ਬੋਰਵੈੱਲ ’ਚ ਡਿੱਗੇ ਫ਼ਤਿਹਵੀਰ ਦੇ ਬਚਾਓ ਕਾਰਜਾਂ ਦੀ ਸਾਰ ਲੈਣ ਪੁੱਜੇ ਵਿਜੇਇੰਦਰ ਸਿੰਗਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੱਚੇ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਤੇ ਰੈਸਕਿਊ ’ਚ ਕਿਸੇ ਵੀ ਤਰ੍ਹਾਂ ਦੀ ਕੋਈ ਦੇਰੀ ਨਹੀਂ ਹੋਈ: ਸਿੰਗਲਾ

Vijayinder Singla

ਸੰਗਰੂਰ: 150 ਫੁੱਟ ਡੂੰਘੇ ਬੋਰਵੈੱਲ ’ਚ ਡਿੱਗਿਆ 2 ਸਾਲ ਦਾ ਫ਼ਤਹਿਵੀਰ ਪਿਛਲੇ 50 ਘੰਟਿਆਂ ਤੋਂ ਜ਼ਿੰਦਗੀ ਤੇ ਮੌਤ ਵਿਚਾਲੇ ਜੂੰਝ ਰਿਹਾ ਹੈ। ਬਚਾਅ ਕਾਰਜ ਲਗਾਤਾਰ ਜਾਰੀ ਹਨ। ਇਸੇ ਦੌਰਾਨ ਹੀ ਪੰਜਾਬ ਦੇ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਵੀ 45 ਘੰਟਿਆਂ ਬਾਅਦ ਫ਼ਤਿਹਵੀਰ ਸਿੰਘ ਦੇ ਬਚਾਅ ਕਾਰਜਾਂ ਦੀ ਸਾਰ ਲੈਣ ਪੁੱਜੇ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਗਲਾ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਲਗਾਤਾਰ ਬੱਚੇ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਤੇ ਰੈਸਕਿਊ ’ਚ ਕਿਸੇ ਵੀ ਤਰ੍ਹਾਂ ਦੀ ਕੋਈ ਦੇਰੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਟੀਮਾਂ ਅਪਣੇ ਵਲੋਂ ਪੂਰੀ ਕੋਸ਼ਿਸ਼ ਕਰ ਰਹੀਆਂ ਹਨ ਤੇ ਜਲਦੀ ਹੀ ਬੱਚੇ ਨੂੰ ਬਾਹਰ ਕੱਢ ਲਿਆ ਜਾਵੇਗਾ। ਬੱਚੇ ਨੂੰ ਬਾਹਰ ਕੱਢਣ ਮਗਰੋਂ ਜੇਕਰ ਇਲਾਜ ਲਈ ਏਅਰਲਿਫ਼ਟ ਦੀ ਜ਼ਰੂਰਤ ਪਈ ਤਾਂ ਉਸ ਦੀ ਤਿਆਰੀ ਵੀ ਪੂਰੀ ਕਰ ਲਈ ਗਈ ਹੈ।

ਸਿੰਗਲਾ ਨੇ ਕਿਹਾ ਕਿ ਐਨਡੀਆਰਐਫ਼ ਲਈ ਵੀ ਰੈਸਕਿਊ ਚੁਣੌਤੀਪੂਰਨ ਹੈ ਪਰ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਸਿੰਗਲਾ ਤੋਂ ਪਹਿਲਾਂ ਮਨਜਿੰਦਰ ਸਿੰਘ ਸਿਰਸਾ ਤੇ ਭਗਵੰਤ ਮਾਨ ਪਰਵਾਰ ਇਸ ਦੁੱਖ ਦੀ ਘੜੀ ਵਿਚ ਸ਼ਾਮਲ ਹੋਣ ਪੁੱਜੇ ਸਨ। ਲੋਕਾਂ ਵਲੋਂ ਲਗਾਤਾਰ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ ਕਿ ਫ਼ਤਿਹਵੀਰ ਸਿੰਘ ਸਹੀ ਸਲਾਮਤ ਜਲਦੀ ਬਾਹਰ ਆ ਜਾਵੇ।