'ਸਿੱਟ' ਦੀ ਰੀਪੋਰਟ 'ਚ ਦੋਸ਼ੀ ਪਾਏ ਜਾਣ 'ਤੇ ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ : ਕੈਪਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ - ਰਾਜੀਵ ਗਾਂਧੀ ਬਾਰੇ ਟਿੱਪਣੀ ਮੋਦੀ ਦੀ ਨੀਵੇਂ ਪੱਧਰ ਦੀ ਮਾਨਸਿਕਤਾ ਦਾ ਪ੍ਰਗਟਾਵਾ

No one will be spared if found guilty in 'SIT' report : Captain Amarinder Singh

ਨਵਾਂ ਸ਼ਹਿਰ : ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀਆਂ 5 ਸਾਲਾ ਲੋਕ ਮਾਰੂ ਨੀਤੀਆਂ, ਝੂਠੇ ਚੋਣ ਵਾਅਦਿਆਂ ਦਾ ਹਿਸਾਬ ਲੈਣ ਲਈ ਬੀਜੇਪੀ ਨੂੰ ਚਲਦਾ ਕਰ ਕੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦੇਖਣ ਲਈ ਲੋਕ ਬੜੇ ਉਤਸ਼ਾਹ ਨਾਲ ਕਾਂਗਰਸ ਨੂੰ ਜਿਤਾਉਣ 'ਤੇ ਲੱਗੇ ਹੋਏ ਹਨ। ਇਸ ਗੱਲ ਦਾ ਪ੍ਰਗਟਾਵਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਬੰਗਾ ਵਿਧਾਨ ਸਭਾ ਹਲਕੇ ਦੀ ਸਤਵੀਰ ਸਿੰਘ ਪੱਲੀ ਝਿੱਕੀ ਹਲਕਾ ਇੰਚਾਰਜ, ਤਰਲੋਚਨ ਸਿੰਘ ਸੂਢ ਦੀ ਅਗਵਾਈ ਹੇਠ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਆਖੇ।

 ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੇ ਅਕਾਲੀ ਭਾਜਪਾ ਸਰਕਾਰ ਦੇ 10 ਸਾਲ ਦੀ ਕਰਗੁਜ਼ਾਰੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕੁਰਾਨ, ਗੀਤਾ, ਬਾਈਬਲ ਨੂੰ ਪਾੜਣ ਆਦਿ ਦੇ ਬਠਿੰਡਾ ਹਲਕੇ ਤੋਂ ਹਰਸਿਮਰਤ ਕੌਰ ਬਾਦਲ ਇਨ੍ਹਾਂ ਮਾਮਲਿਆਂ ਦਾ ਜਵਾਬ ਦੇਣ ਤੋਂ ਭੱਜ ਨਿਕਲੀ। ਉਨ੍ਹਾਂ ਕਿਹਾ ਕਿ 'ਸਿੱਟ' ਵਿਚ ਦੋਸ਼ੀ ਪਾਉਣਾ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। 

ਇਸ ਮੌਕੇ ਮਨੀਸ਼ ਤਿਵਾੜੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਨੂੰ ਪਛਾੜ ਕੇ ਰੱਖ ਦਿਤਾ ਹੈ। ਇਸ ਚੋਣ ਰੈਲੀ ਵਿਚ ਅੰਗਦ ਸਿੰਘ ਵਿਧਾਇਕ ਨਵਾਂ ਸ਼ਹਿਰ, ਚੌਧਰੀ ਦਰਸ਼ਨ ਲਾਲ ਬਲਾਚੌਰ, ਰਜਿੰਦਰ ਸਰਮਾ, ਰਘਬੀਰ ਬਿੱਲਾ, ਗੁਰਮੇਲ ਸਿੰਘ ਪਲਵਾਨ ਆਦਿ ਹਾਜ਼ਰ ਸਨ।

ਰਾਜੀਵ ਗਾਂਧੀ ਬਾਰੇ ਟਿੱਪਣੀ ਮੋਦੀ ਦੀ ਨੀਵੇਂ ਪੱਧਰ ਦੀ ਮਾਨਸਿਕਤਾ ਦਾ ਪ੍ਰਗਟਾਵਾ : ਮੁੱਖ ਮੰਤਰੀ
ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਬਾਰੇ ਕੋਝੀ ਟਿੱਪਣੀ ਕਰਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵਰ੍ਹਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੱਤਾ ਵਿਚ ਰਹਿਣ ਲਈ ਤਰਲੋਮੱਛੀ ਹੋ ਰਿਹਾ ਮੋਦੀ ਘਟੀਆਪਣ ਦੀਆਂ ਸੀਮਾਵਾਂ ਵੀ ਪਾਰ ਕਰ ਗਿਆ ਹੈ।  ਪ੍ਰਧਾਨ ਮੰਤਰੀ ਵਲੋਂ ਰਾਜੀਵ ਗਾਂਧੀ ਬਾਰੇ ਕੀਤੀ ਵਿਵਾਦਗ੍ਰਸਤ ਟਿੱਪਣੀ ਬਾਰੇ ਪੱਤਰਕਾਰਾਂ ਵਲੋਂ ਪੁੱਛੇ ਸਵਾਲ ਦੇ ਜਵਾਬ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੁਰਸੀ ਖਿਸਕਦੀ ਵੇਖ ਸੱਤਾ ਦੇ ਭੁੱਖੇ ਮੋਦੀ ਨੇ ਅਪਣੀ ਚੋਣ ਮੁਹਿੰਮ ਦੌਰਾਨ ਸ਼ਿਸ਼ਟਾਚਾਰ ਦਾ ਪੱਲਾ ਛੱਡ ਦਿਤਾ ਅਤੇ ਜਨਤਕ ਸਰੋਕਾਰਾਂ ਨੂੰ ਸ਼ਰਮਨਾਕ ਢੰਗ ਨਾਲ ਮਜ਼ਾਕ ਦਾ ਪਾਤਰ ਬਣਾ ਕੇ ਰੱਖ ਦਿਤਾ।

ਮੁੱਖ ਮੰਤਰੀ ਨੇ ਕਿਹਾ ਕਿ ਮੋਦੀ ਦੀਆਂ ਟਿੱਪਣੀਆਂ ਉਸ ਦੀ ਨਫ਼ਰਤ ਭਰੀ ਮਾਨਸਿਕਤਾ ਅਤੇ ਨੀਵੇਂ ਪੱਧਰ ਦਾ ਪ੍ਰਗਟਾਵਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦੀ ਹਰ ਪਾਸਿਉ ਹੋ ਰਹੀ ਆਲੋਚਨਾ ਇਹ ਸਿੱਧ ਕਰਦੀ ਹੈ ਕਿ ਜਮਹੂਰੀ ਪ੍ਰਣਾਲੀ ਨੂੰ ਗੰਭੀਰਤਾ ਨਾਲ ਲੈਣ ਵਾਲਾ ਕੋਈ ਵੀ ਵਿਅਕਤੀ ਜਾਂ ਸਿਆਸੀ ਸੰਸਥਾ ਅਜਿਹੇ ਬੇਬੁਨਿਆਦ ਤੇ ਕੂੜ ਪ੍ਰਚਾਰ ਕਰਨ ਵਾਲੇ ਨੂੰ ਕਦੇ ਵੀ ਮੁਆਫ ਨਹੀਂ ਕਰ ਸਕਦੇ। ਸਮੁੱਚੇ ਵਿਰੋਧੀ ਧਿਰ ਨੇ ਮੋਦੀ ਦੀਆਂ ਘਿਰਨਾਜਨਕ ਟਿੱਪਣੀਆਂ ਦੀ ਆਲੋਚਨਾ ਕੀਤੀ ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਕੋਈ ਵੀ ਵਿਅਕਤੀ ਮੁਲਕ ਦੀ ਚੋਣ ਪ੍ਰਣਾਲੀ ਨੂੰ ਅਜਿਹੇ ਢੰਗ ਨਾਲ ਬਦਨਾਮ ਨਹੀਂ ਕਰਨਾ ਚਾਹੁੰਦਾ।