ਬੇਅਦਬੀ ਕਾਂਡ ਅਤੇ ਪੁਲਿਸੀਆ ਅਤਿਆਚਾਰ ਤੋਂ ਪੀੜਤ ਪਰਵਾਰਾਂ ਦੇ ਫਿਰ ਛਲਕੇ ਹੰਝੂ
ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫ਼ਾਰਸ਼ਾਂ 'ਤੇ ਕਾਰਵਾਈ ਕਰਦਿਆਂ ਬੇਅਦਬੀ ਕਾਂਡ ਤੋਂ ਬਾਅਦ.................
ਕੋਟਕਪੂਰਾ: ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫ਼ਾਰਸ਼ਾਂ 'ਤੇ ਕਾਰਵਾਈ ਕਰਦਿਆਂ ਬੇਅਦਬੀ ਕਾਂਡ ਤੋਂ ਬਾਅਦ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਢਾਹੇ ਪੁਲਿਸੀਆ ਅਤਿਆਚਾਰ ਦੀ ਜਾਂਚ ਜਿਥੇ ਸੀਬੀਆਈ ਦੇ ਹਵਾਲੇ ਕਰਨ ਦਾ ਫ਼ੈਸਲਾ ਕੀਤਾ ਹੈ, ਉਥੇ ਸ਼ਹੀਦ ਪਰਵਾਰਾਂ ਨੂੰ ਇਕ-ਇਕ ਕਰੋੜ ਰੁਪਏ ਮੁਆਵਜ਼ਾ, ਅਪਾਹਜਾਂ ਲਈ 60 ਲੱਖ ਤੇ ਗੰਭੀਰ ਜ਼ਖ਼ਮੀਆਂ ਲਈ 50-50 ਲੱਖ ਰੁਪਏ ਸਹਾਇਤਾ ਦੇਣ ਦੇ ਕੀਤੇ ਐਲਾਨ ਨੇ ਭਾਵੇਂ ਪੀੜਤ ਪਰਵਾਰਾਂ ਨੂੰ ਕੁੱਝ ਰਾਹਤ ਦਿਤੀ ਹੈ ਪਰ ਪੀੜਤ ਪਰਵਾਰ ਅਜੇ ਵੀ ਇਸ ਗੱਲ 'ਤੇ ਦ੍ਰਿੜ ਹਨ ਕਿ
ਉਨ੍ਹਾਂ ਦੇ ਜ਼ਖ਼ਮਾਂ 'ਤੇ ਮੱਲਮ ਉਸ ਦਿਨ ਲੱਗੇਗੀ ਜਿਸ ਦਿਨ ਬੇਅਦਬੀ ਕਾਂਡ ਦੇ ਦੋਸ਼ੀਆਂ ਅਤੇ ਗੋਲੀ ਚਲਾਉਣ ਵਾਲੇ ਪੁਲਿਸ ਕਰਮਚਾਰੀਆਂ ਨੂੰ ਸਜ਼ਾ ਮਿਲੇਗੀ।
ਪੱਤਰਕਾਰਾਂ ਦੀ ਟੀਮ ਨੇ ਇਸ ਸਬੰਧੀ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਅਤੇ ਗੁਰਜੀਤ ਸਿੰਘ ਸਰਾਵਾਂ ਦੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਗੱਲਬਾਤ ਕੀਤੀ ਤਾਂ ਉਨ੍ਹਾਂ ਦੇ ਚਿਹਰੇ 'ਤੇ ਅਪਣੇ ਵਿਛੜ ਚੁਕੇ ਲੜਕਿਆਂ ਦੇ ਵਿਯੋਗ ਦੇ ਹਾਵਭਾਵ ਅਜੇ ਵੀ ਜਿਉਂ ਦੇ ਤਿਉਂ ਸਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦਾ ਤਾਂ ਧਨਵਾਦ ਕੀਤਾ ਪਰ ਨਾਲ ਹੀ ਆਖਿਆ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ।
ਕ੍ਰਿਸ਼ਨ ਸਿੰਘ ਨਿਆਮੀਵਾਲਾ ਦੇ ਪਿਤਾ ਮਹਿੰਦਰ ਸਿੰਘ, ਪਤਨੀ ਵੀਰਪਾਲ ਕੌਰ, ਬੇਟੀ ਅੰਮ੍ਰਿਤਪਾਲ ਕੌਰ ਅਤੇ ਬੇਟਿਆਂ ਸੁਖਰਾਜ ਸਿੰਘ ਤੇ ਪ੍ਰਭਦੀਪ ਸਿੰਘ ਨੇ ਆਖਿਆ ਕਿ ਭਾਵੇਂ ਉਨ੍ਹਾਂ ਦਾ ਇਸ ਕਾਂਡ 'ਚ ਬਹੁਤ ਨੁਕਸਾਨ ਹੋਇਆ ਹੈ ਜਿਸ ਦੀ ਭਰਪਾਈ ਜ਼ਿੰਦਗੀ ਭਰ ਨਹੀਂ ਹੋ ਸਕਦੀ ਪਰ ਉਨ੍ਹਾਂ ਦੇ ਜ਼ਖ਼ਮ ਉਸ ਦਿਨ ਭਰੇ ਜਾਣਗੇ ਜਿਸ ਦਿਨ ਦੋਸ਼ੀਆਂ ਨੂੰ ਸਜ਼ਾਵਾਂ ਮਿਲਣਗੀਆਂ। ਕ੍ਰਿਸ਼ਨ ਸਿੰਘ ਦੀ ਤਸਵੀਰ ਨੂੰ ਦੇਖ ਕੇ ਸਾਰੇ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ 'ਚ ਅੱਥਰੂ ਛਲਕ ਪਏ।
ਗੁਰਜੀਤ ਸਿੰਘ ਸਰਾਵਾਂ ਦੇ ਪਿਤਾ ਸਾਧੂ ਸਿੰਘ, ਮਾਤਾ ਅਮਰਜੀਤ ਕੌਰ, ਭਰਾ ਜਗਦੀਪ ਸਿੰਘ ਅਤੇ ਭਰਜਾਈ ਬਲਜੀਤ ਕੌਰ ਨੇ ਵੀ ਇਹੀ ਦੁਹਰਾਇਆ ਕਿ ਗੁਰੂ
ਗੰ੍ਰਥ ਸਾਹਿਬ ਸਭਨਾਂ ਦੇ ਸਾਂਝੇ ਰਹਿਬਰ ਹੋਣ ਦੇ ਬਾਵਜੂਦ ਜਿਨ੍ਹਾਂ ਸਮਾਜ ਵਿਰੋਧੀ ਅਨਸਰਾਂ ਨੇ ਪਾਵਨ ਸਰੂਪ ਦੀ ਬੇਅਦਬੀ ਕੀਤੀ, ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਮੰਨਿਆ ਕਿ ਸੀਬੀਆਈ ਤੋਂ ਇਨਸਾਫ਼ ਮਿਲਣ ਦੀ ਉਨ੍ਹਾਂ ਨੂੰ ਪੂਰਨ ਆਸ ਹੈ ਪਰ ਬੇਅਦਬੀ ਕਾਂਡ ਅਤੇ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਬਿਨਾਂ ਚੇਤਾਵਨੀ ਦਿਤੇ ਗੋਲੀ ਚਲਾਉਣ ਵਾਲੇ ਪੁਲਿਸ ਕਰਮਚਾਰੀਆਂ ਵਿਰੁਧ ਬਣਦੀ ਕਾਰਵਾਈ ਤੋਂ ਬਿਨਾਂ ਉਨ੍ਹਾਂ ਦੇ ਹਿਰਦੇ ਸ਼ਾਂਤ ਨਹੀਂ ਹੋਣਗੇ। ਪੁਲਿਸੀਆ ਅਤਿਆਚਾਰ ਦੌਰਾਨ ਜ਼ਖ਼ਮੀ ਹੋਣ ਵਾਲੇ ਪੀੜਤਾਂ ਦਾ ਵੀ ਇਹੀ ਕਹਿਣਾ ਹੈ ਕਿ ਬੇਅਦਬੀ ਕਾਂਡ ਅਤੇ ਗੋਲੀਕਾਂਡ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਤਕ ਉਹ ਇਨਸਾਫ਼ ਨੂੰ ਅਧੂਰਾ ਮੰਨਣਗੇ।