ਨਵਾਂ ਅਕਾਲੀ ਦਲ ਬਣਦਿਆਂ ਹੀ ਢੀਂਡਸਾ ਤੇ ਬ੍ਰਹਮਪੁਰਾ 'ਚ ਦੂਸ਼ਣਬਾਜ਼ੀ ਛਿੜੀ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਸ ਦੇ ਉਲਟ ਬਾਦਲ ਪਰਵਾਰ ਨੂੰ ਨਿਸ਼ਾਨੇ 'ਤੇ ਲੈਣ ਦੀ ਬਜਾਏ ਵਿਰੋਧੀ ਅਕਾਲੀ ਨੇਤਾ ਆਪਸ 'ਚ ਉਲਝ ਪਏ

Sukhdev Singh Dhindsa

ਚੰਡੀਗੜ੍ਹ : ਸੀਨੀਅਰ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਵਲੋਂ ਨਵੇਂ ਅਕਾਲੀ ਦਲ ਦਾ ਗਠਨ ਕਰਦਿਆਂ ਹੀ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸ. ਢੀਂਡਸਾ 'ਚ ਆਪਸੀ ਦੂਸ਼ਣਬਾਜ਼ੀ ਆਰੰਭ ਹੋ ਗਈ ਹੈ। ਆਸ ਕੀਤੀ ਜਾਂਦੀ ਸੀ ਕਿ ਨਵੇਂ ਅਕਾਲੀ ਦਲ ਦੇ ਨਿਸ਼ਾਨੇ ਉਪਰ ਸ. ਬਾਦਲ ਪਰਵਾਰ ਹੋਵੇਗਾ। ਪੰ੍ਰਤੂ ਹੋਇਆ ਇਸ ਦੇ ਉਲਟ ਅਤੇ ਸਿਆਸੀ ਲੜਾਈ ਅਕਾਲੀ ਦਲ ਟਕਸਾਲੀ ਅਤੇ ਸ. ਢੀਂਡਸਾ 'ਚ ਛਿੜ ਗਈ। ਵੱਖ-ਵੱਖ ਅਕਾਲੀ ਦਲਾਂ 'ਚ ਏਕਤਾ ਦੀ ਬਜਾਏ ਆਪਸੀ ਲੜਾਈ ਛਿੜ ਗਈ ਹੈ। ਆਰੰਭ 'ਚ ਹੀ ਇਸ ਲੜਾਈ ਦਾ ਸੰਦੇਸ਼ ਵੀ ਸਿਆਸੀ ਹਲਕਿਆਂ 'ਚ ਗ਼ਲਤ ਗਿਆ ਹੈ। ਆਪਸੀ ਏਕਤਾ ਅਤੇ ਭਰੋਸੇਯੋਗਤਾ ਵੀ ਸ਼ੱਕੀ ਬਣ ਗਈ ਹੈ।

ਅੱਜ ਸਾਰਾ ਦਿਨ ਟੀ.ਵੀ. ਚੈਨਲਾਂ ਉਪਰ ਸ. ਬ੍ਰਹਮਪੁਰਾ ਅਤੇ ਸ. ਢੀਂਡਸਾ ਦੀ ਬਿਆਨਬਾਜ਼ੀ ਚਲਦੀ ਰਹੀ। ਅਸਲ 'ਚ ਸ. ਬ੍ਰਹਮਪੁਰਾ ਨੂੰ ਕਿਨਾਰੇ ਕਰ ਕੇ, ਟਕਸਾਲੀ ਅਕਾਲੀ ਦਲ ਦੇ ਸੀਨੀਅਰ ਆਗੂ ਸ. ਢੀਂਡਸਾ ਦੀ ਪਾਰਟੀ 'ਚ ਸ਼ਾਮਲ ਹੋ ਗਏ। ਬੀਰਦਵਿੰਦਰ ਸਿੰਘ ਅਤੇ ਸੇਵਾ ਸਿੰਘ ਸੇਖਵਾਂ ਨੇ ਕੋਰ ਕਮੇਟੀ ਦੇ ਮੈਂਬਰ ਵੀ ਸਨ, ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿਤਾ। ਸ. ਢੀਂਡਸਾ ਦੀ ਤਾਜਪੋਸ਼ੀ ਸਮੇਂ ਸ. ਸੇਖਵਾਂ ਵਲੋਂ ਪੁਛੇ ਜਾਣ 'ਤੇ ਮੀਡੀਆ ਨੂੰ ਕਿਹਾ ਗਿਆ ਕਿ ਉਹ ਸ. ਬ੍ਰਹਮਪੁਰਾ ਦੀ ਸਹਿਮਤੀ ਨਾਲ ਹੀ ਆਏ ਹਨ। ਪ੍ਰੰਤੂ ਜਦ ਸ. ਬ੍ਰਹਮਪੁਰਾ ਨੇ ਬਿਆਨ ਦੇ ਦਿਤਾ ਕਿ ਇਹ ਨੇਤਾ ਉਨ੍ਹਾਂ ਦੀ ਪ੍ਰਵਾਨਗੀ ਤੋਂ ਬਗ਼ੈਰ ਅਪਣੇ ਆਪ ਗਏ ਹਨ। ਉਪਰੰਤ ਇਨ੍ਹਾਂ ਨੇਤਾਵਾਂ ਨੇ ਪਾਰਟੀ ਅਹੁਦਿਆਂ ਤੋਂ ਅਸਤੀਫ਼ਾ ਦੇ ਦਿਤਾ।

ਸ. ਬ੍ਰਹਮਪੁਰਾ ਨੇ ਇਕ ਇੰਟਰਵਿਊ 'ਚ ਦੋਸ਼ ਲਗਾਏ ਕਿ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ 'ਚ ਫੁੱਟ ਪਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ. ਢੀਂਡਸਾ ਨੂੰ ਪਾਰਟੀ ਦਾ ਪ੍ਰਧਾਨ ਬਣਾਉਣ ਦੀ ਪੇਸ਼ਕਸ਼ ਕੀਤੀ ਗਈ ਸੀ। ਪਿਛਲੇ ਕਈ ਮਹੀਨਿਆਂ ਤੋਂ ਉਹ (ਢੀਂਡਸਾ) ਏਕਤਾ ਦੀਆਂ ਗੱਲਾਂ ਕਰਦੇ ਰਹੇ ਅਤੇ ਅਖੀਰ ਏਕਤਾ ਦੀ ਥਾਂ ਉੁਨ੍ਹਾਂ ਦੀ ਪਾਰਟੀ 'ਚ ਹੀ ਫੁੱਟ ਪਾ ਦਿਤੀ। ਸ. ਬ੍ਰਹਮਪੁਰਾ ਅੱਜ ਬੇਹਦ ਮਾਯੂਸ ਅਤੇ ਪ੍ਰੇਸ਼ਾਨ ਸਨ। ਉਨ੍ਹਾਂ ਦਾ ਕਹਿਣਾ ਸੀ ਕਿ 'ਮੇਰੇ ਸਾਥੀਆਂ ਨੇ ਹੀ ਮੇਰੇ ਨਾਲ ਧੋਖਾ ਕੀਤਾ। ਸ੍ਰੀ ਅਕਾਲ ਤਖ਼ਤ 'ਤੇ ਸਹੁੰ ਖਾ ਕੇ ਮੈਨੂੰ ਪ੍ਰਧਾਨ ਬਣਾਇਆ ਅਤੇ ਫਿਰ ਧੋਖਾ ਦਿਤਾ। ਉਨ੍ਹਾਂ ਨੇ ਪਿੱਠ 'ਚ ਛੁਰਾ ਮਾਰਿਆ ਹੈ।

ਜਦ ਉਨ੍ਹਾਂ ਨੂੰ ਪੁਛਿਆ ਗਿਆ ਕਿ ਕੀ ਉਹ ਸ. ਢੀਂਡਸਾ ਨਾਲ ਇਸ ਮੁੱਦੇ 'ਤੇ ਗੱਲ ਕਰਨਗੇ ਤਾਂ ਉਨ੍ਹਾਂ ਕਿਹਾ ਕਿ ਹੁਣ ਉਹ ਕਿਉਂ ਜਾਣ। ਇਸ ਦਾ ਜਵਾਬ ਸ. ਢੀਂਡਸਾ ਦੇਣ ਕਿ ਜਦ ਉੁਨ੍ਹਾਂ ਨੂੰ ਪਾਰਟੀ ਪ੍ਰਧਾਨ ਬਣਾਉਣ ਦੀ ਪੇਸ਼ਕਸ਼ ਕੀਤੀ ਗਈ ਤਾਂ ਉਨ੍ਹਾਂ ਨਾਂਹ ਕਰ ਦਿਤੀ ਅਤੇ ਹੁਣ ਉਨ੍ਹਾਂ ਦੀ ਪਾਰਟੀ 'ਚ ਹੀ ਫੁੱਟ ਪਾ ਦਿਤੀ।  ਉਧਰ ਸ. ਢੀਂਡਸਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਕਾਲੀ ਦਲ ਟਕਸਾਲੀ 'ਚ ਫੁੱਟ ਨਹੀਂ ਪਾਈ। ਜੇ ਕੁੱਝ ਆਗੂਆਂ ਨੂੰ ਉਨ੍ਹਾਂ ਦੀਆਂ ਨੀਤੀਆਂ ਚੰਗੀਆਂ ਲੱਗੀਆਂ ਤਾਂ ਉਹ ਉਨ੍ਹਾਂ ਨਾਲ ਆ ਗਏ। ਸ. ਢੀਂਡਸਾ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਨਾਲ ਅਕਾਲੀ ਦਲ ਟਕਸਾਲੀ ਦੀ ਪ੍ਰਧਾਨਗੀ ਇਸ ਕਰ ਕੇ ਪ੍ਰਵਾਨ ਨਹੀਂ ਸੀ ਕੀਤੀ ਕਿਉਂਕਿ ਉੁਨ੍ਹਾਂ ਦੇ ਸਾਥੀ ਇਸ ਨਾਲ ਸਹਿਮਤ ਨਹੀਂ ਸਨ।

ਸ. ਢੀਂਡਸਾ ਨੇ ਕਿਹਾ ਕਿ ਜਿਥੋਂ ਤਕ ਪਿੱਠ 'ਚ ਛੁਰਾ ਮਾਰਨ ਜਾਂ ਧੋਖਾ ਦੇਣ ਦੇ ਦੋਸ਼ ਹਨ, ਇਸ ਦਾ ਜਵਾਬ ਤਾਂ ਉਹੀ ਨੇਤਾ ਦੇ ਸਕਦੇ ਹਨ, ਜੋ ਉਨ੍ਹਾਂ ਨੂੰ ਛੱਡ ਕੇ ਆਏ ਹਨ। ਸ. ਬ੍ਰਹਮਪੁਰਾ ਵਲੋਂ ਅਪਣੇ ਸਾਥੀਆਂ ਉਪਰ ਦਲ-ਬਦਲੂਆਂ ਦੇ ਆਦੀ ਹੋਣ ਦੇ ਦੋਸ਼ਾਂ ਬਾਰੇ ਸ. ਢੀਡਸਾ ਨੇ ਕਿਹਾ ਕਿ ਇਹ ਉਨ੍ਹਾਂ (ਬ੍ਰਹਮਪੁਰਾ) ਦੀ ਪਾਰਟੀ  ਦੀ ਕੋਰ ਕਮੇਟੀ ਦੇ ਮੈਂਬਰ ਰਹੇ ਹਨ। ਉਨ੍ਹਾਂ ਦੇ ਕਹਿਣ ਦਾ ਭਾਵ ਸੀ ਕਿ ਜੇ ਉਹ ਦਲ-ਬਦਲੀ ਦੇ ਆਦੀ ਹਨ ਤਾਂ ਉਨ੍ਹਾਂ ਨੂੰ ਅਹਿਮ ਅਹੁਦੇ ਕੁਉਂ ਦਿਤੇ ਗਏ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।