ਆਪ ਵੀ ਭਾਜਪਾ ਵਿਰੋਧੀ ਗਠਜੋੜਾਂ ਵਿਚ ਸ਼ਾਮਲ ਹੋਣ ਦੀ ਤਿਆਰੀ 'ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਉਣ ਵਾਲੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਲਈ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ। ਭਾਜਪਾ ਪ੍ਰਧਾਨ ਅਮਿਤ ਸਾਹ ਆਪਣੀ ਭਾਈਵਾਲ ਪਾਰਟੀ ਅਕਾਲੀ...

AAP

ਭੁੱਚੋ ਮੰਡੀ, ਆਉਣ ਵਾਲੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਲਈ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ। ਭਾਜਪਾ ਪ੍ਰਧਾਨ ਅਮਿਤ ਸਾਹ ਆਪਣੀ ਭਾਈਵਾਲ ਪਾਰਟੀ ਅਕਾਲੀ ਦਲ ਨਾਲ ਵਿਚਾਰ ਕਰਨ ਲਈ ਪੰਜਾਬ ਦੇ ਦੌਰੇ 'ਤੇ ਹਨ ਪਰ ਦੂਜੇ ਪਾਸੇ ਪੰਜਾਬ ਅਤੇ ਦਿੱਲੀ ਦੀਆਂ 20 ਲੋਕ ਸਭਾ ਸੀਟਾਂ ਲਈ ਕਾਂਗਰਸ ਨੇ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਜਿਸ ਤੋਂ ਐਨਡੀਏ ਦੇ ਭਾਈਵਾਲਾਂ ਵਿਚ ਖਲਬਲੀ ਮਚ ਗਈ ਹੈ। 

ਬਿਕਰਮ ਮਜੀਠਿਆ ਤੋਂ ਕੇਜਰੀਵਾਲ ਦੀ ਮਾਫ਼ੀ ਤੋਂ ਬਾਅਦ ਪੰਜਾਬ ਵਿਚ ਅਪਣਾ ਆਧਾਰ ਘਟਾ ਚੁੱਕੀ 'ਆਪ' ਹੁਣ ਕਾਂਗਰਸ ਦੇ ਮੋਢਿਆਂ 'ਤੇ ਚੜ੍ਹਨ ਲਈ ਜ਼ਿਆਦਾ ਕਾਹਲੀ ਹੈ। ਪਿਛਲੀਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਵਿਚੋਂ 4 ਸੀਟਾਂ ਹਾਸਲ ਕਰਨ ਵਾਲੀ ਪਾਰਟੀ ਨੂੰ ਅੱਜ ਦੇ ਹਾਲਾਤਾਂ ਵਿਚ ਇਕੱਲਿਆਂ ਬਹੁਤਾ ਕੁੱਝ ਹਾਸਲ ਹੁੰਦਾ ਨਜ਼ਰ ਨਹੀ ਆਉਂਦਾ। ਇਸ ਲਈ 'ਆਪ' ਪੰਜਾਬ ਦੇ ਨੇਤਾ ਵਿਚ ਗਠਜੋੜ ਵਿਚ ਸ਼ਾਮਲ ਹੋਣ ਲਈ ਕੇਜਰੀਵਾਲ 'ਤੇ ਦਬਾਅ ਬਣਾ ਰਹੇ ਹਨ।

ਆਪ ਦੇ ਸੂਬਾ ਪ੍ਰਧਾਨ ਦੇ ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਦੀਆਂ ਵਾਰ-ਵਾਰ ਖ਼ਬਰਾਂ ਲੱਗਣ ਅਤੇ ਖ਼ੁਦ ਪ੍ਰਧਾਨ ਵਲੋਂ ਇਸ ਦਾ ਖੰਡਨ ਕਰਨ ਤੋਂ ਬਾਅਦ ਹੁਣ ਨਵਾਂ ਫਾਰਮੂਲਾ ਸਾਹਮਣੇ ਆਉਣ ਲੱਗ ਪਿਆ ਹੈ। ਕਾਂਗਰਸ ਪੰਜਾਬ ਵਿਚੋਂ ਆਮ ਆਦਮੀ ਪਾਰਟੀ ਨੂੰ ਦੋ ਲੋਕ ਸਭਾ ਸੀਟਾਂ ਦੇਣ ਦੇ ਰੌਂ ਵਿਚ ਹੈ ਜਦਕਿ ਆਪ ਵੱਧ ਹਿੱਸਾ ਭਾਲਦੀ ਹੈ।

ਇਸੇ ਤਰ੍ਹਾਂ ਦਿੱਲੀ ਵਿਚ 3+4 ਦਾ ਫਾਰਮੂਲਾ ਲਾਗੂ ਹੋ ਸਕਦਾ ਹੈ। ਪੰਜਾਬ ਵਿਚ ਕਾਂਗਰਸ ਉਹ ਸੀਟਾਂ ਆਮ ਆਦਮੀ ਪਾਰਟੀ ਨੂੰ ਦੇਣਾ ਚਹੁੰਦੀ ਹੈ, ਜਿਥੇ ਪਾਰਟੀ ਦੀ ਹਾਲਤ ਥੋੜੀ ਪਤਲੀ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਇਸ ਸੰਭਾਵੀਂ ਗਠਜੋੜ ਨੂੰ ਨਾ ਹੋਣ ਦੇਣ ਲਈ ਅਕਾਲੀ-ਭਾਜਪਾ ਅਪਣੇ ਵਲੋਂ ਪੂਰਾ ਜ਼ੋਰ ਲਾਵੇਗੀ। ਰਾਜਨੀਤਕ ਮਾਹਰਾਂ ਦਾ ਮੰਨਣਾ ਹੈ

ਕਿ ਜੇ ਇਹ ਗਠਜੋੜ ਸਿਰੇ ਚੜ੍ਹ ਜਾਂਦਾ ਹੈ ਤਾਂ 20 ਸੀਟਾਂ ਵਿਚੋਂ ਇਹ ਗਠਜੋੜ ਜ਼ਿਆਦਾਤਰ ਸੀਟਾਂ 'ਤੇ ਜਿੱਤ ਹਾਸਲ ਕਰ ਸਕਦਾ ਹੈ। ਇਹੀ ਹਾਲ ਦਿੱਲੀ ਦਾ ਵੀ ਹੈ ਦਿੱਲੀ ਵਿਚ ਪਿਛਲੀਆਂ ਲੋਕ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਪੱਲੇ ਕੱਖ ਵੀ ਨਹੀਂ ਪਿਆ ਸੀ ਪਰ ਇਸ ਵਾਰ ਗਠਜੋੜ ਕਰਨ ਨਾਲ ਆਪ ਦਿੱਲੀ ਤੋਂ ਲੋਕ ਸਭਾ ਵਿਚ ਅਪਣੀ ਮੌਜੂਦਗੀ ਦਰਜ ਕਰਵਾ ਸਕਦੀ ਹੈ।