ਗੁਰੂ ਨੇ ਸਾਡੀ ਮੱਤ ਮਾਰ ਦਿਤੀ ਹੈ ਕਿ ਅਸੀਂ ਇਕੱਠੇ ਹੋਣ ਲਈ ਤਿਆਰ ਹੀ ਨਹੀਂ : ਕਰਨੈਲ ਸਿੰਘ ਪੀਰ ਮੁਹੰਮਦ
ਅਕਾਲੀ ਦਲ ਨੂੰ ਛੱਡ ਕੇ ਆਏ ਕਰਨੈਲ ਸਿੰਘ ਪੀਰ ਮੁਹੰਮਦ ਨੇ ਕੀਤੀ ਖਾਸ ਗੱਲਬਾਤ
ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ 2 ਦਸੰਬਰ ਵਾਲੇ ਫੈਸਲੇ ਮੌਕੇ ਕਮੇਟੀ ਬਣਾਈ ਸੀ ਜੋ ਭਰਤੀ ਕਰ ਰਹੀ ਸੀ, ਪਰ ਉਸ ਨੂੰ ਅਕਾਲੀ ਦਲ ਮੰਨ ਹੀ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ‘ਸ੍ਰੀ ਅਕਾਲ ਤਖ਼ਤ ਸਾਹਿਬ ਸਾਡੇ ਲਈ ਸਰਬ ਉੱਚ ਹੈ’। ਉਨ੍ਹਾਂ ਇਹ ਵੀ ਕਿਹਾ ਹੈ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਸੌਦਾ ਸਾਧ ਨੂੰ ਮੁਆਫੀਆਂ ਦਿਤੀਆਂ ਹਨ ਤੇ ਉਥੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ।
"ਗੁਰੂ ਨੇ ਸਾਡੀ ਮੱਤ ਮਾਰ ਦਿੱਤੀ ਹੈ,' ਅਕਾਲੀ ਦਲ ਨੂੰ ਛੱਡ ਕੇ ਆਏ ਕਰਨੈਲ ਸਿੰਘ ਪੀਰ ਮੁਹੰਮਦ"ਗੁਰੂ ਨੇ ਸਾਡੀ ਮੱਤ ਮਾਰ ਦਿੱਤੀ ਹੈ,' ਅਕਾਲੀ ਦਲ ਨੂੰ ਛੱਡ ਕੇ ਆਏ ਕਰਨੈਲ ਸਿੰਘ ਪੀਰ ਮੁਹੰਮਦ ਨੇ ਕੀਤੇ ਮੀਟਿੰਗਾਂ ਦੇ ਖੁਲਾਸੇ ਕਰਨੈਲ ਸਿੰਘ ਪੀਰ ਮੁਹੰਮਦ ਦਾ ਵੱਡਾ ਦਾਅਵਾ ਕਾਂਗਰਸ ਨਾਲ ਨੇੜਤਾ ਦੀਆਂ ਕੋਸ਼ਿਸ਼ਾਂ ਚ ਅਕਾਲੀ ਦਲ, ਸਮਾਂ ਆਉਣ ਤੇ ਸਬੂਤ ਜਨਤਕ ਕਰਨ ਦਾ ਕੀਤਾ ਐਲਾਨ
Posted by Rozana Spokesman on Tuesday, April 8, 2025
ਰੋਜ਼ਾਨਾ ਸਪੋਕਸਮੈਨ ਟੀ.ਵੀ. ਨੂੰ ਦਿਤੀ ਇੰਟਰਵਿਊ ’ਚ ਉਨ੍ਹਾਂ ਕਿਹਾ, ‘‘ਖ਼ਾਲਸਾ ਪੰਥ ਦੀਆਂ ਤਿੰਨ ਤੋਂ ਚਾਰ ਜਥੇਬੰਦੀਆਂ ਹਨ। ਸ਼੍ਰੋਮਣੀ ਅਕਾਲੀ ਦਲ 14 ਦਸੰਬਰ 1920 ਵਿਚ ਹੋਂਦ ਵਿਚ ਆਇਆ ਸੀ। ਸ਼੍ਰੋਮਣੀ ਗੁਰਦੁਆਰਾ ਕਮੇਟੀ 1925 ਵਿਚ ਬਣੀ ਸੀ। ਇਸ ਤੋਂ ਬਾਅਦ ਕਈ ਫੈਡਰੇਸ਼ਨਾਂ ਹੋਂਦ ਵਿਚ ਆਈਆਂ ਤੇ ਉਨ੍ਹਾਂ ਨੇ ਅਪਣਾ ਕੰਮ ਸ਼ੁਰੂ ਕੀਤਾ। ਇਹ ਫੈਡਰੇਸ਼ਨਾਂ ਸਿੱਖਾਂ ਲਈ ਕੰਮ ਕਰਦੀਆਂ ਸਨ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਇਕ ਲੀਡਰਸ਼ਿਪ ਤਿਆਰ ਹੋ ਗਈ ਸੀ।
ਪਰ ਸਮਾਂ ਅਜਿਹਾ ਆਇਆ ਕਿ ਪਰਿਵਾਰਵਾਦ ਭਾਰੂ ਪੈਣ ਲੱਗ ਪਿਆ। ਜਦੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਆਏ ਤਾਂ ਇਨ੍ਹਾਂ ਨੇ ਅਪਣੇ ਬੱਚਿਆਂ ਤੇ ਸਕੇ ਸਬੰਧੀਆਂ ਨੂੰ ਮੋਹਰੀ ਕਰਨਾ ਸ਼ੁਰੂ ਕਰ ਦਿਤਾ।’’ ਉਨ੍ਹਾਂ ਕਿਹਾ ਇਸੇ ਕਾਰਨ 2018 ਵਿਚ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ਾ ਦਿਤਾ ਤੇ ਕਈ ਵੱਡੇ ਆਗੂਆਂ ਨਾਲ ਮਿਲ ਕੇ ਚੰਡੀਗੜ੍ਹ ਵਿਚ ਇਕੱਠ ਕੀਤਾ, ਜਿਸ ਦੀ ਅਗਵਾਈ ਵੀ ਉਨ੍ਹਾਂ ਵਲੋਂ ਹੀ ਕੀਤੀ ਗਈ ਸੀ।
ਉਨ੍ਹਾਂ ਕਿਹਾ, ‘‘ਇਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਸਾਡੇ ਤਕ ਪਹੁੰਚ ਕੀਤੀ ਤੇ ਕਈ ਮੀਟਿੰਗ ਤੋਂ ਬਾਅਦ ਮੈਂ 2022 ਵਿਚ ਦੁਬਾਰਾ ਸ਼੍ਰੋਮਣੀ ਅਕਾਲੀ ਦਲ ’ਚ ਚਲਾ ਗਿਆ, ਜਿਸ ਤੋਂ ਬਾਅਦ ਮੈਂ ਪਾਰਟੀ ਮੈਂਬਰਾਂ ਨੂੰ ਕਿਹਾ ਕਿ ਜੋ ਸਾਡੀ ਪਾਰਟੀ ਤੋਂ ਗ਼ਲਤੀਆਂ ਹੋਈਆਂ ਹਨ ਸਾਨੂੰ ਉਨ੍ਹਾਂ ਦੀ ਮੁਆਫ਼ੀ ਮੰਗਣੀ ਚਾਹੀਦੀ ਹੈ।’’
ਉਨ੍ਹਾਂ ਕਿਹਾ ਕਿ ਕਾਫ਼ੀ ਸਮਾਂ ਬੀਤ ਜਾਣ ਮਗਰੋਂ ਅਕਾਲੀ ਦਲ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਜਾ ਕੇ ਮੁਆਫ਼ੀ ਮੰਗੀ ਗਈ ਤੇ 2 ਦਸੰਬਰ 1924 ਨੂੰ ਇਨ੍ਹਾਂ ਵਿਰੁਧ ਫੈਸਲਾ ਸੁਣਾਇਆ ਗਿਆ।
ਇਸ ਤੋਂ ਬਾਅਦ ਜਥੇਦਾਰਾਂ ਨੂੰ ਹਟਾਇਆ ਗਿਆ ਤੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਅਸਤੀਫ਼ਾ ਦਿਤਾ। ਇਨ੍ਹਾਂ ਸਾਰੇ ਮੁੱਦਿਆਂ ਨੂੰ ਦੇਖਦੇ ਹਏ ਸੁਖਬੀਰ ਸਿੰਘ ਬਾਦਲ ਨੂੰ ਦੇਖਣਾ ਚਾਹੀਦਾ ਸੀ ਕਿ ਇਹ ਸਾਰੇ ਅਪਣੇ ਹੀ ਲੋਕ ਹਨ ਤੇ ਸਾਰਿਆਂ ਨੂੰ ਬੈਠਾ ਕੇ ਗੱਲ ਕਰਦੇ ਤੇ ਕੋਈ ਹੱਲ ਕਢਦੇ। ਇਸ ਦੌਰਾਨ ਪਾਰਟੀ ਵੀ ਦੋ ਗੁੱਟਾਂ ਵਿਚ ਵੰਡ ਗਈ ਤੇ ਕਈ ਅਕਾਲੀ ਲੀਡਰਾਂ ਨੇ ਵੀ ਅਸਤੀਫ਼ੇ ਦਿਤੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਲੀਡਰ ਅਸਤੀਫ਼ੇ ਦੇਣਗੇ।
ਉਨ੍ਹਾਂ ਕਿਹਾ, ‘‘ਮੈਨੂੰ ਸਮਝ ਨਹੀਂ ਆ ਰਹੀ ਕਿ ਪਾਰਟੀ ਤੇ ਪਾਰਟੀ ਨਾਲ ਜੁੜੇ ਆਗੂਆਂ ਨੂੰ ਕੀ ਹੋ ਗਿਆ ਹੈ, ਜਾਂ ਤਾਂ ਸਾਡੀ ਗੁਰੂ ਨੇ ਮੱਤ ਮਾਰ ਦਿਤੀ ਹੈ ਜੋ ਅਸੀਂ ਇਕੱਠੇ ਹੋਣ ਨੂੰ ਤਿਆਰ ਹੀ ਨਹੀਂ ਹਨ।’’ ਉਨ੍ਹਾਂ ਕਿਹਾ, ‘‘ਪਾਰਟੀ ਸਾਡਾ ਪਰਿਵਾਰ ਹੁੰਦਾ ਹੈ ਜਿਥੇ ਕੁੱਝ ਕਿਹਾ ਵੀ ਜਾਂਦਾ ਹੈ ਤੇ ਸੁਣਿਆ ਵੀ ਜਾਂਦਾ ਹੈ।’’ ਉਨ੍ਹਾਂ ਕਿਹਾ, ‘‘ਮੈਂ ਗੁਰੂ ਸਾਹਿਬ ਅੱਗੇ ਬੇਨਤੀ ਕਰਦਾ ਹੈ ਕਿ ਜਿਹੜਾ ਸਾਡੀ ਪਾਰਟੀ ਨੂੰ ਰਹਿਣ ਲੱਗਾ ਹੈ ਉਹ ਹੱਟ ਜਾਵੇ ਤੇ ਸਾਡੀ ਪਾਰਟੀ ਤੇ ਪੰਜਾਬ ਚੜ੍ਹਦੀਕਲਾ ਵਿਚ ਰਹੇ।’’