ਪੰਜਾਬ ਬੋਰਡ ਅੱਜ ਜਾਰੀ ਕਰੇਗਾ 10ਵੀਂ ਦੀ ਮੈਰਿਟ ਸੂਚੀ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 10ਵੀਂ ਦੇ ਨਤੀਜੇ ਐਲਾਨੇ ਜਾਣਗੇ।
ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 10ਵੀਂ ਦੇ ਨਤੀਜੇ ਐਲਾਨੇ ਜਾਣਗੇ। ਇਹ ਨਤੀਜੇ ਸਵੇਰੇ 11:30 ਵਜੇ ਐਲਾਨੇ ਜਾਣਗੇ। ਮਿਲੀ ਜਾਣਕਾਰੀ ਅਨੁਸਾਰ ਅੱਜ 11 ਵਜੇ ਪ੍ਰੈਸ ਕਾਨਫਰੰਸ ਸ਼ੁਰੂ ਹੋਵੇਗੀ। ਪ੍ਰੈਸ ਕਾਨਫਰੰਸ ਵਿਚ ਪਿਛਲੇ ਸਾਲ ਦੀ ਤਰ੍ਹਾਂ ਸਭ ਤੋਂ ਪਹਿਲਾਂ ਮੈਰਿਟ ਸੂਚੀ ਜਾਰੀ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਨਤੀਜੇ ਜਾਰੀ ਕਰੇਗਾ।
ਪੰਜਾਬ ਸਕੂਲ ਸਿੱਖਿਆ ਬੋਰਡ ਵਿਚ 15 ਮਾਰਚ ਤੋਂ ਲੈ ਕੇ 2 ਅਪ੍ਰੈਲ 2019 ਤੱਕ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਹੋਈਆਂ ਸਨ। 10ਵੀਂ ਜਮਾਤ ਦੇ ਨਤੀਜੇ ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ www.pseb.ac.in ਰਾਹੀਂ ਜਾਰੀ ਕੀਤੇ ਜਾਣਗੇ।
ਦੱਸ ਦਈਏ ਕਿ ਪਿਛਲੇ ਸਾਲ 2018 ਵਿਚ 10ਵੀਂ ਵਿਚੋਂ ਕੁੱਲ 59.47 ਫੀਸਦੀ ਵਿਦਿਆਰਥੀ ਪਾਸ ਹੋਏ ਸਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 2018 ਵਿਚ ਲੁਧਿਆਣਾ ਦੇ ਗੁਰਪ੍ਰੀਤ ਸਿੰਘ ਨੇ 98 ਫੀਸਦੀ ਅੰਕ ਲੈ ਕੇ ਟਾਪ ਕੀਤਾ ਸੀ ਜਦਕਿ ਲੁਧਿਆਣਾ ਜ਼ਿਲ੍ਹੇ ਦੀ ਅਮੀਸ਼ਾ ਅਰੋੜਾ ਨੇ 98.44 ਫੀਸਦੀ ਅੰਕ ਲੈ ਕੇ 12ਵੀਂ ਜਮਾਤ ਵਿਚੋਂ ਟਾਪ ਕੀਤਾ ਸੀ।