ਜਲੰਧਰ ਦੇ ਲੋਕ ਸਾਡੇ ਕੰਮਾਂ ਨੂੰ ਦੇਖ ਕੇ ਦਿਵਾਉਣਗੇ ਹੂੰਝਾ ਫੇਰ ਜਿੱਤ : ਕੈਬਨਿਟ ਮੰਤਰੀ ਅਮਨ ਅਰੋੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਸਿੱਧੂ ਮੂਸੇਵਾਲਾ ਦੇ ਸਾਰੇ ਗੁਨਾਹਗਾਰ 6 ਮਹੀਨੇ 'ਚ ਫੜ ਲਏ ਜਾਂ ਖ਼ਤਮ ਕਰ ਦਿਤੇ, ਹੋਰ ਸਰਕਾਰ ਕੀ ਕਰੇ?'

Cabinet Minister Aman Arora

 

ਜਲੰਧਰ (ਚਰਨਜੀਤ ਸਿੰਘ ਸੁਰਖ਼ਾਬ/ਕਮਲਜੀਤ ਕੌਰ) : ਲੋਕ ਸਭਾ ਜ਼ਿਮਨੀ ਚੋਣ ਦੇ ਚਲਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਜਲੰਧਰ ਦੇ ਲੋਕ ਪੰਜਾਬ ਸਰਕਾਰ ਦੇ ਕੰਮਾਂ ਨੂੰ ਦੇਖ ਕੇ ਆਮ ਆਦਮੀ ਪਾਰਟੀ ਨੂੰ ਹੂੰਝਾ ਫੇਰ ਜਿੱਤ ਦਿਵਾਉਣਗੇ। ਉਨ੍ਹਾਂ ਕਿਹਾ ਕਿ ਇਕ ਪਾਸੇ ਪਿਛਲੇ 75 ਸਾਲ ਦੇ ਅੰਕੜੇ ਹਨ, ਜਿਨ੍ਹਾਂ ਵਿਚ ਫੇਲ੍ਹ ਹੋ ਚੁੱਕੀ ਰਾਜਨੀਤੀ ਕਹਿੰਦੀ ਹੈ ਕਿ ਵੋਟਾਂ ਹਾਸਲ ਕਰਨ ਅਤੇ ਸਰਕਾਰਾਂ ਬਣਾਉਣ ਮਗਰੋਂ 5 ਸਾਲ ਡੱਕਾ ਨਾ ਤੋੜੋ ਤੇ ਨਾ ਹੀ ਲੋਕਾਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਪੁੱਛੋ।

ਇਹ ਵੀ ਪੜ੍ਹੋ: ਕਾਂਗਰਸ ਡਰੀ ਨਹੀਂ, ਇਹ ਵਿਰੋਧੀਆਂ ਦੀਆਂ ਅੱਖਾਂ 'ਤੇ ਪਿਆ ਪਰਦਾ ਹੈ ਜੋ ਚੋਣ ਨਤੀਜੇ ਤੋਂ ਬਾਅਦ ਹਟ ਜਾਵੇਗਾ : ਪ੍ਰੋ. ਕਰਮਜੀਤ ਕੌਰ ਚੌਧਰੀ

ਉਨ੍ਹਾਂ ਦਸਿਆ ਕਿ ਦੂਜੇ ਪਾਸੇ ਇਕ ਸਾਲ ਦੇ ਕਾਰਜਕਾਲ ਦੌਰਾਨ ਭਗਵੰਤ ਮਾਨ ਦੀ ਸਰਕਾਰ ਵਲੋਂ ਕੀਤੇ ਕੰਮ ਹਨ, ਜਿਨ੍ਹਾਂ ਵਿਚ ਸਿੱਖਿਆ, ਸਿਹਤ ਆਦਿ ਖੇਤਰਾਂ ਵਿਚ ਕੀਤੇ ਗਏ ਕੰਮ ਅਤੇ ਭ੍ਰਿਸ਼ਟਾਚਾਰ ’ਤੇ ਨੱਥ ਪਾਉਣਾ ਸ਼ਾਮਲ ਹੈ। ਜਲੰਧਰ ਦੇ ਲੋਕ ਪੁਰਾਣੀ ਰਾਜਨੀਤੀ ਅਤੇ ਨਵੀਂ ਰਾਜਨੀਤੀ ਦੀ ਤੁਲਨਾ ਕਰ ਰਹੇ ਹਨ, ਇਸ ਆਧਾਰ ’ਤੇ ਹੀ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਜਿਤਾ ਕੇ ਲੋਕ ਸਭਾ ਵਿਚ ਭੇਜਣਗੇ।

ਇਹ ਵੀ ਪੜ੍ਹੋ: ਗੁਰਦਾਸਪੁਰ ਦੇ ਨੌਜਵਾਨ ਨੇ ਇਲੈਕਟ੍ਰਿਕ ਸਾਈਕਲ ਰਾਹੀਂ ਕਸ਼ਮੀਰ ਤੋਂ ਕੰਨਿਆਕੁਮਾਰੀ ਤਕ ਦਾ ਸਫ਼ਰ ਕੀਤਾ ਪੂਰਾ

ਕਾਂਗਰਸ ਦਾ ਗੜ੍ਹ ਮੰਨੇ ਜਾਂਦੇ ਜਲੰਧਰ ਵਿਚ ਸਿਆਸੀ ਮੁਕਾਬਲੇ ਸਬੰਧੀ ਅਮਨ ਅਰੋੜਾ ਨੇ ਕਿਹਾ ਕਿ ਜੇਕਰ ਕੰਮ ਦੀ ਤੁਲਨਾ ਕੀਤੀ ਜਾਵੇ ਤਾਂ ਬਾਕੀ ਵਿਰੋਧੀ ਪਾਰਟੀਆਂ ਦਾ ਸਾਡੇ ਨਾਲ ਕੋਈ ਮੁਕਾਬਲਾ ਨਹੀਂ। ਜੇਕਰ ਝੂਠੇ ਵਾਅਦੇ, ਭੁੱਕੀਆਂ, ਸ਼ਰਾਬਾਂ ਜਾਂ ਪੈਸੇ ਵੰਡਣ ਦਾ ਮੁਕਾਬਲਾ ਕੀਤਾ ਤਾਂ ਸਾਡਾ ਉਨ੍ਹਾਂ ਨਾਲ ਕੋਈ ਮੁਕਾਬਲਾ ਨਹੀਂ। ਜੇਕਰ ਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਇਕ ਸਾਲ ਪਹਿਲਾਂ ਲੋਕਾਂ ਨੇ ਵੱਡੇ-ਵੱਡੇ ਥੰਮ੍ਹ ਢਹਿ-ਢੇਰੀ ਕਰ ਦਿਤੇ ਸੀ। 75 ਸਾਲ ਤੋਂ ਲੋਕ ਅਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਲਗਾਏ ਬੂਥ ’ਤੇ ਕਬਜ਼ਾ ਕਰਨ ਦੇ ਇਲਜ਼ਮਾਂ ’ਤੇ ਕੈਬਨਿਟ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਹਾਰ ਦਾ ਅੰਦਾਜ਼ਾ ਲਗਾ ਕੇ ਕਹਾਣੀਆਂ ਘੜਨੀਆਂ ਸ਼ੁਰੂ ਕਰ ਦਿਤੀਆਂ ਹਨ। ਚੰਨੀ ਸਾਹਿਬ ਦੇ ਬਿਆਨ ਤੋਂ ਸਪਸ਼ਟ ਹੈ ਕਿ ਕਾਂਗਰਸ ਬੌਖ਼ਲਾਹਟ ਵਿਚ ਹੈ।

ਇਹ ਵੀ ਪੜ੍ਹੋ: ਮੰਤਰੀ ਦੀ ਕਥਿਤ ਅਸ਼ਲੀਲ ਵੀਡੀਓ ਮਾਮਲੇ 'ਚ ਗਠਿਤ ਹੋਈ SIT, ਸ਼ਿਕਾਇਤਕਰਤਾ ਨੂੰ ਮਿਲੇਗੀ ਸੁਰੱਖਿਆ

ਮਰਹੂਮ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਵਲੋਂ ਜਲੰਧਰ ਵਿਚ ਕੀਤੇ ਗਏ ਰੋਡ ਸ਼ੋਅ ਸਬੰਧੀ ਅਮਨ ਅਰੋੜਾ ਨੇ ਕਿਹਾ ਕਿ ਉਹ ਬਹੁਤ ਹੀ ਸਤਿਕਾਰਯੋਗ ਹਨ, ਇਸ ਲਈ ਉਨ੍ਹਾਂ ’ਤੇ ਕਿੰਤੂ-ਪ੍ਰੰਤੂ ਨਹੀਂ ਕਰਨਗੇ। ਵੋਟ ਕਿਸ ਨੂੰ ਪਾਉਣੀ ਹੈ ਜਾਂ ਕਿਸ ਨੂੰ ਨਹੀਂ ਪਾਉਣੀ, ਇਹ ਉਨ੍ਹਾਂ ਦੀ ਮਰਜ਼ੀ ਹੈ। ਸਿੱਧੂ ਮੂਸੇਵਾਲਾ ਦੇ ਜਾਣ ਦਾ ਅਸਹਿ ਅਤੇ ਅਕਹਿ ਦੁਖ਼ ਪ੍ਰਮਾਤਮਾ ਕਿਸੇ ਪ੍ਰਵਾਰ ਨੂੰ ਨਾ ਦੇਵੇ। ਉਨ੍ਹਾਂ ਕਿਹਾ ਕਿ ਸਵਾਲ ਇਹ ਹੈ ਕਿ ਪੰਜਾਬ ਸਰਕਾਰ ਨੇ ਸਿੱਧੂ ਮੂਸੇਵਾਲਾ ਦੇ ਸਾਰੇ ਗੁਨਾਹਗਾਰ 6 ਮਹੀਨੇ 'ਚ ਫੜ ਲਏ ਜਾਂ ਖ਼ਤਮ ਕਰ ਦਿਤੇ, ਹੋਰ ਸਰਕਾਰ ਕੀ ਕਰ ਸਕਦੀ ਹੈ। ਅਸੀ ਜੋ ਕਰ ਸਕਦੇ ਸੀ, ਉਹ ਕੀਤਾ ਅਤੇ ਇਹ ਯਕੀਨੀ ਬਣਾਵਾਂਗੇ ਕਿ ਸਾਡੇ ਛੋਟੇ ਵੀਰ ਦਾ ਇਕ ਵੀ ਗੁਨਾਹਗਾਰ ਬਚ ਕੇ ਨਾ ਨਿਕਲੇ। ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੇ ਨਤੀਜਿਆਂ ਦਾ ਮੁਲਾਂਕਣ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਲੋਕਾਂ ਨੇ ਵੱਡੇ ਪਧਰ ’ਤੇ ਆਮ ਆਦਮੀ ਪਾਰਟੀ ਨੂੰ ਜਿਤਾਉਣ ਦਾ ਮਨ ਬਣਾ ਲਿਆ ਹੈ।