ਵੱਖ-ਵੱਖ ਮਾਮਲਿਆਂ 'ਚ ਦੋ ਰਿਸ਼ਵਤਖ਼ੋਰ ਅਧਿਕਾਰੀ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐਸ.ਡੀ.ਓ ਅਤੇ ਏ.ਐਸ.ਆਈ. ਨੂੰ ਰਿਸ਼ਵਤ ਲੈਦਿਆਂ ਰੰਗੇ ਹੱਥੀਂ ਕਾਬੂ ਕੀਤਾ

Bribe

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਰਿਸ਼ਵਤ ਦੇ ਦੋ ਵੱਖ-ਵੱਖ ਕੇਸਾਂ ਵਿਚ ਪੀ.ਐਸ.ਪੀ.ਸੀ.ਐਲ. ਸਬ ਡਵੀਜਨ ਬਡਾਲੀ ਆਲਾ ਸਿੰਘ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਤਾਇਨਾਤ ਐਸ.ਡੀ.ਓ ਸਰਵਨ ਸਿੰਘ ਅਤੇ ਪੁਲਿਸ ਥਾਣਾ ਫੋਕਲ ਪੁਆਇੰਟ ਲੁਧਿਆਣਾ ਵਿਖੇ ਤਾਇਨਾਤ ਏ.ਐਸ.ਆਈ. ਗੁਰਮੀਤ ਸਿੰਘ ਨੂੰ ਰਿਸ਼ਵਤ ਲੈਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।

ਇਸ ਸਬੰਧੀ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਐਸ.ਡੀ.ਓ. ਸਰਵਨ ਸਿੰਘ ਨੂੰ ਸ਼ਿਕਾਇਤਕਰਤਾ ਇੰਦਰਜੀਤ ਸਿੰਘ ਵਾਸੀ ਪਿੰਡ ਜਮੀਤਗੜ੍ਹ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੀ ਸ਼ਿਕਾਇਤ 'ਤੇ 8000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਸ ਦੇ ਪਿਤਾ ਦੇ ਦਿਹਾਂਤ ਤੋ ਬਾਅਦ ਟਿਊਬਵੈਲ ਦਾ ਕੁਨੈਕਸ਼ਨ ਉਸ ਦੇ ਨਾਮ 'ਤੇ ਕਰਨ ਬਦਲੇ ਉਕਤ ਐਸ.ਡੀ.ਓ 10,000 ਰੁਪਏ ਦੀ ਮੰਗ ਕਰ ਰਿਹਾ ਹੈ ਅਤੇ ਸੌਦਾ 8000 ਰੁਪਏ ਵਿਚ ਤੈਅ ਹੋਇਆ ਹੈ।

ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਐਸ.ਡੀ.ਓ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 87,000 ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚ ਲਿਆ। ਇਕ ਹੋਰ ਰਿਸ਼ਵਤ ਦੇ ਕੇਸ ਵਿਚ ਵਿਜੀਲੈਂਸ ਦੀ ਆਰਥਿਕ ਅਪਰਾਧ ਸ਼ਾਖਾ ਲੁਧਿਆਣਾ ਵਲੋਂ ਥਾਣਾ ਫੋਕਲ ਪੁਆਇੰਟ ਜ਼ਿਲ੍ਹਾ ਲੁਧਿਆਣਾ ਵਿਖੇ ਤਾਇਨਾਤ ਏ.ਐਸ.ਆਈ. ਗੁਰਮੀਤ ਸਿੰਘ ਨੂੰ 4500 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ।