ਪੰਜਾਬ ਵਿਚ ਬਿਜਲੀ ਚੋਰੀ: ਪਿਛਲੇ ਸਾਲ ਸੂਬੇ ’ਚ ਹੋਈ 1200 ਕਰੋੜ ਦੀ ਬਿਜਲੀ ਚੋਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਿਜਲੀ ਚੋਰੀ ਦੇ ਮਾਮਲੇ ’ਚ ਸਭ ਤੋਂ ਅੱਗੇ ਨੇ ਅੰਮ੍ਰਿਤਸਰ, ਗੁਰਦਾਸਪੁਰ ਤੇ ਤਰਨਤਾਰਨ ਦੇ ਲੋਕ

Power theft in Punjab


ਚੰਡੀਗੜ੍ਹ: ਪੰਜਾਬ ਵਿਚ ਬਿਜਲੀ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਲਗਾਤਾਰ ਸਖ਼ਤ ਕਦਮ ਚੁੱਕ ਰਹੀ ਹੈ। ਪਿਛਲੇ ਸਾਲ ਦੀ ਗੱਲ ਕਰੀਏ ਤਾਂ ਪੰਜਾਬ ’ਚ 1200 ਕਰੋੜ ਰੁਪਏ ਦੀ ਬਿਜਲੀ ਚੋਰੀ ਹੋਈ ਹੈ। ਇਹਨਾਂ ਮਾਮਲਿਆਂ ਸਭ ਤੋਂ ਅੱਗੇ ਅੰਮ੍ਰਿਤਸਰ, ਗੁਰਦਾਸਪੁਰ ਤੇ ਤਰਨਤਾਰਨ ਜ਼ਿਲ੍ਹੇ ਹਨ। ਇਹਨਾਂ ਜ਼ਿਲ੍ਹਿਆਂ ਵਿਚ ਦੁਕਾਨਦਾਰਾਂ ਤੇ ਰੇਹੜੀ ਵਾਲਿਆਂ ਦੇ ਬਿਜਲੀ ਚੋਰੀ ਦੇ ਸਭ ਤੋਂ ਵੱਧ ਕੇਸ ਫੜੇ ਗਏ ਹਨ।

Power Theft

ਪਾਵਰਕਾਮ ਨੇ ਹੁਣ ਬਿਜਲੀ ਚੋਰੀ ਰੋਕਣ ਲਈ ਵ੍ਹਟਸਐਪ ਨੰਬਰ ਜਾਰੀ ਕਰ ਦਿੱਤਾ ਹੈ ਪਰ ਇਸ ਦੇ ਬਾਵਜੂਦ ਬਿਜਲੀ ਚੋਰੀ ਸਬੰਧੀ ਕੇਸ ਨਹੀਂ ਰੁਕ ਰਹੇ। ਪਾਵਰਕਾਮ ਦਾ ਕਹਿਣਾ ਹੈ ਕਿ ਸੂਬੇ ਵਿਚ ਬਿਜਲੀ ਚੋਰੀ ਰੋਕਣ ਲਈ ਇਨਫੋਰਸਮੈਂਟ ਵਿੰਗ ਦੀਆਂ ਟੀਮਾਂ ਲਗਾਈਆਂ ਗਈਆਂ ਹਨ। ਇਹਨਾਂ ਟੀਮਾਂ ਵੱਲੋਂ ਘਰਾਂ ਅਤੇ ਕਮਰਸ਼ੀਅਲ ਦੁਕਾਨਾਂ ’ਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

Powercom

ਪਾਵਰਕਾਮ ਦੇ ਚੇਅਰਮੈਨ ਇੰਜੀਨੀਅਰ ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਸੂਬੇ ਵਿਚ ਬਿਜਲੀ ਚੋਰੀ ਰੋਕਣ ਲਈ ਵ੍ਹਟਸਐਪ ਨੰਬਰ ਜਾਰੀ ਕੀਤਾ ਗਿਆ ਹੈ। ਬਿਜਲੀ ਚੋਰੀ ਸਬੰਧੀ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਂ ਗੁਪਤ ਰੱਖਿਆ ਜਾਂਦਾ ਹੈ। ਇਸ ਦੇ ਨਾਲ ਹੀ ਪਾਵਰਕਾਮ ਦੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਕਿ ਬਿਜਲੀ ਚੋਰੀ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਾ ਜਾਵੇ। ਮੌਕੇ ’ਤੇ ਹੀ ਜੁਰਮਾਨਾ ਤੇ ਬਿਜਲੀ ਕੁਨੈਕਸ਼ਨ ਕੱਟਿਆ ਜਾਵੇ। ਉਹਨਾਂ ਕਿਹਾ ਕਿ ਬਿਜਲੀ ਚੋਰੀ ਕਰਨਾ ਇਕ ਅਪਰਾਧ ਹੈ।