ਕਿਸਾਨਾਂ ਨੇ ਦੁਕਾਨਦਾਰਾਂ ਦੇ ਹੱਕ 'ਚ ਕੱਢਿਆ ਮਾਰਚ, ਬਿਨ੍ਹਾਂ ਡਰ ਤੋਂ ਦੁਕਾਨਾਂ ਖੋਲ੍ਹਣ ਦੀ ਅਪੀਲ
ਅੰਮ੍ਰਿਤਸਰ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਾਰਾਹਾਂ ਵਲੋਂ ਕੱਢਿਆ ਗਿਆ ਰੋਸ ਮਾਰਚ
ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ): ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਾਰਾਹਾਂ ਵਲੋਂ ਅੱਜ ਲਾਕਡਾਊਨ ਸਮੇਂ ਅੰਮ੍ਰਿਤਸਰ ਦੇ ਨੰਗਲੀ ਤੋਂ ਲੈ ਕੇ ਅਟਾਰੀ ਤੱਕ ਮਾਰਚ ਕੱਢਿਆ ਗਿਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੇ ਹੋਏ ਕਿਸਾਨਾਂ ਨੇ ਲਾਕਡਾਊਨ ਦੀ ਮਾਰ ਸਹਿ ਰਹੇ ਦੁਕਾਨਦਾਰਾਂ ਨੂੰ ਬਿਨਾਂ ਕਿਸੇ ਡਰ ਤੋਂ ਦੁਕਾਨਾਂ ਖੋਲ੍ਹਣ ਦੀ ਅਪੀਲ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਕਰਮਜੀਤ ਸਿੰਘ ਨੰਗਲੀ ਨੇ ਦੱਸਿਆ ਕਿ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਲਾਕਡਾਊਨ ਦੀ ਮਾਰ ਸਹਿ ਰਹੇ ਦੁਕਾਨਦਾਰਾਂ ਦੇ ਹੱਕ ਵਿਚ ਮਾਰਚ ਕੱਢਿਆ ਹੈ। ਮਾਰਚ ਦੌਰਾਨ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬਿਨਾਂ ਕਿਸੇ ਦੇ ਡਰ ਤੋਂ ਆਪਣੀਆ ਦੁਕਾਨਾਂ ਖੋਲ੍ਹਣ। ਉਹਨਾਂ ਕਿਹਾ ਕਿ ਅਸੀਂ ਦੁਕਾਨਦਾਰਾਂ ਦੇ ਹੱਕ ਵਿਚ ਸਰਕਾਰ ਵਲੋਂ ਥੋਪੇ ਗਏ ਲਾਕਡਾਊਨ ਦਾ ਵਿਰੋਧ ਕਰਾਂਗੇ।
ਉਹਨਾਂ ਕਿਹਾ ਜੇਕਰ ਸਰਕਾਰ ਮਹਾਂਮਾਰੀ ਸਮੇਂ ਲੋਕਾਂ ਨੂੰ ਕੋਈ ਸਹੂਲਤ ਮੁਹੱਈਆ ਨਹੀ ਕਰਵਾ ਰਹੀ ਤਾਂ ਉਸ ਨੂੰ ਲਾਕਡਾਊਨ ਲਗਾਉਣ ਦਾ ਵੀ ਕੋਈ ਹੱਕ ਨਹੀ ਹੈ। ਕਿਸਾਨ ਆਗੂ ਨੇ ਕਿਹਾ ਕਿ ਜੇ ਸਰਕਾਰ ਵਲੋਂ ਦੁਕਾਨਦਾਰਾਂ ਅਤੇ ਕਿਸਾਨਾਂ ਨਾਲ ਧੱਕਾ ਕੀਤਾ ਗਿਆ ਤਾਂ ਆਉਣ ਵਾਲੀਆਂ ਵਿਧਾਨ ਸਭ ਚੋਣਾਂ ਵਿਚ ਇਹਨਾਂ ਦੇ ਵਿਧਾਇਕਾਂ ਦਾ ਘਿਰਾਓ ਕੀਤਾ ਜਾਵੇਗਾ।
ਇਸ ਸਬੰਧੀ ਗੱਲ ਕਰਦਿਆਂ ਏਸੀਪੀ ਪ੍ਰਵੇਸ਼ ਚੋਪੜਾ ਨੇ ਕਿਹਾ ਕਿ ਰੋਸ ਪ੍ਰਦਰਸ਼ਨ ਕਰਨਾ ਲੋਕਾਂ ਦਾ ਹੱਕ ਹੈ। ਅਸੀਂ ਉਹਨਾਂ ਨੂੰ ਪ੍ਰਦਰਸ਼ਨ ਕਰਨ ਤੋਂ ਨਹੀਂ ਰੋਕ ਰਹੇ ਪਰ ਲਾਕਡਾਊਨ ਤੇ ਸਰਕਾਰੀ ਹਦਾਇਤਾਂ ਦੇ ਚਲਦਿਆਂ ਅਸੀਂ ਬਾਜ਼ਾਰ ਨਹੀਂ ਖੋਲ੍ਹਣ ਦੇਵਾਂਗੇ। ਉਹਨਾਂ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਦੁਕਾਨਾਂ ਨਾ ਖੋਲ੍ਹਣ। ਉਹਨਾਂ ਕਿਹਾ ਜੇਕਰ ਕੋਈ ਸਰਕਾਰੀ ਆਦੇਸ਼ਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।