ਬਾਬਾ ਬਾਲਕ ਨਾਥ ਮੰਦਰ ਦੇ ਮੁੱਖ ਪੁਜਾਰੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਤ ਸਮੇਂ ਪੁਜਾਰੀ ਕੋਲ ਰੁਕੇ ਸ਼ਰਧਾਲੂਆਂ ਦੇ ਸ਼ੱਕ

Murder of Baba Balak Nath temple's head priest

ਕਰਤਾਰਪੁਰ (ਜਲੰਧਰ): ਜਲੰਧਰ ਜ਼ਿਲ੍ਹੇ ਦੇ ਕਸਬਾ ਕਰਤਾਰਪੁਰ ਵਿਚ ਸੋਮਵਾਰ ਸਵੇਰੇ ਬਾਬਾ ਬਾਲਕ ਨਾਥ ਮੰਦਰ ਦੇ ਮੁੱਖ ਪੁਜਾਰੀ ਦਾ ਕਿਸੇ ਨੇ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿਤਾ। ਹਮਲੇ ਤੋਂ ਬਾਅਦ ਜ਼ਖ਼ਮੀ ਪੁਜਾਰੀ ਨੂੰ ਪਰਵਾਰ ਮੈਂਬਰਾਂ ਨੇ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਨੇ ਦਮ ਤੋੜ ਦਿਤਾ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਮਾਮਲੇ ਦੀ ਜਾਂਚ-ਪੜਤਾਲ ਸ਼ੁਰੂ ਕਰ ਦਿਤੀ। ਦੂਜੇ ਪਾਸੇ ਨਾਲ ਹੀ ਇਸ ਘਟਨਾ ਤੋਂ ਬਾਅਦ ਸ਼ਰਧਾਲੂਆਂ ਵਿਚ ਖਾਸਾ ਰੋਸ ਵੇਖਣ ਨੂੰ ਮਿਲ ਰਿਹਾ ਹੈ।

ਘਟਨਾ ਸਵੇਰੇ ਲਗਭੱਗ 3 ਵਜੇ ਦੀ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਰਾਤ ਸਮੇਂ ਬਾਬਾ ਬਾਲਕ ਮੰਦਿਰ ਵਿਚ ਮੁੱਖ ਪੁਜਾਰੀ ਬਾਬਾ ਬਲਬੀਰ ਗਿਰੀ ਦੇ ਕੋਲ ਕੁਝ ਸ਼ਰਧਾਲੂ ਆ ਕੇ ਰੁਕੇ ਸਨ। ਸਵੇਰੇ ਅਚਾਨਕ ਬਾਬੇ ਦੀ ਚੀਕ ਸੁਣ ਕੇ ਪਰਵਾਰ ਦੇ ਮੈਂਬਰਾਂ ਦੀ ਨੀਂਦ ਖੁੱਲੀ। ਹਮਲਾਵਰ ਮੌਕੇ ਤੋਂ ਫ਼ਰਾਰ ਹੋ ਚੁੱਕੇ ਸਨ, ਉਥੇ ਹੀ ਹਫ਼ੜਾ-ਦਫ਼ੜੀ ਵਿਚ ਖ਼ੂਨ ਨਾਲ ਲਿਬੜੀ ਹਾਲਤ ਵਿਚ ਹਸਪਤਾਲ ਪਹੁੰਚਾਇਆ। ਉੱਥੇ ਡਾਕਟਰਾਂ ਨੇ ਬਾਬੇ ਨੂੰ ਮ੍ਰਿਤਕ ਐਲਾਨ ਕਰ ਦਿਤਾ।

ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਮਾਮਲੇ ਦੀ ਜਾਂਚ-ਪੜਤਾਲ ਸ਼ੁਰੂ ਕਰ ਦਿਤੀ ਹੈ। ਡੀਐਸਪੀ ਰਣਜੀਤ ਸਿੰਘ ਨੇ ਦੱਸਿਆ ਕਿ ਬਾਬਾ ਬਾਲਕ ਨਾਥ ਮੰਦਰ ਦੇ ਪੁਜਾਰੀ ਦੇ ਕਤਲ ਦੀ ਸੂਚਨਾ ਮਿਲੀ ਸੀ। ਉਸ ਤੋਂ ਬਾਅਦ ਉਹ ਤੁਰਤ ਅਪਣੀ ਟੀਮ ਦੇ ਨਾਲ ਮੌਕੇ ਉਤੇ ਪੁੱਜੇ। ਪਤਾ ਲੱਗਿਆ ਹੈ ਕਿ ਰਾਤ ਸਮੇਂ ਕੁਝ ਲੋਕ ਬਾਬੇ ਦੇ ਕੋਲ ਆ ਕੇ ਰੁਕੇ ਸਨ। ਸ਼ੱਕ ਹੈ ਕਿ ਇਨ੍ਹਾਂ ਵਿਚੋਂ ਕਿਸੇ ਨੇ ਵਾਰਦਾਤ ਨੂੰ ਅੰਜਾਮ ਦਿਤਾ ਹੈ।

ਫ਼ਿਲਹਾਲ ਸਾਰੇ ਮੁਲਜ਼ਮ ਫ਼ਰਾਰ ਹਨ, ਪਰ ਇਕ ਦੀ ਪਹਿਚਾਣ ਪੁਲਿਸ ਨੇ ਕਰ ਲਈ ਹੈ। ਵਿੱਕੀ ਨਾਮਕ ਇਹ ਨੌਜਵਾਨ ਜੰਮੂ-ਕਸ਼ਮੀਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਕਤਲ ਦੇ ਕਾਰਨਾਂ  ਦੇ ਬਾਰੇ ਵਿਚ ਹੁਣੇ ਕੁਝ ਕਹਿ ਪਾਉਣਾ ਔਖਾ ਹੈ। ਪੋਸਟਮਾਰਟਮ ਰਿਪੋਰਟ ਅਤੇ ਪੂਰੀ ਛਾਣਬੀਣ ਹੋਣ ਤੋਂ ਬਾਅਦ ਹੀ ਅਸਲ ਗੱਲ ਸਾਹਮਣੇ ਆ ਸਕੇਗੀ।