ਪੰਜਾਬ ਯੂਨੀਵਰਸਿਟੀ ਖੋਹਣ ਦੀ ਹੋ ਚੁੱਕੀ ਪੂਰੀ ਸਾਜਿਸ਼, ਪਾਲੀ ਭੁਪਿੰਦਰ ਨੇ ਖੋਲ੍ਹੇ ਗੁੱਝੇ ਭੇਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਪੰਜਾਬੀਆਂ ਕੋਲੋਂ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੀਤੇ ਕਾਫੀ ਸਮੇਂ ਤੋਂ ਸਿੱਖ ਅਧਿਆਪਕਾਂ ਨੂੰ ਵੀ ਦਰਕਿਨਾਰ ਕੀਤਾ ਜਾ ਰਿਹਾ ਹੈ।

Pali Bhupinder Singh

ਚੰਡੀਗੜ੍ਹ (ਹਰਦੀਪ ਸਿੰਘ ਭੋਗਲ): ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਪੰਜਾਬੀਆਂ ਕੋਲੋਂ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੀਤੇ ਕਾਫੀ ਸਮੇਂ ਤੋਂ ਸਿੱਖ ਅਧਿਆਪਕਾਂ ਨੂੰ ਵੀ ਦਰਕਿਨਾਰ ਕੀਤਾ ਜਾ ਰਿਹਾ ਹੈ। ਇਸ ਮੁੱਦੇ ਨੂੰ ਲੈ ਕੇ ਵਿਵਾਦ ਜਾਰੀ ਹੈ, ਕਈ ਵਿਦਿਆਰਥੀ ਜਥੇਬੰਦੀਆਂ ਵੱਲੋਂ ਵੀ ਇਸ ਮੁੱਦੇ ਨੂੰ ਜ਼ੋਰਾਂ ਸ਼ੋਰਾਂ ਨਾਲ ਚੁੱਕਿਆ ਜਾ ਰਿਹਾ ਹੈ। ਇਸ ਮੁੱਦੇ ਸਬੰਧੀ ਵਿਸਥਾਰ ਨਾਲ ਜਾਣਕਾਰੀ ਦੇਣ ਲਈ ਯੂਨੀਵਰਸਿਟੀ ਦੇ ਅਧਿਆਪਕ  ਅਤੇ ਫਿਲਮ ਨਿਰਦੇਸ਼ਕ ਪਾਲੀ ਭੁਪਿੰਦਰ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕੀਤੀ।

ਯੂਨੀਵਰਸਿਟੀ ਦੇ ਹਲਾਤਾਂ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਕਾਫੀ ਦੇਰ ਤੋਂ ਯੂਨੀਵਰਸਿਟੀ ਨੂੰ ਕੇਂਦਰ ਦੀ ਯੂਨੀਵਰਸਿਟੀ ਬਣਾਉਣ ਦੀਆਂ ਕੋਸ਼ਿਸ਼ਾਂ ਜਾਰੀ ਸਨ। ਕਿਸਾਨ ਅੰਦੋਲਨ ਕਾਰਨ ਭਾਜਪਾ ਸਰਕਾਰ ਦੇ ਹੱਥ ਰੁਕੇ ਹੋਏ ਹਨ। ਵੈੱਸਬਾਈਟਾਂ ਅਪਡੇਟ ਹੋ ਚੁੱਕੀਆਂ ਸਨ ਤੇ ਵਿਕੀਪੀਡੀਆ ’ਤੇ ਵੀ ਯੂਨੀਵਰਸਿਟੀ ਨੂੰ ਕੇਂਦਰ ਦੀ ਯੂਨੀਵਰਸਿਟੀ ਕਹਿਣਾ ਸ਼ੁਰੂ ਕਰ ਦਿੱਤਾ ਸੀ ਜਦਕਿ ਇਹ ਪੰਜਾਬ ਦੀ ਯੂਨੀਵਰਸਿਟੀ ਹੈ। ਹੁਣ ਵੀ ਸਰਕਾਰ ਕਈ ਸਾਜ਼ਿਸ਼ਾਂ ਰਚ ਕੇ ਯੂਨੀਵਰਸਿਟੀ ਵਿਚੋਂ ਪੰਜਾਬ ਨੂੰ ਬੇਦਖ਼ਲ ਕਰਨ ਦੀਆਂ ਚਾਲਾਂ ਚੱਲ ਰਹੀ ਹੈ।

ਪਾਲੀ ਭੁਪਿੰਦਰ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੀ ਸਭ ਤੋਂ ਚੰਗੀ ਗੱਲ ਇਹੀ ਹੈ ਕਿ ਇਸ ਨੂੰ ਇਕ ਸੈਨੇਟ ਤੇ ਸਿੰਡੀਕੇਟ ਵੱਲੋਂ ਚਲਾਇਆ ਜਾ ਰਿਹਾ ਹੈ। ਇਹ ਢਾਂਚਾ ਦੇਸ਼ ਦੀਆਂ ਸਿਰਫ ਦੋ ਯੂਨੀਵਰਸਿਟੀਆਂ ਵਿਚ ਹੈ ਤੇ ਇਹ ਬਹੁਤ ਕਾਮਯਾਬ ਢਾਂਚਾ ਹੈ। ਜੇਕਰ ਇਸ ਵਿਚ ਕੋਈ ਕਮੀ ਸੀ ਤਾਂ ਸੁਧਾਰ ਦੀ ਲੋੜ ਸੀ ਪਰ ਇਸ ਨੂੰ ਭੰਗ ਨਹੀਂ ਸੀ ਕਰਨਾ ਚਾਹੀਦਾ। ਭੁਪਿੰਦਰ ਪਾਲੀ ਨੇ ਦੱਸਿਆ ਕਿ ਅੱਜ ਤੋਂ ਤਿੰਨ ਸਾਲ ਪਹਿਲਾਂ ਯੂਨੀਵਰਸਿਟੀ ਵਿਚ ਉਪ ਕੁਲਪਤੀ ਵਜੋਂ ਸ੍ਰੀ ਰਾਜ ਕੁਮਾਰ ਆਏ, ਸ਼ਾਇਦ ਇਹ ਪਹਿਲੀ ਵਾਰ ਸੀ ਕਿ ਕਿਸੇ ਗੈਰ-ਪੰਜਾਬੀ ਪਿਛੋਕੜ ਵਾਲੇ ਵਿਅਕਤੀ ਨੂੰ ਵੀਸੀ ਲਗਾਇਆ ਗਿਆ।

ਕਾਂਗਰਸ ਸਰਕਾਰ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ। ਅਸੀਂ ਵੀ ਇਸ ਦਾ ਸਵਾਗਤ ਕੀਤਾ ਪਰ ਨਿਯੁਕਤੀ ਤੋਂ ਕੁਝ ਦਿਨ ਬਾਅਦ ਹੀ ਉਹ ਆਰਐਸਐਸ ਦਫ਼ਤਰ ਗਏ ਜਦਕਿ ਉਹਨਾਂ ਨੂੰ ਵਿਦਿਆਰਥੀਆਂ ਨੂੰ ਮਿਲਣਾ ਚਾਹੀਦਾ ਸੀ। ਇਸ ਦੌਰਾਨ ਉਹਨਾਂ ਨੇ ਯੂਨੀਰਵਸਿਟੀ ਵਿਚ ਆਰਐਸਐਸ ਨੂੰ ਹੱਲਾਸ਼ੇਰੀ ਦੇਣੀ ਸ਼ੁਰੂ ਕੀਤੀ ਤੇ ਉਹਨਾਂ ਦੇ ਆਲੇ ਦੁਆਲੇ ਵਿਚ ਆਰਐਸਐਸ ਦੇ ਵਿਅਕਤੀ ਹੀ ਹਨ। ਸਿੱਖ ਚਿਹਰਿਆਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ ਕਈ ਸਿੱਖ ਚਿਹਰੇ ਤਾਂ ਅੱਕ ਕੇ ਚਲ ਗਏ। ਪਾਲੀ ਭੁਪਿੰਦਰ ਨੇ ਦੱਸਿਆ ਤਿੰਨ ਸਾਲ ਤੋਂ ਵੀਸੀ ਨੇ ਉਹਨਾਂ ਦੀ ਤਰੱਕੀ ਧੱਕੇ ਨਾਲ ਰੋਕੀ ਹੋਈ ਹੈ।

ਉਹਨਾਂ ਕਿਹਾ ਹੈਰਾਨੀ ਵਾਲੀ ਗੱਲ ਹੈ ਕਿ ਯੂਨੀਵਰਸਿਟੀ ਨੂੰ ਸੈਨੇਟ ਵੱਲੋਂ ਚਲਾਇਆ ਜਾ ਰਿਹਾ ਹੈ। ਇਸ ਨੂੰ ਚਲਾਉਣ ਲਈ ਚਾਂਸਲਰ ਵੱਲੋਂ ਨਾਜਾਇਜ਼ ਕਮੇਟੀ ਬਣਾਈ ਗਈ ਹੈ। ਇਸ ਕਮੇਟੀ ਨੂੰ ਬਣਾਉਣ ਦੀ ਪਾਵਰ ਉਹਨਾਂ ਕੋਲ ਨਹੀਂ ਸੀ ਪਰ ਜਦੋਂ ਉਹਨਾਂ ਨੇ ਪੰਜਾਬ ਸਰਕਾਰ ਨੂੰ ਇਸ ਵਿਚ ਸ਼ਾਮਲ ਹੋਣ ਲਈ ਕਿਹਾ ਤਾਂ ਇਹ ਸ਼ਾਮਲ ਹੋ ਗਏ। ਸਰਕਾਰ ਨੂੰ ਕਹਿਣਾ ਚਾਹੀਦਾ ਸੀ ਕਿ ਤੁਹਾਡੇ ਕੋਲ ਇਹ ਪਾਵਰ ਨਹੀਂ ਹੈ। ਕਮੇਟੀ ਵਿਚ ਸ਼ਾਮਲ ਲੋਕਾਂ ਨੇ ਅਜਿਹੇ ਦਸਤਾਵੇਜ਼ਾਂ ’ਤੇ ਸਾਈਨ ਕੀਤੇ ਜੋ ਪੰਜਾਬ ਦੇ ਹੱਕ ਵਿਚ ਨਹੀਂ ਹਨ। 170 ਕਾਲਜਾਂ ਨੂੰ ਲਾਵਾਰਿਸ ਕੀਤਾ ਜਾ ਰਿਹਾ ਹੈ ਪਰ ਕੋਈ ਸਿਆਸੀ ਧਿਰ ਇਸ ਮਸਲੇ ਬਾਰੇ ਨਹੀਂ ਬੋਲ ਰਹੀ।

ਕੇਂਦਰ ਸਰਕਾਰ ਦੇ ਏਜੰਡੇ ਬਾਰੇ ਗੱਲ ਕਰਦਿਆਂ ਭੁਪਿੰਦਰ ਪਾਲੀ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਕੇਂਦਰ ਵੱਲੋਂ ਗਿਣੀ ਮਿੱਥੀ ਸਾਜ਼ਿਸ਼ ਤਹਿਤ ਉੱਚ ਸਿੱਖਿਆ ਨੂੰ ਸੂਬੇ ਵਿਚੋਂ ਖਤਮ ਕੀਤਾ ਹੈ। ਸਾਜ਼ਿਸ਼ ਤਹਿਤ ਯੂਥ ਨੂੰ ਤਬਾਹ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਸਿਆਸਤ ਛੱਡ ਕੇ ਇਕੱਠੇ ਹੋਣ ਦੀ ਲੋੜ ਹੈ ਤਾਂ ਜੋ ਪੰਜਾਬ ਯੂਨੀਵਰਸਿਟੀ ਨੂੰ ਬਚਾਇਆ ਜਾ ਸਕੇ। ਜੇਕਰ ਪੰਜਾਬ ਯੂਨੀਵਰਸਿਟੀ ਪੰਜਾਬ ਕੋਲੋਂ ਖੋਹ ਲਈ ਗਈ ਤਾਂ ਪੰਜਾਬ ਦੇ ਨੌਜਵਾਨਾਂ ਦਾ ਕਾਫੀ ਨੁਕਸਾਨ ਹੋਵੇਗਾ ਪੰਜਾਬ ਦੇ ਕਈ ਕਾਲਜ ਯੂਨੀਵਰਸਿਟੀ ਨਾਲੋ ਤੋੜ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਪੰਜਾਬੀ ਦਿੱਲੀ ਘੇਰ ਕੇ ਬੈਠੇ ਹਨ ਜੇਕਰ ਲੋੜ ਪਈ ਤਾਂ ਉਹ ਪੰਜਾਬ ਯੂਨੀਵਰਸਿਟੀ ਨੂੰ ਵੀ ਹੱਥੋਂ ਨਹੀਂ ਜਾਣ ਦੇਣਗੇ।

ਪਾਲੀ ਭੁਪਿੰਦਰ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਦੇਸ਼ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿਚੋਂ ਇਕ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬ ਦੇ ਨੌਜਵਾਨਾਂ ਕੋਲੋਂ ਇੰਨੀ ਵਧੀਆ ਯੂਨੀਵਰਸਿਟੀ ਕਿਉਂ ਖੋਹੀ ਜਾ ਰਹੀ ਹੈ। ਸਿਆਸੀ ਪਾਰਟੀਆਂ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਨਹੀਂ ਤਾਂ ਜਿਵੇਂ ਕਿਸਾਨਾਂ ਵੱਲੋਂ ਉਹਨਾਂ ਦਾ ਵਿਰੋਧ ਹੋ ਰਿਹਾ ਹੈ ਫਿਰ ਇਸੇ ਤਰ੍ਹਾਂ ਪੜ੍ਹੇ-ਲਿਖੇ ਨੌਜਵਾਨ ਵੀ ਉਹਨਾਂ ਦਾ ਵਿਰੋਧ ਕਰਨਗੇ।

ਉਹਨਾਂ ਕਿਹਾ ਕਿ ਇਸ ਯੂਨੀਵਰਸਿਟੀ ਨੂੰ ਬਚਾਉਣਾ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਇਹ ਯੂਨੀਵਰਸਿਟੀ ਪੰਜਾਬ ਅਤੇ ਚੰਡੀਗੜ੍ਹ ਵਿਚ ਆਖਰੀ ਲਿੰਕ ਹੈ, ਜੇ ਇਹ ਚਲੀ ਗਈ ਤਾਂ ਪੰਜਾਬ ਦਾ ਚੰਡੀਗੜ੍ਹ ’ਤੇ ਦਾਅਵਾ ਨਹੀਂ ਬਚੇਗਾ। ਪਾਲੀ ਭੁਪਿੰਦਰ ਨੇ ਦੱਸਿਆ ਕਿ ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਹੈ, ਜੇਕਰ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ ਤਾਂ ਉਹ ਹੋਰ ਆਗੂਆਂ ਨੂੰ ਅਪੀਲ ਕਰਨਗੇ ਕਿ ਮਿਲ ਕੇ ਯੂਨੀਵਰਸਿਟੀ ਨੂੰ ਬਚਾਇਆ ਜਾਵੇ। ਉਹਨਾਂ ਕਿਹਾ ਕਿ ਉਹ ਅਪਣੀ ਲੜਾਈ ਲਈ 19 ਤਰੀਕ ਤੋਂ ਮੋਰਚਾ ਸੰਭਾਲਣਗੇ, ਉਹਨਾਂ ਨੇ ਅਪਣੇ ਸਹਿਯੋਗੀਆਂ ਨੂੰ ਸਾਥ ਦੇਣ ਦੀ ਅਪੀਲ ਕੀਤੀ ਹੈ।