ਕੋਈ ਆਵਾਜ਼ ਉਠਾ ਸਕੇ: ਖਹਿਰਾ

Sukhpal Khaira

ਲੰਬੀ/ਮਲੋਟ: ਬਠਿੰਡਾ ਹਲਕੇ ਤੋਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵਲੋਂ ਐਲਾਨੇ ਗਏ ਉਮੀਦਵਾਰ ਸੁਖਪਾਲ ਖਹਿਰਾ ਨੇ ਐਤਵਾਰ ਨੂੰ ਲੰਬੀ ਹਲਕੇ ਵਿਚ ਅਪਣਾ ਚੋਣ ਪ੍ਰਚਾਰ ਦਾ ਬਿਗੁਲ ਵਜਾ ਦਿਤਾ। ਸੁਖਪਾਲ ਖਹਿਰਾ ਨੇ ਚੋਣ ਪ੍ਰਚਾਰ ਕਰਦੇ ਹੋਏ ਅਕਾਲੀ ਦਲ (ਬ) ਅਤੇ ਕਾਂਗਰਸ ਉਤੇ ਜੰਮ ਕੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਅੱਜ ਹਰ ਵਿਅਕਤੀ ਪੰਜਾਬ ਦੇ ਹਾਲਾਤਾਂ ਤੋਂ ਜਾਣੂ ਹੈ, ਆਰਥਿਕ ਤੰਗੀ ਦਾ ਸ਼ਿਕਾਰ ਕਿਸਾਨ ਅਪਣੇ ਬੱਚਿਆਂ ਦੀ ਪੜ੍ਹਾਈ, ਵਿਆਹ ਅਤੇ ਹੋਰ ਮੁੱਢਲੀਆਂ ਲੋੜਾਂ ਨੂੰ ਲੈ ਕੇ ਚਿੰਤਾ ਵਿਚ ਡੁੱਬਿਆ ਹੋਇਆ ਹੈ, ਪੰਜਾਬ ਦਾ ਹਰ ਵਰਗ ਪ੍ਰੇਸ਼ਾਨੀ ਵਿਚ ਹੈ।

ਖਹਿਰਾ ਨੇ ਕਿਹਾ ਕਿ ਦੇਸ਼ ਵਿਚ 16ਵੀਂ ਪਾਰਲੀਮੈਂਟ ਦੀ ਚੋਣ ਦਾ ਬਿਗੁਲ ਵੱਜ ਚੁੱਕਾ ਹੈ। ਇਸ ਪਾਸੇ ਸੂਬੇ ਅੰਦਰ ਅਕਾਲੀ ਦਲ ਬਾਦਲ ਹੈ ਅਤੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਹੈ, ਜਿੰਨ੍ਹਾਂ ਨੇ ਰਲ-ਮਿਲ ਕੇ ਪੰਜਾਬ ਨੂੰ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਰੇਤ ਮਾਫ਼ੀਆ ਬਾਦਲਾਂ ਦੀ ਸਰਪ੍ਰਸਤੀ ਹੇਠ ਪਲਦਾ ਸੀ ਜਦਕਿ ਹੁਣ ਕਾਂਗਰਸੀ ਆਗੂਆਂ ਦੀ ਸਰਪ੍ਰਸਤੀ ਹੇਠ ਇਹ ਧੰਦਾ ਚੱਲ ਰਿਹਾ ਹੈ।

ਇਸ ਲਈ ਲੋੜ ਹੈ ਹੁਣ ਬਦਲਾਅ ਦੀ, ਇਨ੍ਹਾਂ ਪਾਰਟੀਆਂ ਨੂੰ ਭਜਾ ਦੇਣ ਦੀ, ਤਾਂ ਜੋ ਪੰਜਾਬ ਦੇ ਲੋਕਾਂ ਅਤੇ ਸੂਬੇ ਦੀਆਂ ਹੱਕੀ ਮੰਗਾਂ ਲਈ ਦੇਸ਼ ਦੀ ਸੰਸਦ ਵਿਚ ਕੋਈ ਆਵਾਜ਼ ਉਠਾ ਸਕੇ। ਇਸ ਦੌਰਾਨ ਹਰਸਿਮਰਤ ਕੌਰ ਬਾਦਲ ਨੂੰ ਜਨਤਕ ਬਹਿਸ ਦੀ ਚੁਣੌਤੀ ਦਿੰਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ 10 ਸਾਲ ਸੁਖਬੀਰ ਬਾਦਲ ਨੇ ਪੰਜਾਬ ਦੀ ਲੁੱਟ ਕੀਤੀ ਹੈ, ਹੁਣ ਦੋ ਸਾਲਾਂ ਤੋਂ ਕਾਂਗਰਸ ਉਹੀ ਕਦਮਾਂ ਉਤੇ ਚੱਲ ਰਹੀ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇੱਛਾ ਸੀ ਕਿ ਉਹ ਹਰਸਿਮਰਤ ਕੌਰ ਬਾਦਲ ਅਤੇ ਮਨਪ੍ਰੀਤ ਸਿੰਘ ਬਾਦਲ ਦੇ ਮੁਕਾਬਲੇ ਚੋਣ ਲੜਨ ਅਤੇ ਬਜਾਏ ਰੈਲੀਆਂ ਅਤੇ ਫਜ਼ੂਲ ਖਰਚੇ ਦੇ ਉਨ੍ਹਾਂ ਨਾਲ ਜਨਤਕ ਬਹਿਸ ਕਰਨ। ਇਸ ਤੋਂ ਬਾਅਦ ਹੀ ਲੋਕ ਇਸ ਉਤੇ ਫ਼ੈਸਲਾ ਕਰਨ ਕਿ ਵੋਟ ਕਿਸ ਉਮੀਦਵਾਰ ਨੂੰ ਪਾਉਣੀ ਹੈ।

Related Stories