18 ਮਹੀਨਿਆਂ ਵਿਚ ਹੀ ਅਕਾਲੀ ਦਲ ਟਕਸਾਲੀ ਹੋਇਆ ਖੇਰੂੰ-ਖੇਰੂੰ
ਜਥੇਦਾਰ ਸੇਖ਼ਵਾਂ, ਬੀਰ ਦਵਿੰਦਰ ਤੇ ਬੱਬੀ ਬਾਦਲ ਬਾਅਦ ਕੁੱਝ ਆਗੂਆਂ ਨਾਲ ਇਕੱਲੇ ਰਹਿ ਗਏ ਜਥੇਦਾਰ ਬ੍ਰਹਮਪੁਰਾ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਬਾਦਲ ਦਲ ਵਿਚੋਂ ਬਗ਼ਾਵਤ ਕਰ ਕੇ ਪਾਰਟੀ ਵਿਚੋਂ ਬਾਹਰ ਆਏ ਮਾਝੇ ਨਾਲ ਸਬੰਧਤ ਵੱਡੇ ਅਕਾਲੀ ਨੇਤਾ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਵਿਚ ਬਣਿਆ ਅਕਾਲੀ ਦਲ ਟਕਸਾਲੀ 18 ਮਹੀਨੇ ਵਿਚ ਹੀ ਖੇਰੂੰ-ਖੇਰੂੰ ਹੋ ਗਿਆ ਹੈ। ਇਸ ਦਲ ਨਾਲ ਪਹਿਲਾਂ ਤਕ ਬਾਦਲ ਵਿਰੋਧੀ ਫ਼ਰੰਟ ਬਣਾਉਣ ਦੇ ਯਤਨਾਂ ਲਈ ਨਾਲ ਚਲਦੇ ਰਹੇ ਇਕ ਹੋਰ ਕੱਦਾਵਾਰ ਅਕਾਲੀ ਨੇਤਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਲੋਂ ਨਵਾਂ ਅਕਾਲੀ ਦਲ ਸਥਾਪਤ ਕੀਤੇ ਜਾਣ ਬਾਅਦ ਅਕਾਲੀ ਦਲ ਟਕਸਾਲੀ ਨੂੰ ਵੱਡਾ ਝਟਕਾ ਲੱਗਾ ਹੈ।
ਟਕਸਾਲੀ ਦਲ ਦੀ 9 ਮੈਂਬਰੀ ਕੋਰ ਕਮੇਟੀ ਵਿਚ ਸ਼ਾਮਲ 4 ਪ੍ਰਮੁੱਖ ਨੇਤਾ ਢੀਂਡਸਾ ਨਾਲ ਚਲੇ ਗਏ ਹਨ ਜਿਨ੍ਹਾਂ ਵਿਚ ਟਕਸਾਲੀ ਦਲ ਦੇ ਸੰਸਥਾਪਕਾਂ ਵਿਚ ਰਹੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ, ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ, ਯੂਥ ਅਕਾਲੀ ਵਿੰਗ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਤੇ ਸਾਬਕਾ ਵਿਧਾਇਕ ਜਥੇਦਾਰ ਉਜਾਗਰ ਸਿੰਘ ਵਡਾਲੀ ਦੇ ਨਾਂ ਜ਼ਿਕਰਯੋਗ ਹਨ।
ਜਦਕਿ ਡਾ. ਰਤਨ ਸਿੰਘ ਅਜਨਾਲਾ ਪ੍ਰਵਾਰ ਪਹਿਲਾਂ ਹੀ ਪਾਸਾ ਵੱਟ ਗਿਆ ਸੀ ਜਦੋਂ ਡਾ. ਰਤਨ ਸਿੰਘ ਅਜਨਾਲਾ ਦੇ ਪੁੱਤਰ ਤੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੌਨੀ ਨੇ ਬਾਦਲ ਦਲ ਵਿਚ ਵਾਪਸੀ ਕਰ ਲਈ ਸੀ। ਇਸ ਤਰ੍ਹਾਂ ਹੁਣ ਟਕਸਾਲੀ ਦਲ ਵਿਚ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਤੇ ਉਨ੍ਹਾਂ ਦੇ ਬੇਟੇ ਰਵਿੰਦਰ ਸਿੰਘ ਬ੍ਰਹਮਪੁਰਾ ਇਕੱਲੇ ਰਹਿ ਗਏ ਹਨ। ਇਸ ਤੋਂ ਇਲਾਵਾ ਕੁੱਝ ਕੁ ਹੋਰ ਗਿਣਤੀ ਦੇ ਨੇਤਾ ਹੀ ਬ੍ਰਹਮਪੁਰਾ ਨਾਲ ਖੜੇ ਹਨ ਪਰ ਹੁਣ ਬ੍ਰਹਮਪੁਰਾ ਨਾਲ ਵੱਡੇ ਕੱਦ ਦਾ ਕੋਈ ਅਕਾਲੀ ਨੇਤਾ ਨਹੀਂ ਰਿਹਾ।
ਜ਼ਿਕਰਯੋਗ ਹੈ ਕਿ ਸੁਖਬੀਰ ਬਾਦਲ ਤੇ ਮਜੀਠੀਆ 'ਤੇ ਤਾਨਾਸ਼ਾਹੀ ਦੇ ਦੋਸ਼ ਲਾ ਕੇ ਬਾਦਲ ਦਲ ਵਿਚੋਂ ਬਾਹਰ ਹੋਣ ਤੋਂ ਬਾਅਦ 16 ਦਸੰਬਰ 2018 ਵਿਚ ਜਥੇਦਾਰ ਬ੍ਰਹਮਪੁਰਾ, ਸੇਖਵਾਂ ਤੇ ਡਾ. ਅਜਨਾਲਾ ਨੇ ਅਕਾਲੀ ਦਲ ਟਕਸਾਲੀ ਬਣਾਇਆ ਸੀ। ਉਸ ਤੋਂ ਬਾਅਦ ਪਾਰਟੀ ਪੰਜਾਬ ਡੈਮੋਕਰੇਟਿਕ ਗਠਜੋੜ ਦਾ ਹਿੱਸਾ ਬਣੀ ਤੇ ਫਿਰ ਲੋਕ ਸਭਾ ਚੋਣਾਂ ਵਿਚ 2019 ਵਿਚ 'ਆਪ' ਨਾਲ ਗਠਜੋੜ ਦਾ ਯਤਨ ਕੀਤਾ ਪਰ ਸਫ਼ਲ ਨਾ ਹੋਣ 'ਤੇ ਇਕੱਲੇ ਚੋਣ ਲੜੀ।
ਅਨੰਦਪੁਰ ਸਾਹਿਬ ਤੋਂ ਬੀਰ ਦਵਿੰਦਰ ਸਿੰਘ ਨੂੰ ਉਮੀਦਵਾਰ ਬਣਾਇਆ ਤੇ ਖਡੂਰ ਸਾਹਿਬ ਗਠਜੋੜ ਦੇ ਉਮੀਦਵਾਰ ਦਾ ਸਮਰਥਨ ਕਰਦਿਆਂ ਅਪਣਾ ਉਮੀਦਵਾਰ ਵਾਪਸ ਲਿਆ ਸੀ। ਪਰ ਟਕਸਾਲੀ ਦਲ ਦੀਆਂ ਸਰਗਰਮੀਆਂ ਮਾਝਾ ਖੇਤਰ ਤਕ ਹੀ ਸੀਮਤ ਰਹੀਆਂ ਤੇ ਪਿਛਲੇ ਸਮੇਂ ਵਿਚ ਤਾਂ ਪਾਰਟੀ ਵਿਚ ਖੜੋਤ ਵਰਗੀ ਸਥਿਤੀ ਆ ਗਈ ਸੀ। ਸ਼ਾਇਦ ਢੀਂਡਸਾ ਤੇ ਸੇਖਵਾਂ ਵਰਗੇ ਨੇਤਾ ਇਸ ਕਰ ਕੇ ਵੀ ਨਿਰਾਸ਼ ਹੋ ਗਏ। ਹੁਣ ਦੇਖਣਾ ਹੋਵੇਗਾ ਕਿ ਜਥੇਦਾਰ ਬ੍ਰਹਮਪੁਰਾ ਭਵਿੱਖ ਵਿਚ ਕਿਸ ਦਿਸ਼ਾ ਵਿਚ ਕਦਮ ਪੁੱਟਦੇ ਹਨ।