ਚੰਡੀਗੜ੍ਹ : ਸਾਲ 2014 ਦੇ ਬਿਕਰਮਜੀਤ ਸਿੰਘ ਅਲਗੋਂ ਕੋਠੀ ਅਗਵਾ ਅਤੇ ਹੱਤਿਆ ਮਾਮਲੇ ਵਿਚ ਪੰਜਾਬ ਪੁਲਿਸ ਦੇ ਸਾਬਕਾ ਇੰਸਪੈਕਟਰ ਨਾਰੰਗ ਸਿੰਘ ਸਣੇ 13 ਜਣਿਆਂ ਨੂੰ ਅੱਜ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ। ਅੰਮ੍ਰਿਤਸਰ ਦੇ ਵਧੀਕ ਜ਼ਿਲ੍ਹਾ ਅਤੇ ਸੈਸਨ ਜੱਜ ਸੰਦੀਪ ਸਿੰਘ ਬਾਜਵਾ ਦੀ ਅਦਾਲਤ ਨੇ ਸਜ਼ਾ ਸੁਣਾਈ।
ਅਦਾਲਤ ਵੱਲੋਂ ਇਸ ਮਾਮਲੇ 'ਚ ਇੰਸਪੈਕਟਰ ਨਾਰੰਗ ਸਿੰਘ, ਏਐਸਆਈ ਗੁਲਸ਼ਨਬੀਰ ਸਿੰਘ, ਏਐਸਆਈ ਸਵਿੰਦਰ ਸਿੰਘ, ਹੈਡ ਕਾਂਸਟੇਬਲ ਜਗਜੀਤ ਸਿੰਘ, ਗੁਰਪ੍ਰੀਤ ਸਿੰਘ, ਲਖਵਿੰਦਰ ਸਿੰਘ, ਸਿਪਾਹੀ ਮਖਤੂਲ ਸਿੰਘ, ਅੰਗਰੇਜ਼ ਸਿੰਘ, ਲਖਵਿੰਦਰ ਸਿੰਘ, ਅਮਨਦੀਪ ਸਿੰਘ ਤੇ ਰਣਧੀਰ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਤੋਂ ਇਲਾਵਾ ਟਰੈਕਟਰ ਏਜੰਸੀ ਮਾਲਕ ਦੀਪਰਾਜ ਸਿੰਘ ਤੇ ਪੁਲਿਸ ਟਾਊਟ ਜਗਤਾਰ ਸਿੰਘ ਉਰਫ਼ ਕਾਂਸੀ ਨੂੰ ਵੀ ਸਜ਼ਾ ਸੁਣਾਈ ਹੈ।
ਬੀਤੀ 5 ਜੁਲਾਈ ਨੂੰ ਸੰਦੀਪ ਸਿੰਘ ਬਾਜਵਾ ਦੀ ਅਦਾਲਤ ਨੇ ਇਨ੍ਹਾਂ ਨੂੰ ਭਾਰਤੀ ਦੰਡਾਵਲੀ ਦੀ ਧਾਰਾ 364, 302, 342, 201 ਅਤੇ 120-ਬੀ ਦੇ ਤਹਿਤ ਦੋਸ਼ੀ ਕਰਾਰ ਦਿਤਾ ਸੀ। ਇਨ੍ਹਾਂ ਦੀ ਸਜ਼ਾ ਦੀ ਮਿਕਦਾਰ ਬਾਰੇ ਮੁਕੰਮਲ ਫ਼ੈਸਲਾ 8 ਜੁਲਾਈ ਨੂੰ ਸੁਣਾਇਆ ਜਾਣਾ ਸੀ। ਦੱਸਣਯੋਗ ਹੈ ਕਿ ਇਕ ਪੁਰਾਣੇ ਹੱਤਿਆ ਕੇਸ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਬਿਕਰਮਜੀਤ ਸਿੰਘ ਇਲਾਜ ਦੌਰਾਨ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਤੋਂ 6 ਮਈ 2014 ਨੂੰ ਸ਼ੱਕੀ ਹਾਲਾਤ ਵਿਚ ਗਾਇਬ ਹੋ ਗਿਆ ਸੀ ਪਰ ਅਗਲੇ ਦਿਨ ਇਸ ਮਾਮਲੇ ਵਿਚ ਖ਼ੁਲਾਸਾ ਹੋਇਆ ਕਿ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੇ ਅਫ਼ਸਰ ਬਿਕਰਮਜੀਤ ਸਿੰਘ ਨੂੰ ਅਗਵਾ ਕਰ ਕੇ ਲੈ ਗਏ।
ਇਸ ਦੌਰਾਨ ਬਿਕਰਮਜੀਤ ਸਿੰਘ ਦੀ ਗ਼ੈਰ-ਕਾਨੂੰਨੀ ਹਿਰਾਸਤ ਦੌਰਾਨ ਤਸ਼ੱਦਦ ਕਾਰਨ ਮੌਤ ਹੋ ਗਈ ਤੇ ਅਗਵਾ ਕਰਨ ਲਈ ਨਾਮਜ਼ਦ ਕੀਤੇ ਗਏ ਪੁਲਿਸ ਅਫ਼ਸਰਾਂ ਉਤੇ ਬਿਕਰਮਜੀਤ ਦੀ ਲਾਸ਼ ਕੀਰਤਪੁਰ ਸਾਹਿਬ ਲਾਗੇ ਨਹਿਰ ਵਿਚ ਸੁੱਟ ਦਿਤੀ ਗਈ ਹੋਣ ਦੇ ਦੋਸ਼ ਲਾਏ ਗਏ। ਇਸ ਸਬੰਧ ਵਿਚ ਬਕਾਇਦਾ ਵਿਸ਼ੇਸ਼ ਜਾਂਚ ਟੀਮ ਗਠਿਤ ਕਰ ਕੇ ਜਾਂਚ ਕੀਤੀ ਗਈ ਅਤੇ ਜ਼ਿੰਮੇਵਾਰ ਪੁਲਿਸ ਅਫ਼ਸਰਾਂ ਅਤੇ ਹੋਰਨਾਂ ਮੁਲਜ਼ਮਾਂ ਵਿਰੁੱਧ ਐਫ਼ਆਈਆਰ ਦਰਜ ਕਰ ਇਹ ਮੁਕੱਦਮਾ ਚਲਾਇਆ ਗਿਆ।