2 ਸਾਲ ਬਾਅਦ ਇਨਸਾਫ਼, ਨਸ਼ੇ ਲਈ ਪੈਸੇ ਨਾ ਦੇਣ 'ਤੇ ਮਹਿਲਾ ਦਾ ਕੀਤਾ ਕਤਲ, ਦੋਸ਼ੀ ਨੂੰ ਉਮਰ ਕੈਦ
ਅਦਾਲਤ ਨੇ 10 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ
ਮੋਗਾ: ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਨਸ਼ੇ ਲਈ ਪੈਸੇ ਨਾ ਦੇਣ ਕਾਰਨ ਔਰਤ ਦਾ ਕਤਲ ਕਰਨ ਵਾਲੇ ਵਿਅਕਤੀ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਥਾਣਾ ਧਰਮਕੋਟ ਦੇ ਪੁਲਿਸ ਅਧਿਕਾਰੀ ਨੇ ਦਸਿਆ ਕਿ 7 ਮਈ 2021 ਨੂੰ ਜਗਦੀਪ ਸਿੰਘ ਵਾਸੀ ਧਰਮਕੋਟ ਨੇ ਬਿਆਨਾਂ 'ਚ ਕਿਹਾ ਸੀ ਕਿ ਉਸ ਦੀ ਮਾਤਾ ਬਲਵਿੰਦਰ ਕੌਰ (55) ਘਰ ਵਿਚ ਇਕੱਲੀ ਸੀ।
ਇਹ ਵੀ ਪੜ੍ਹੋ: ਮੁੰਬਈ 'ਚ ਦੋ ਖਾਲਿਸਤਾਨ ਸਮਰਥਕਾਂ ਨੂੰ 5-5 ਸਾਲ ਦੀ ਸਜ਼ਾ, ਕੀ ਹੈ ਮਾਮਲਾ ?
ਇਸ ਦੌਰਾਨ ਮਨਪ੍ਰੀਤ ਸਿੰਘ ਨਸ਼ੇ ਲਈ ਉਸ ਕੋਲੋਂ 1000 ਰੁਪਏ ਉਧਾਰ ਲੈਣ ਆਇਆ ਸੀ। ਜਦੋਂ ਮਾਂ ਨੇ ਇਨਕਾਰ ਕੀਤਾ ਤਾਂ ਉਸ ਨੇ ਹਥਿਆਰ ਨਾਲ ਮਾਂ ਬਲਵਿੰਦਰ ਕੌਰ ਦਾ ਕਤਲ ਕਰ ਦਿਤਾ। ਪੁਲਿਸ ਨੇ ਮੁਲਜ਼ਮ ਮਨਪ੍ਰੀਤ ਸਿੰਘ ਵਿਰੁਧ ਕਤਲ ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ। ਬੁਧਵਾਰ ਨੂੰ ਅਦਾਲਤ ਨੇ ਮਨਪ੍ਰੀਤ ਨੂੰ ਸਜ਼ਾ ਸੁਣਾਈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿਚ ਉਸ ਨੂੰ 6 ਮਹੀਨੇ ਦੀ ਵਾਧੂ ਕੈਦ ਕੱਟਣੀ ਪਵੇਗੀ।