ਮੂਸੇਵਾਲਾ ਨੇ ਪੰਜਾਬੀ ਗਾਇਕੀ ਤੇ ਪਿੰਡ ਮੂਸਾ ਦੀ ਮਿੱਟੀ ਦੀ ਖੁਸ਼ਬੂ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਇਆ- CM
CM ਭਗਵੰਤ ਮਾਨ ਨੇ ਸਿੱਧੂ ਮੂਸੇਵਾਲਾ ਨੂੰ ਭੇਟ ਕੀਤੀ ਸ਼ਰਧਾਂਜਲੀ
ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਘਟਨਾ ਤੋਂ ਬਾਅਦ ਦੁਨੀਆ ਭਰ ਵਿਚ ਸੋਗ ਦੀ ਲਹਿਰ ਹੈ। ਅੱਜ ਮਰਹੂਮ ਗਾਇਕ ਦੀ ਅੰਤਿਮ ਅਰਦਾਸ ਲਈ ਰਖ਼ਵਾਏ ਗਏ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਦੇ ਨਾਮ ਸ਼ੋਕ ਸੰਦੇਸ਼ ਜਾਰੀ ਕੀਤਾ। ਉਹਨਾਂ ਕਿਹਾ ਕਿ ਭਰ ਜਵਾਨੀ ਵਿਚ ਪੁੱਤ ਦਾ ਇਸ ਦੁਨੀਆ ਤੋਂ ਰੁਖ਼ਸਤ ਹੋ ਜਾਣਾ ਜਿੱਥੇ ਪਰਿਵਾਰ ਲਈ ਅਸਹਿ ਅਤੇ ਅਕਹਿ ਹੈ, ਉਥੇ ਹੀ ਪੰਜਾਬ, ਪੰਜਾਬੀਆਂ ਅਤੇ ਦੁਨੀਆ ਭਰ ਵਿਚ ਉਹਨਾਂ ਨੂੰ ਚਾਹੁਣ ਵਾਲਿਆਂ ਲਈ ਇਕ ਡੂੰਘਾ ਸਦਮਾ ਅਤੇ ਨਾ ਪੂਰਿਆ ਜਾਣਾ ਵਾਲਾ ਘਾਟਾ ਹੈ।
Bhagwant Mann
ਮੁੱਖ ਮੰਤਰੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਦਿਲ ਦਹਿਲਾਉਣ ਵਾਲੀ ਇਕ ਘਟਨਾ ਵਿਚ ਆਪ ਜੀ ਦੇ ਹੋਣਹਾਰ ਸਪੁੱਤਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਬੇਵਕਤੀ ਮੌਤ ਨੇ ਸਾਨੂੰ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਦੁੱਖ ਦੀ ਇਸ ਘੜੀ ਵਿਚ ਮੈਂ ਆਪ ਜੀ ਦੇ ਸਮੂਹ ਪਰਿਵਾਰਕ ਮੈਂਬਰਾਂ ਨਾਲ ਸ਼ਰੀਕ ਹੁੰਦਾ ਹੋਇਆ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ।
Sidhu Moosewala
ਮਰਹੂਮ ਗਾਇਕ ਦੇ ਅਪਣੀ ਮਿੱਟੀ ਪ੍ਰਤੀ ਪਿਆਰ ਦਾ ਜ਼ਿਕਰ ਕਰਦਿਆਂ ਸੀਐਮ ਮਾਨ ਨੇ ਕਿਹਾ ਕਿ ਸ਼ੁਭਦੀਪ ਸਿੰਘ ਸਿੱਧੂ ਨੇ ਪੰਜਾਬੀ ਗਾਇਕੀ ਦੀ ਹੀ ਨਹੀਂ ਸਗੋਂ ਆਪਣੇ ਪਿੰਡ ਮੂਸਾ ਦੀ ਮਿੱਟੀ ਦੀ ਖੁਸ਼ਬੋ ਨੂੰ ਹੱਦਾਂ-ਸਰਹੱਦਾਂ ਤੋਂ ਵੀ ਪਾਰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਇਆ। ਸਿੱਧੂ ਮੂਸੇਵਾਲਾ ਨੇ ਭਾਵੇਂ ਗਾਇਕ ਵਜੋਂ ਵਿਸ਼ਵ ਪੱਧਰ ’ਤੇ ਨਾਮਣਾ ਖੱਟਿਆ ਪਰ ਆਪਣੇ ਜੱਦੀ ਕਿੱਤੇ ਖੇਤੀ ਨਾਲ ਜੁੜੇ ਰਹਿਣ ਅਤੇ ਆਖਰੀ ਦਮ ਤੱਕ ਮਾਪਿਆਂ ਦਾ ਪਰਛਾਵਾਂ ਬਣੇ ਰਹਿਣ ਦੀ ਵਿਲੱਖਣ ਜੀਵਨ ਜਾਚ ਸਦਕਾ ਹਜ਼ਾਰਾਂ ਨੌਜਵਾਨਾਂ ਦੇ ਦਿਲਾਂ ਨੂੰ ਟੁੰਬਿਆ ਅਤੇ ਸੇਧ ਦਿੱਤੀ।
Sidhu Moosewala
ਪਰਿਵਾਰਕ ਮੈਂਬਰਾਂ ਅਤੇ ਸਾਕ-ਸਬੰਧੀਆਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਮੈਂ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਸਦੀਵੀ ਨਿਵਾਸ ਦੇਣ ਅਤੇ ਭਾਣਾ ਮੰਨਣ ਦਾ ਬਲ ਬਖਸ਼ਣ।