ਚੋਣਾਂ ਖ਼ਤਮ ਹੁੰਦਿਆਂ ਹੀ ਵਾਪਸ ਆਵੇਗਾ ‘ਸਿੱਟ’ ਮੁਖੀ, ਫਿਰ ਵੇਖਾਂਗਾ ਦੋਸ਼ੀ ਕਿੱਥੇ ਭੱਜਦੇ ਹਨ : ਕੈਪਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਹਾਰਾਣੀ ਪਰਨੀਤ ਦੇ ਹੱਕ ’ਚ ਪ੍ਰਚਾਰ ਕਰਨ ਪੁੱਜੇ ਕੈਪਟਨ ਅਮਰਿੰਦਰ ਨੇ ਅਕਾਲੀ-ਭਾਜਪਾ ’ਤੇ ਸਾਧੇ ਨਿਸ਼ਾਨੇ

Captain Amarinder Singh

ਸਮਾਣਾ: ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਦੀ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਅੱਜ ਇੱਥੋਂ ਦੇ ਵਿਧਾਨ ਸਭਾ ਹਲਕਾ ਸਮਾਣਾ ਵਿਖੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹੁੰਚੇ। ਇਸ ਮੌਕੇ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਕੈਪਟਨ ਨੇ ਕਿਹਾ ਕਿ ਹੁਣ ਫ਼ੈਸਲਾ ਤੁਹਾਡਾ ਹੈ ਤੇ ਤੁਹਾਨੂੰ ਸੋਚਣਾ ਪਵੇਗਾ ਕਿ ਜੋ 5 ਸਾਲ ਮੋਦੀ ਨੇ ਕੀਤਾ ਤੁਸੀਂ ਉਸ ਨਾਲ ਸਹਿਮਤ ਸੀ ਜਾਂ ਨਹੀਂ, ਜੋ ਮੋਦੀ ਸਰਕਾਰ ਨੇ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਜਾਂ ਨਹੀਂ। 

ਉਨ੍ਹਾਂ ਕਿਹਾ ਕਿ ਮੋਦੀ ਨੇ ਕਿਹਾ ਸੀ ਕਿ 15 ਲੱਖ ਹਰ ਇਕ ਭਾਰਤੀ ਦੀ ਜੇਬ੍ਹ ਵਿਚ ਪਾਵਾਂਗਾ ਤੇ ਹੁਣ ਕਿੱਥੇ ਗਿਆ 15 ਲੱਖ ਰੁਪਇਆ। ਜੀ.ਐਸ.ਟੀ. ਤੋਂ ਵਪਾਰੀ ਔਖਾ, ਕਾਰਖ਼ਾਨੇ ਵਾਲਾ ਔਖਾ ਤੇ ਨੋਟਬੰਦੀ ਤੋਂ ਸਾਰਾ ਦੇਸ਼ ਹੀ ਔਖਾ। ਉਨ੍ਹਾਂ ਕਿਹਾ ਕਿ ਮੋਦੀ ਨੇ ਦੇਸ਼ ਦਾ ਬੇੜਾ ਗਰਕ ਕਰ ਦਿਤਾ ਹੈ। ਮੋਦੀ ਕਹਿੰਦਾ ਸੀ ਕਿ ਨੋਟਬੰਦੀ ਨਾਲ ਦੇਸ਼ ਨੂੰ ਫ਼ਾਇਦਾ ਹੋਵੇਗਾ ਪਰ ਕੀ ਹੋਇਆ, ਸਗੋਂ ਦੇਸ਼ ਹੋਰ ਗਰੀਬ ਹੋ ਗਿਆ। 

ਉਨ੍ਹਾਂ ਕਿਹਾ ਕਿ ਫ਼ੌਜ ਹਮੇਸ਼ਾ ਦੇਸ਼ ਦੀ ਹੈ ਪਰ ਇਹ ਮੋਦੀ ਪੁਲਵਾਮਾ ਹਮਲੇ ਤੋਂ ਬਾਅਦ ਕਹਿੰਦਾ ਸੀ ‘ਮੋਦੀ ਕੀ ਸੈਨਾ’। ਫ਼ੌਜ ਹਮੇਸ਼ਾ ਅਪਣੇ ਮੁਲਕ ਦੀ ਹੈ ਤੇ ਹਰ ਫ਼ੌਜੀ ਅਪਣੇ ਦੇਸ਼ ਲਈ ਕੁਝ ਵੀ ਕਰ ਸਕਦਾ ਹੈ। ਕੈਪਟਨ ਨੇ ਦਾਅਵਾ ਕਰਦਿਆਂ ਕਿਹਾ ਕਿ ਪੰਜਾਬ ਦੇ ਵਿਚ 13 ਦੀਆਂ 13 ਸੀਟਾਂ ਅਸੀਂ ਜਿੱਤਾਂਗੇ ਤੇ ਮੋਦੀ ਨੂੰ ਇਕ ਵੀ ਸੀਟ ਨਹੀਂ ਦੇਵਾਂਗੇ। ਉਨ੍ਹਾਂ ਕਿਹਾ ਕਿ ਮੋਦੀ ਹੁਣ ਅਪਣੀ ਹਾਰ ਵੇਖ ਕੇ ਘਬਰਾ ਗਿਆ ਹੈ ਤੇ ਇਸ ਲਈ ਹੁਣ ਫ਼ਿਲਮੀ ਐਕਟਰਾਂ ਨੂੰ ਸਿਆਸਤ ਵਿਚ ਲੈ ਕੇ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਨੀ ਦਿਓਲ ਨੂੰ ਰਾਜਨੀਤੀ ਵਿਚ ਲਿਆਉਣ ਦਾ ਇਹਦਾ ਕੀ ਮਕਸਦ ਹੈ ਇਹ ਮੈਨੂੰ ਸਮਝ ਨਹੀਂ ਆਇਆ। ਸੰਨੀ ਦਿਓਲ ਨੂੰ ਇਹ ਨਹੀਂ ਪਤਾ ਕਿ ਪੁਲਵਾਮਾ ਹਮਲੇ ਦਾ ਬਾਲਾਕੋਟ ਨਾਲ ਕੀ ਸਬੰਧ ਹੈ।

ਜਦੋਂ ਉਨ੍ਹਾਂ ਨੂੰ ਇਕ ਪੱਤਰਕਾਰ ਨੇ ਪੁੱਛਿਆ ਕਿ ਬਾਲਾਕੋਟ ਬਾਰੇ ਤੁਹਾਡੀ ਕੀ ਰਾਏ ਹੈ ਤਾਂ ਉਨ੍ਹਾਂ ਨੇ ਅੱਗਿਓਂ ਕਿਹਾ ਕਿ ਮੈਨੂੰ ਨਹੀਂ ਪਤਾ ਬਾਲਾਕੋਟ ਕੀ ਹੈ। ਪਾਰਲੀਮੈਂਟ ਕੋਈ ਐਕਟਰਾਂ ਦਾ ਘਰ ਨਹੀਂ ਹੈ। ਪਾਰਲੀਮੈਂਟ ਉਹ ਜਗ੍ਹਾ ਹੈ ਜਿੱਥੇ ਤੁਸੀਂ ਅਪਣੇ ਦਿਮਾਗ ਦਾ ਇਸਤੇਮਾਲ ਕਰਕੇ ਅਪਣੇ ਦੇਸ਼ ਵਾਸਤੇ ਅਪਣੇ ਲੋਕਾਂ ਵਾਸਤੇ ਕਾਨੂੰਨ ਬਣਾਉਂਦੇ ਹੋ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਵਿਚ ਸਕੀਮਾਂ ਸ਼ੁਰੂ ਕੀਤੀਆਂ ਤੇ ਜਿੰਨ੍ਹਾਂ ਵੀ ਵਿਕਾਸ ਕੀਤਾ ਹੈ ਅਸੀਂ ਕੀਤਾ ਹੈ ਪਰ ਮੋਦੀ ਨੇ ਕੀ ਕੀਤਾ ਹੈ? 

ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ, ਨੌਕਰੀਆਂ ਦਿਤੀਆਂ ਤੇ ਇਹੀ ਸਰਕਾਰ ਦਾ ਫਰਜ਼ ਹੁੰਦਾ ਹੈ ਤੇ ਇਹੀ ਅਸੀਂ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਤੰਗ ਕਰਕੇ ਸਾਜ਼ਿਸ਼ ਖੇਡੀ ਸੀ ਤਾਂ ਜੋ ਕਿਸਾਨ ਕਾਂਗਰਸ ਸਰਕਾਰ ਦੇ ਵਿਰੁਧ ਹੋ ਜਾਣ। ਮੋਦੀ ਨੇ ਜਾਣ ਬੁੱਝ ਕੇ ਬਾਰਦਾਨੇ ਦੀ ਕਮੀ ਪੈਦਾ ਕੀਤੀ ਸੀ ਤਾਂ ਜੋ ਲੋਕ ਮੰਡੀਆਂ ਵਿਚ ਔਖੇ ਹੋਣ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਪੰਜਾਬ ਦਾ ਬੁਰਾ ਹਾਲ ਕਰ ਦਿਤਾ ਸੀ ਤੇ ਇਨ੍ਹਾਂ ਦੀ ਹੁਕੂਮਤ ਵੇਲੇ ਹੀ ਬਹਿਬਲ ਕਲਾਂ ਗੋਲੀਕਾਂਡ ਘਟਨਾ ਵਾਪਰੀ ਤੇ ਹੋਰ ਬੇਅਦਬੀ ਦੀਆਂ ਘਟਨਾਵਾਂ ਦੇ ਵੀ ਜ਼ਿੰਮੇਵਾਰ ਇਹੀ ਹਨ।

ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਹੁਣ ਕਹਿੰਦਾ ਹੈ ਕਿ ਮੈਨੂੰ ਨਹੀਂ ਪਤਾ ਕਿਸ ਨੇ ਗੋਲੀ ਚਲਾਈ ਸੀ ਪਰ ਇਹ ਉਦੋਂ ਮੁੱਖ ਮੰਤਰੀ ਸੀ ਤੇ ਜੇ ਇਸ ਨੂੰ ਨਹੀਂ ਪਤਾ ਤਾਂ ਫਿਰ ਕਿਸ ਨੂੰ ਪਤਾ ਹੋਵੇਗਾ। ਮਨਤਾਰ ਬਰਾੜ ਕੋਟਕਪੁਰਾ ਦਾ ਉਸ ਸਮੇਂ ਮੌਜੂਦਾ ਐਮ.ਐਲ.ਏ. ਸੀ ਤੇ ਇਸ ਨੇ ਉਸ ਗੋਲੀਕਾਂਡ ਵਾਲੀ ਰਾਤ 125 ਫ਼ੋਨ ਕੀਤੇ, ਸਭ ਕੁਝ ਇਨ੍ਹਾਂ ਨੂੰ ਪਤਾ ਸੀ ਕਿ ਇਹ ਸਭ ਕਿਵੇਂ ਹੋਇਆ ਹੈ। 

ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਘਟਨਾਵਾਂ ਦੀ ਜਾਂਚ ਲਈ ਐਸ.ਆਈ.ਟੀ. ਬਣਾਈ ਜੋ ਇਸ ਦੀ ਰਿਪੋਰਟ ਮੈਨੂੰ ਨਹੀਂ ਸਿੱਧਾ ਅਦਾਲਤ ਵਿਚ ਦੇਣਗੇ। ਪਰ ਇਨ੍ਹਾਂ ਨੇ ਭਾਜਪਾ ਨਾਲ ਰਲ ਕੇ ‘ਸਿੱਟ’ ਮੁਖੀ ਕੁੰਵਰ ਵਿਜੇ ਪ੍ਰਤਾਪ ਦੀ ਬਦਲੀ ਕਰਵਾ ਦਿਤੀ। ਉਨ੍ਹਾਂ ਕਿਹਾ ਕਿ ਸਿਰਫ਼ 2 ਹਫ਼ਤੇ ਰਹਿ ਗਏ ਹਨ, ਜਦੋਂ ਚੋਣਾਂ ਖ਼ਤਮ ਹੋ ਗਈਆਂ ਤਾਂ ਉਦੋਂ ਹੀ ਸਿੱਟ ਮੁਖੀ ਵਾਪਸ ਆਵੇਗਾ ਤੇ ਜਾਂਚ ਸ਼ੁਰੂ ਹੋਵੇਗੀ ਤੇ ਫਿਰ ਮੈਂ ਵੇਖਾਂਗਾ ਕਿ ਦੋਸ਼ੀ ਕਿੱਥੇ ਭੱਜਦੇ ਨੇ। ਬਹੁਤ ਨੁਕਸਾਨ ਹੋ ਚੁੱਕਿਆ ਹੈ ਸਾਡੇ ਪੰਜਾਬ ਦੇ ਵਿਚ, ਹੁਣ ਹੋਰ ਨਹੀਂ ਹੋਣ ਦੇਵਾਂਗਾ।