ਢੀਂਡਸਾ ਦੇ ਕਦਮ ਨਾਲ ਟਕਸਾਲੀਆਂ ਦੀਆਂ 'ਭਿੰਡੀਆਂ 'ਚ ਪਿਆ ਪਾਣੀ', ਸਿਆਸੀ ਨੁਕਸਾਨ ਦਾ ਖਦਸ਼ਾ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਢੀਂਡਸਾ ਦੇ ਕਦਮ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ-ਨਾਲ ਕੁੱਝ ਟਕਸਾਲੀ ਆਗੂ ਵੀ ਖਫ਼ਾ

Sukhdev Singh Dhindsa

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਵੱਖ ਹੋਏ ਸੀਨੀਅਰ ਅਕਾਲੀ ਆਗੂ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਨਵੀਂ ਪਾਰਟੀ ਦੀ ਸਥਾਪਨਾ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਨਾਮ 'ਤੇ ਦਾਅਵਾ ਠੋਕ ਕੇ ਸਿੱਖ ਸਿਆਸਤ ਵਿਚ ਭੂਚਾਲ ਜਿਹਾ ਲਿਆ ਦਿਤਾ ਹੈ। ਢੀਂਡਸਾ ਵਲੋਂ ਚੁੱਕੇ ਗਏ ਇਸ ਕਦਮ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਵੀ ਹੈਰਾਨ ਪ੍ਰੇਸ਼ਾਨ ਹੈ।

ਸ਼੍ਰੋਮਣੀ ਅਕਾਲੀ ਦੀ ਦਲ ਲੀਡਰਸ਼ਿਪ ਨੇ ਢੀਂਡਸਾ ਦੇ ਇਸ ਕਦਮ ਨੂੰ ਵੱਡੀ ਜਾਅਲਸਾਜ਼ੀ ਤੇ ਗ਼ੈਰ ਕਾਨੂੰਨੀ ਕਾਰਵਾਈ ਗਰਦਾਨਦਿਆਂ ਇਸ ਪਿੱਛੇ ਕਾਂਗਰਸ ਦਾ ਹੱਥ ਹੋਣ ਦਾ ਦੋਸ਼ ਲਾਇਆ ਹੈ। ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਕੋਈ ਵੀ ਮੁਹੱਲਾ ਪੱਧਰੀ ਮੀਟਿੰਗ ਕਰ ਕੇ ਇਹ ਝੂਠਾ ਦਾਅਵਾ ਨਹੀਂ ਕਰ ਸਕਦਾ ਕਿ 100 ਸਾਲ ਪੁਰਾਣੀ ਪਾਰਟੀ ਦੀ ਥਾਂ ਉਸਨੇ ਨਵੀਂ ਪਾਰਟੀ ਬਣਾ ਲਈ ਹੈ।

ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਕੁੱਝ ਆਗੂਆਂ ਵਲੋਂ ਵੀ ਸੁਖਦੇਵ ਸਿੰਘ ਢੀਂਡਸਾ ਦੇ ਕਦਮ ਦੀ ਮੁਖਾਲਫ਼ਤ ਕਰਨ ਦੀਆਂ ਖ਼ਬਰਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਕਈ ਟਕਸਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਹੱਥ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਵਾਂਗਡੋਰ ਸੌਂਪਣਾ ਚਾਹੁੰਦੇ ਸਨ ਜੋ ਢੀਂਡਸਾ ਦੇ ਹਾਲੀਆ ਕਦਮ ਤੋਂ ਅੰਦਰੋਂ ਕਾਫ਼ੀ ਖਫ਼ਾ ਹਨ। ਆਉਂਦੇ ਦਿਨਾਂ 'ਚ ਸੁਖਦੇਵ ਸਿੰਘ ਢੀਂਡਸਾ ਨੂੰ ਜਿੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਿਆਸੀ ਤੇ ਕਾਨੂੰਨੀ ਹਮਲਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਉਥੇ ਹੀ ਟਕਸਾਲੀਆਂ ਵਿਚੋਂ ਵੀ ਕਈ ਆਗੂ ਢੀਂਡਸਾ ਖਿਲਾਫ਼ ਮੋਰਚਾ ਖੋਲ੍ਹ ਸਕਦੇ ਹਨ।

ਵੈਸੇ ਵੀ, ਢੀਂਡਸਾ ਦੇ ਹਾਲੀਆ ਕਦਮ ਨਾਲ ਅਕਾਲੀ ਦਲ ਨੂੰ ਕੋਈ ਨਫ਼ਾ-ਨੁਕਸਾਨ ਹੁੰਦਾ ਹੈ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਢੀਂਡਸਾ ਦੇ ਇਸ ਕਦਮ ਨੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੀਆਂ ਜੜ੍ਹਾਂ 'ਚ ਤੇਲ ਜ਼ਰੂਰ ਪਾ ਦਿਤਾ ਹੈ। ਕਿਉਂਕਿ ਜਿਹੜੇ ਕਈ ਟਕਸਾਲੀ ਆਗੂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਸਥਾਪਨਾ ਸਮੇਂ ਮੌਜੂਦ ਸਨ, ਉਨ੍ਹਾਂ ਵਿਚੋਂ ਜ਼ਿਆਦਾਤਰ ਆਗੂ ਬੀਤੇ ਕੱਲ੍ਹ ਢੀਂਡਸਾ ਵਲੋਂ ਪਾਰਟੀ ਦਾ ਗਠਨ ਕਰਨ ਸਮੇਂ ਨਾਲ ਵੇਖੇ ਗਏ ਹਨ। ਇਨ੍ਹਾਂ 'ਚ ਸੇਵਾ ਸਿੰਘ ਸੇਖਵਾਂ, ਮਨਜੀਤ ਸਿੰਘ ਜੀਕੇ ਅਤੇ ਬਲਵੰਤ ਸਿੰਘ ਰਾਮੂਵਾਲੀਆ ਵਰਗੇ ਦਿਗਜ਼ ਆਗੂ ਸ਼ਾਮਲ ਹਨ।

ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸੰਸਥਾਪਕ ਮੈਂਬਰ ਅਤੇ ਸੰਸਦ ਮੈਂਬਰ ਡਾ. ਰਤਨ ਸਿੰੰਘ ਅਜਨਾਲਾ ਨੇ ਕਿਹਾ ਹੈ ਕਿ ਢੀਂਡਸਾ ਨੂੰ ਨਵੀਂ ਪਾਰਟੀ ਦੀ ਸਥਾਪਨਾ ਕਰਨ ਦੀ ਥਾਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੀ ਅਗਵਾਈ ਕਰਨੀ ਚਾਹੀਦੀ ਸੀ। ਕਾਬਲੇਗੌਰ ਹੈ ਕਿ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਲੋਂ ਸੁਖਦੇਵ ਸਿੰਘ ਢੀਂਡਸਾ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਸੀ, ਜਿਸਨੂੰ ਢੀਂਡਸਾ ਨੇ ਠੁਕਰਾ ਦਿਤਾ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।