ਕੈਪਟਨ ਤੋਂ ਵਾਅਦੇ ਪੂਰੇ ਕਰਾਉਣੇ ਹਨ ਤਾਂ ਕਾਂਗਰਸ ਨੂੰ ਹਰਾ ਕੇ 'ਆਪ' ਨੂੰ ਜਿਤਾਓ : ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ - ਜੇ ਤੁਸੀਂ ਹੁਣ ਕੈਪਟਨ ਨੂੰ ਵੋਟਾਂ ਪਾਓਗੇ ਤਾਂ ਉਨ੍ਹਾਂ ਨੂੰ ਲੱਗੇਗਾ ਕਿ ਲੋਕ ਸਾਰੇ ਪੁਰਾਣੇ ਵਾਅਦੇ ਭੁੱਲ ਗਏ ਹਨ

Bhagwant Mann

ਚੰਡੀਗੜ੍ਹ : ਜੇ ਅਗਲੇ ਤਿੰਨ ਸਾਲਾਂ ਅੰਦਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੋਂ ਵਾਅਦੇ ਪੂਰੇ ਕਰਵਾਉਣੇ ਚਾਹੁੰਦੇ ਹਨ ਤਾਂ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਬੁਰੀ ਤਰ੍ਹਾਂ ਹਰਾਉਣਾ ਜ਼ਰੂਰੀ ਹੈ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬੀਆਂ ਦੇ ਨਾਂ ਲਿਖੇ ਇੱਕ ਪੱਤਰ ਰਾਹੀਂ ਕੀਤਾ।

ਭਗਵੰਤ ਮਾਨ ਨੇ ਦੱਸਿਆ ਕਿ ਉਹ ਪਹਿਲਾਂ ਇੱਕ ਮਸ਼ਹੂਰ ਕਲਾਕਾਰ ਸੀ ਅਤੇ ਇੱਕ ਸ਼ੋਅ ਕਰਨ ਦਾ ਲੱਖਾਂ ਰੁਪਏ ਲੈਂਦਾ ਸੀ। ਮੈਂ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਲਈ ਆਪਣਾ ਕੰਮ ਛੱਡ ਦਿੱਤਾ। ਮੈਂ ਕਦੇ-ਕਦਾਈਂ ਸ਼ਰਾਬ ਪੀਂਦਾ ਸੀ। ਇੱਕ ਦਿਨ ਮੇਰੀ ਮਾਂ ਨੇ ਮੈਨੂੰ ਕਿਹਾ-"ਜਨਤਾ ਦੀ ਸੇਵਾ ਕਰਨ ਵਿੱਚ ਸ਼ਰਾਬ ਰੁਕਾਵਟਾਂ ਪੈਦਾ ਕਰਦੀ ਹੈ, ਪੁੱਤ ਸ਼ਰਾਬ ਛੱਡਦੇ।" ਮੇਰੀ ਮਾਂ ਦੇ ਕਹਿਣ 'ਤੇ ਇਸੇ ਸਾਲ 1 ਜਨਵਰੀ ਤੋਂ ਮੈਂ ਹਮੇਸ਼ਾ ਲਈ ਸ਼ਰਾਬ ਪੀਣੀ ਛੱਡ ਦਿੱਤੀ। ਮੇਰੇ ਜੀਵਨ ਦਾ ਇੱਕ-ਇੱਕ ਮਿੰਟ ਵੀ ਹੁਣ ਪੰਜਾਬ ਦੇ ਲੋਕਾਂ ਲਈ ਸਮਰਪਿਤ ਹੈ।

ਭਗਵੰਤ ਮਾਨ ਨੇ ਚਿੱਠੀ 'ਚ ਲਿਖਿਆ ਕਿ ਵੋਟਾਂ ਤੋਂ ਪਹਿਲਾਂ ਕੈਪਟਨ ਸਾਹਿਬ ਨੇ ਬਹੁਤ ਵੱਡੇ-ਵੱਡੇ ਵਾਅਦੇ ਕੀਤੇ, ਪਰ ਕੋਈ ਵਾਅਦਾ ਵਫ਼ਾ ਨਹੀਂ ਹੋਇਆ, ਕਿਉਂਕਿ ਕੈਪਟਨ ਸਾਹਿਬ ਦੀ ਨੀਅਤ ਵਿੱਚ ਖੋਟ ਸੀ। ਕੀ ਤੁਹਾਡੇ ਘਰ ਵਿੱਚ ਕਿਸੇ ਨੂੰ ਨੌਕਰੀ ਮਿਲੀ? ਕੀ ਕਿਸੇ ਕਿਸਾਨ ਜਾਂ ਮਜ਼ਦੂਰ ਦਾ ਕਰਜ਼ਾ ਮੁਆਫ਼ ਹੋਇਆ? ਕੀ ਤੁਹਾਡੇ ਘਰ ਦੇ ਬਜ਼ੁਰਗਾਂ ਨੂੰ 2500 ਮਹੀਨਾ ਪੈਨਸ਼ਨ ਲੱਗੀ? ਕੀ ਤੁਹਾਡੇ ਘਰ ਵਿੱਚ ਕਿਸੇ ਨੂੰ ਸਮਾਰਟ ਫ਼ੋਨ ਮਿਲਿਆ? ਅਸਲੀਅਤ ਇਹ ਹੈ ਕਿ ਕਿਸੇ ਨੂੰ ਵੀ ਨਹੀਂ। ਕੈਪਟਨ ਸਾਹਿਬ ਨੇ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਕਿ ਉਹ 1 ਮਹੀਨੇ ਵਿੱਚ ਨਸ਼ਾ ਬੰਦ ਕਰ ਦੇਣਗੇ ਅਤੇ ਚਿੱਟੇ ਦੇ ਤਸਕਰਾਂ ਨੂੰ ਜੇਲਾਂ ਵਿਚ ਸੁੱਟਣਗੇ ਪਰ ਅਜਿਹਾ ਕੁੱਝ ਨਹੀਂ ਕੀਤਾ ਅਤੇ ਅੱਜ ਵੀ ਪੂਰੇ ਪੰਜਾਬ ਵਿੱਚ ਸ਼ਰੇਆਮ ਚਿੱਟਾ ਵਿਕ ਰਿਹਾ ਹੈ, ਜਿੰਨੇ ਵੀ ਵੱਡੇ-ਵੱਡੇ ਨਸ਼ਾ ਤਸਕਰ ਸ਼ਰੇਆਮ ਖੁੱਲ੍ਹੇ ਘੁੰਮ ਰਹੇ ਹਨ।

ਭਗਵੰਤ ਮਾਨ ਨੇ ਕਿਹਾ ਕਿ ਸੱਚ ਪੁੱਛੋ, ਕੁੱਝ ਵੀ ਨਹੀਂ ਬਦਲਿਆ, ਕੈਪਟਨ ਸਾਹਿਬ ਨੇ ਝੂਠ ਬੋਲ ਕੇ ਵੋਟਾਂ ਲਈਆਂ ਸਨ। ਜੇ ਤੁਸੀਂ ਹੁਣ ਵੀ ਕੈਪਟਨ ਸਾਹਿਬ ਨੂੰ ਵੋਟਾਂ ਪਾਓਗੇ ਤਾਂ ਉਨ੍ਹਾਂ ਨੂੰ ਲੱਗੇਗਾ ਕਿ ਲੋਕ ਸਾਰੇ ਪੁਰਾਣੇ ਵਾਅਦੇ ਭੁੱਲ ਗਏ ਹਨ। ਇਸ ਲਈ ਲੋਕਾਂ ਦੀ ਭਲਾਈ ਲਈ ਕੁੱਝ ਕਰਨ ਦੀ ਲੋੜ ਨਹੀਂ। ਇਸ ਲਈ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਂਗੇ ਤਾਂ ਉਨ੍ਹਾਂ ਨੂੰ ਸਬਕ ਮਿਲ ਜਾਵੇਗਾ ਕਿ ਲੋਕ ਕੈਪਟਨ ਸਰਕਾਰ ਤੋਂ ਬੁਰੀ ਤਰ੍ਹਾਂ ਨਾਰਾਜ਼ ਹਨ। ਹੋ ਸਕਦਾ ਉਹ ਕੁੱਝ ਵਾਅਦੇ ਪੂਰੇ ਕਰਨ ਲਈ ਮਜਬੂਰ ਹੋ ਜਾਣ। ਇਸ ਲਈ ਤੁਸੀਂ ਝਾੜੂ ਨੂੰ ਵੋਟ ਪਾਓ, ਮੇਰੀ ਪਾਰਟੀ ਨੂੰ ਵੋਟ ਦਿਓ। ਮੈਂ ਕੈਪਟਨ ਅਮਰਿੰਦਰ ਸਿੰਘ 'ਤੇ ਦਬਾਅ ਬਣਾ ਕੇ ਉਨ੍ਹਾਂ ਤੋਂ ਵਾਅਦੇ ਪੂਰੇ ਕਰਵਾਵਾਂਗਾ।