ਤਿੰਨ ਸਾਲ ਬਾਅਦ ਅਣਪਛਾਤੇ ਪੁਲਿਸ ਮੁਲਾਜ਼ਿਮਾਂ 'ਤੇ ਇਰਾਦਾ ਕਤਲ ਦਾ ਕੇਸ ਦਰਜ
ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਨੂੰ ਲੈ ਕੇ ਸਰਕਾਰ ਵਲੋਂ ਬਣਾਏ ਗਏ ਜਸਟੀਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਆਧਾਰ
ਫਰੀਦਕੋਟ, ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਨੂੰ ਲੈ ਕੇ ਸਰਕਾਰ ਵਲੋਂ ਬਣਾਏ ਗਏ ਜਸਟੀਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਆਧਾਰ 'ਤੇ ਤਿੰਨ ਸਾਲ ਬਾਅਦ ਕੋਟਕਪੂਰਾ ਵਿਚ 14 ਅਕਤੂਬਰ 2015 ਨੂੰ ਸਿੱਖ ਸੰਗਤ ਉੱਤੇ ਕੀਤੇ ਗਏ ਲਾਠੀਚਾਰਜ ਅਤੇ ਫਾਇਰਿੰਗ ਮਾਮਲੇ ਵਿਚ ਅਣਪਛਾਤੇ ਪੁਲਿਸ ਮੁਲਾਜ਼ਿਮਾਂ ਉੱਤੇ ਕੇਸ ਦਰਜ ਕੀਤਾ ਗਿਆ ਹੈ। ਮੰਗਲਵਾਰ ਦੇਰ ਸ਼ਾਮ ਥਾਣਾ ਸਿਟੀ ਕੋਟਕਪੂਰਾ ਵਿਚ ਅਣਪਛਾਤੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਉੱਤੇ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ।
ਪੁਲਿਸ ਨੇ ਤਿੰਨ ਸਾਲ ਬਾਅਦ ਇਹ ਕੇਸ ਉਸ ਸਮੇਂ ਗੋਲੀ ਲੱਗਣ ਨਾਲ ਜਖ਼ਮੀ ਹੋਏ ਬਰਨਾਲਾ ਨਿਵਾਸੀ ਅਜੀਤ ਸਿੰਘ ਪੁੱਤਰ ਅਵਤਾਰ ਸਿੰਘ ਦੇ ਬਿਆਨ 'ਤੇ ਦਰਜ ਕੀਤਾ ਹੈ। ਐਫ਼ਆਈਆਰ ਵਿਚ 307, 323, 341,148,149 ਅਤੇ ਆਰਮਜ਼ ਐਕਟ ਲਗਾਇਆ ਗਿਆ ਹੈ। 14 ਅਕਤੂਬਰ 2015 ਨੂੰ ਬਹਿਬਲ ਕਲਾਂ ਵਿਚ ਧਰਨਾ ਚੁੱਕਣ ਤੋਂ ਪਹਿਲਾਂ ਪੁਲਿਸ ਨੇ ਕੋਟਕਪੂਰਾ ਚੌਕ ਵਿਚ ਪ੍ਰਦਸ਼ਨ ਕਰ ਰਹੇ ਲੋਕਾਂ ਉੱਤੇ ਲਾਠੀਚਾਰਜ ਕੀਤਾ ਸੀ। ਹੰਝੂ ਗੈਸ ਦੇ ਗੋਲੇ ਸੁੱਤੇ ਗਏ ਸਨ ਅਤੇ ਹਵਾਈ ਫਾਇਰ ਵੀ ਕੀਤਾ ਗਿਆ ਸੀ।
ਇਸ ਫਾਇਰਿੰਗ ਵਿਚ ਬਰਨਾਲਾ ਨਿਵਾਸੀ ਅਜੀਤ ਸਿੰਘ ਨੂੰ ਗੋਲੀ ਲੱਗੀ ਸੀ ਜਿਸਦਾ ਕਈ ਮਹੀਨਿਆਂ ਤੱਕ ਲੁਧਿਆਣਾ ਅਤੇ ਚੰਡੀਗੜ੍ਹ ਹਸਪਤਾਲਾਂ ਵਿਚ ਇਲਾਜ ਹੋਇਆ। ਅਜੀਤ ਸਿੰਘ ਨੇ ਰਣਜੀਤ ਸਿੰਘ ਕਮਿਸ਼ਨ ਦੇ ਕੋਲ ਆਪਣਾ ਬਿਆਨ ਦਰਜ ਕਰਵਾਇਆ ਸੀ ਅਤੇ ਕਮਿਸ਼ਨ ਨੇ ਹਾਲ ਹੀ ਵਿਚ ਸਰਕਾਰ ਨੂੰ ਰਿਪੋਰਟ ਦਿੰਦੇ ਹੋਏ ਕੋਟਕਪੂਰਾ ਮਾਮਲੇ ਵਿਚ ਵੀ ਕੇਸ ਦਰਜ ਕਰਨ ਦੀ ਸਿਫਾਰਿਸ਼ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਨਵੀਂ ਐਫਆਈਆਰ ਤੋਂ ਇਲਾਵਾ 21 ਅਕਤੂਬਰ 2015 ਨੂੰ ਬਹਿਬਲ ਗੋਲੀਕਾਂਡ ਨਾਲ ਸਬੰਧਤ ਥਾਣਾ ਬਾਜਾਖਾਨਾ ਵਿਚ ਦਰਜ ਐਫਆਈਆਰ ਨੂੰ ਪੰਜਾਬ ਸਰਕਾਰ ਸੀਬੀਆਈ ਦੇ ਹਵਾਲੇ ਕਰੇਗੀ।