ਨਵੇਂ ਅਕਾਲੀ ਦਲ ਨੂੰ ਖੜਾ ਕਰਨ ਦਾ ਜੋਸ਼ ਜਾਰੀ : ਸੁਖਦੇਵ ਸਿੰਘ ਢੀਂਡਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਪਹਿਲਾਂ ਸ਼੍ਰੋਮਣੀ ਕਮੇਟੀ ਅਤੇ ਫਿਰ 2022 ਅਸੈਂਬਲੀ ਚੋਣਾਂ ਸਾਡਾ ਮੁੱਖ ਨਿਸ਼ਾਨਾ

Sukhdev Singh dhindsa

ਚੰਡੀਗੜ੍ਹ: ਸਾਰੇ ਮੁਲਕ ਵਿਚ ਕੋਰੋਨਾ ਵਾਇਰਸ ਦੇ ਡਰ ਨਾਲ ਹਾਹਾਕਾਰ ਮਚੀ ਹੋਈ ਹੈ, ਸੂਬਾ ਸਰਕਾਰਾਂ ਤੇ ਕੇਂਦਰ ਸਰਕਾਰ ਅੱਡੀ ਚੋਟੀ ਦਾ ਜ਼ੋਰ ਇਸ ਦੇ ਪਸਾਰ ਨੂੰ ਰੋਕਣ ਲਈ ਲਾ ਰਹੀਆਂ ਹਨ ਪਰ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਪਿਛਲੇ ਸਾਲ ਸਤੰਬਰ-ਅਕਤੂਬਰ ਵਿਚ ਤੋੜ ਵਿਛੋੜਾ ਕਰ ਚੁਕੇ ਮੌਜੂਦਾ ਰਾਜ ਸਭਾ ਮੈਂਬਰ ਤੇ ਸੀਨੀਅਰ ਅਕਾਲੀ ਨੇਤਾ ਸ. ਸੁਖਦੇਵ ਸਿੰਘ ਢੀਂਡਸਾ ਮਈ-ਜੂਨ ਦੀ ਕਹਿਰਾਂ ਦੀ ਗਰਮੀ ਵਿਚ ਵੀ ਸਿਆਸੀ ਮੇਲ-ਜੋਲ ਕਰਨ ਵਿਚ ਰੁਝੇ ਹੋਏ ਹਨ।

ਅੱਜ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਸ. ਸੁਖਦੇਵ ਸਿੰਘ ਢੀਂਡਸਾ ਨੇ ਦਸਿਆ ਕਿ ਨਵਾਂ ਅਕਾਲੀ ਦਲ ਖੜਾ ਕਰਨ ਅਤੇ ਪਹਿਲਾਂ ਸ਼੍ਰੋਮਣੀ ਕਮੇਟੀ ਚੋਣਾਂ ਤੇ ਫਿਰ 2022 ਦੀਆਂ ਅਸੈਂਬਲੀ ਚੋਣਾਂ ਵਿਚ ਕਾਮਯਾਬੀ ਹਾਸਲ ਕਰਨ ਤੇ ਬਾਦਲ ਦਲੀਆਂ ਨੂੰ ਭਾਂਜ ਦੇਣਾ ਉਨ੍ਹਾਂ ਦਾ ਮੁੱਖ ਨਿਸ਼ਾਨਾ ਹੈ। ਸ. ਢੀਂਡਸਾ ਨੇ ਕਿਹਾ ਕਿ ਉਂਜ ਤਾਂ ਸਤੰਬਰ ਤੋਂ ਲੈ ਕੇ ਇਸ ਸਾਲ ਮਾਰਚ ਦੀ 22 ਤਕ ਅਨੇਕਾਂ ਵੱਡੀਆਂ ਛੋਟੀਆਂ ਮੀਟਿੰਗਾਂ ਦੌਰਾਨ ਸਿਆਸੀ ਗਤੀਵਿਧੀਆਂ ਜਾਰੀ ਰਹੀਆਂ

ਪਰ ਹੁਣ ਪਿਛਲੇ ਢਾਈ ਮਹੀਨਿਆਂ ਤੋਂ ਮੋਗਾ, ਪਟਿਆਲਾ, ਮੁਕਤਸਰ, ਜਲੰਧਰ, ਹੁਸ਼ਿਆਰਪੁਰ ਜ਼ਿਲ੍ਹੇ ਵਿਚ ਗੇੜੇ ਲੱਗਣੇ ਜਾਰੀ ਹਨ ਅਤੇ ਛੋਟੀਆਂ ਬੈਠਕਾਂ ਵੀ ਘਰਾਂ ਵਿਚ ਵਿਚ ਚਲ ਰਹੀਆਂ ਹਨ। ਸ. ਢੀਂਡਸਾ ਨੇ ਦਸਿਆ ਕਿ ਜੁਲਾਈ ਮਹੀਨੇ ਤੋਂ ਲੋਕ ਸਭਾ ਤੇ ਰਾਜ ਸਭਾ ਸੈਸ਼ਨ ਯਾਨੀ ਪਾਰਲੀਮੈਂਟ ਦਾ ਇਜਲਾਸ ਐਤਕੀਂ ਵੀਡੀਉ ਰਾਹੀਂ ਜਾਂ ਡਿਜੀਟਲ ਢੰਗ ਨਾਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੈ।

ਇਸ ਦੌਰਾਨ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ ਤਾਕਿ ਛੇਤੀ ਹੀ ਚੀਫ਼ ਕਮਿਸ਼ਨਰ ਗੁਰਦਵਾਰਾ ਚੋਣਾਂ ਨਿਯੁਕਤ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਟਕਸਾਲੀ ਅਕਾਲੀ ਨੇਤਾ ਸੇਵਾ ਸਿੰਘ ਸੇਖਵਾਂ, ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ, ਦੇਸ ਰਾਜ ਧੁੱਗਾ, ਜਗਦੀਸ਼ ਸਿੰਘ ਗੜਚਾ, ਸਰੂਪ ਸਿੰਘ-ਸੰਘ ਢੇਸੀਆ ਤੇ ਹੋਰ ਸਿਰਕੱਢ ਸ਼੍ਰੋਮਣੀ ਕਮੇਟੀ ਮੈਂਬਰ, ਸਾਡੀ ਨਵੀਂ ਜਥੇਬੰਦੀ ਨਾਲ ਜੁੜ ਚੁਕੇ ਹਨ

ਅਤੇ ਕਈ ਜੁੜਨ ਲਈ ਕਾਹਲੇ ਹਨ। ਭਲਕੇ ਜਲੰਧਰ, ਮੋਗਾ ਤੇ ਹੋਰ ਇਲਾਕਿਆਂ ਵਿਚ ਪੁਰਾਣੇ ਤੇ ਨਵੇਂ ਅਕਾਲੀ ਲੀਡਰਾਂ ਨਾਲ ਰਾਬਤਾ ਕਾਇਮ ਕਰਨ ਲਈ ਜਾ ਰਹੇ ਸ. ਸੁਖਦੇਵ ਸਿੰਘ ਢੀਂਡਸਾ ਨੇ ਸਪਸ਼ਟ ਕੀਤਾ ਕਿ ਮਾਲਵਾ-ਮਾਝਾ ਤੇ ਦੋਆਬਾ ਇਲਾਕਿਆਂ ਵਿਚ ਬਾਦਲਾਂ ਪ੍ਰਤੀ ਲੋਕਾਂ ਦਾ ਗੁੱਸਾ ਜਾਰੀ ਹੈ

ਅਤੇ ਉਹ ਗ਼ੈਰ ਕਾਂਗਰਸੀ, ਗ਼ੈਰ ਬਾਦਲ ਦਲੀ ਕਿਸੇ ਵੀ ਸਿਆਸੀ ਸਿੱਖ ਜਥੇਬੰਦੀ ਦੇ ਹੱਕ ਵਿਚ ਭੁਗਤਣਾ ਚਾਹੁੰਦੇ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਆਉਂਦੇ 2 ਜਾਂ 3 ਮਹੀਨਿਆਂ ਤਕ ਨਵੇਂ ਅਕਾਲੀ ਦਲ ਦਾ ਗਠਨ ਕਰਨ ਉਪਰੰਤ ਹੋਰ ਪਾਰਟੀਆਂ ਤੋਂ ਵੀ ਲੀਡਰ ਤੇ ਵਰਕਰ ਜੁੜਨਾ ਸ਼ੁਰੂ ਹੋ ਜਾਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।