ਸਿਹਤ ਮੰਤਰੀ ਨੇ ਫਰੀਦਕੋਟ ਦੇ GGS ਮੈਡੀਕਲ ਹਸਪਤਾਲ ਨੂੰ ਨਿੱਜੀ ਖਾਤੇ 'ਚੋਂ ਭੇਜੇ 200 ਗੱਦੇ 

ਏਜੰਸੀ

ਖ਼ਬਰਾਂ, ਪੰਜਾਬ

ਪਿਛਲੇ ਦਿਨੀਂ ਚਰਚਾ ਦਾ ਵਿਸਾ ਬਣੇ ਸਨ ਹਸਪਤਾਲ ਦੇ ਗੰਦੇ ਗੱਦੇ 

Health Minister sent 200 mattresses to GGS Medical Hospital in Faridkot from his personal account

 

ਫਰੀਦਕੋਰਟ - ਬੀਤੇ ਦਿਨੀਂ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਵੱਲੋਂ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਦਾ ਦੌਰਾ ਕੀਤਾ ਗਿਆ ਸੀ ਜਿਸ ਦੌਰਾਨ ਹਸਪਤਾਲ ਅੰਦਰ ਕਈ ਖ਼ਰਾਬੀਆਂ ਪਾਈਆਂ ਗਈਆਂ ਸਨ। ਇਕ ਵਾਰਡ ਵਿਚ ਖ਼ਰਾਬ ਗੱਦਿਆਂ ਦੇ ਮਾਮਲੇ ਵਿਚ ਬਾਬਾ ਫਰੀਦ ਯੂਨੀਵਰਸਟੀ ਦੇ ਵਾਇਸ ਚਾਂਸਲਰ ਅਤੇ ਚੇਤਨ ਜੌੜਾ ਮਾਜਰਾ ਵਿਚਕਾਰ ਕਾਫੀ ਵਿਵਾਦ ਵੀ ਪੈਦਾ ਹੋਇਆ ਸੀ ਜੋ ਕਾਫ਼ੀ ਭਖਿਆ ਹੋਇਆ ਹੈ। ਇਸ ਮਾਮਲੇ ਵਿਚਕਾਰ ਹੁਣ ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਵੱਲੋਂ ਫਰੀਦਕੋਟ ਦੇ ਗੁਰੂ ਗਬਿੰਦ ਸਿੰਘ ਮੈਡੀਕਲ ਹਸਪਤਾਲ ਨੂੰ ਆਪਣੇ ਨਿੱਜੀ ਖਾਤੇ ਵਿਚੋਂ 200 ਗੱਦੇ  ਭੇਜੇ ਗਏ ਹਨ ਜਿੰਨਾਂ ਵਿਚੋਂ 80 ਗੱਦਿਆਂ ਦੀ ਪਹਿਲੀ ਖੇਪ ਅੱਜ ਫਰੀਦਕੋਟ ਪਹੁੰਚ ਗਈ ਹੈ।

ਜਾਣਾਕਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਜਿਲ੍ਹਾ ਸਕੱਤਰ ਗੁਰਤੇਜ ਸਿੰਘ ਖੋਸਾ ਨੇ ਦੱਸਿਆ ਕਿ ਸਿਹਤ ਮੰਤਰੀ ਜਦੋਂ ਫਰੀਦਕੋਟ ਵਿਖੇ ਜੀਜੀਐਸ ਮੈਡੀਕਲ ਹਸਪਤਾਲ ਵਿਚ ਚੈਕਿੰਗ ਕਰਨ ਆਏ ਸਨ ਤਾਂ ਉਹਨਾਂ ਨੇ ਹਸਪਤਾਲ ਵਿਚ ਕਈ ਉਣਤਾਈਆਂ ਪਾਈਆਂ ਸਨ ਜਿੰਨਾਂ ਵਿਚੋਂ ਇਕ ਸਮੱਸਿਆ ਗੱਦਿਆ ਦੀ ਸੀ ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਅੱਜ ਸਿਹਤ ਮੰਤਰੀ ਵੱਲੋਂ ਆਪਣੇ ਨਿੱਜੀ ਖਾਤੇ ਵਿਚੋਂ 200 ਗੱਦੇ ਜੀਜੀਐਸ ਮੈਡੀਕਲ ਹਸਪਤਾਲ ਨੂੰ ਦਾਨ ਦਿੱਤੇ ਗਏ ਹਨ, ਜਿਨ੍ਹਾਂ ਵਿਚੋਂ 80 ਗੱਦਿਆਂ ਦੀ ਪਹਿਲੀ ਖੇਪ ਹਸਪਤਾਲ ਪਹੁੰਚ ਗਈ ਹੈ ਅਤੇ ਬਾਕੀ ਵੀ ਜਲਦ ਪਹੁੰਚ ਜਾਣਗੇ।

ਜਦ ਉਹਨਾਂ ਨੂੰ ਹਸਪਤਾਲ ਅੰਦਰ ਸਿਹਤ ਸੇਵਾਵਾਂ ਵਿਚ ਪਾਈਆਂ ਗਈਆਂ ਹੋਰ ਖਾਮੀਆਂ ਨੂੰ ਦਰੁੱਸਤ ਕਰਨ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਸਮੇਂ ਦੇ ਨਾਲ ਸਭ ਕੁਝ ਠੀਕ ਹੋ ਜਾਵੇਗਾ ਸਰਕਾਰ ਲੱਗੀ ਹੋਈ ਹੈ। ਇਸ ਦੇ ਨਾਲ ਆਯੂਸ਼ਮਾਨ ਸਿਹਤ ਸੇਵਾ ਸਕੀਮ ਬਾਰੇ ਪੁੱਛੇ ਸਵਾਲ 'ਤੇ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਇਸ ਸਕੀਮ ਤਹਿਤ ਰੁਕਿਆ ਪੈਸਾ ਦੇ ਦਿੱਤਾ ਗਿਆ ਹੈ ਅਤੇ ਹੁਣ ਇਲਾਜ ਸ਼ੁਰੂ ਹੋਣ ਜਾ ਰਿਹਾ ਅਤੇ ਨਿੱਜੀ ਹਸਪਤਾਲਾਂ ਵਿਚ ਵੀ ਜਲਦ ਇਲਾਜ ਸ਼ੁਰੂ ਹੋ ਜਾਵੇਗਾ।

ਇਸ ਮੌਕੇ ਗੱਲਬਾਤ ਕਰਦਿਆਂ ਆਪ ਆਗੂ ਅਮਨਦੀਪ ਸਿੰਘ ਨੇ ਕਿਹਾ ਕਿ ਸਿਹਤ ਮੰਤਰੀ ਵੱਲੋਂ 200 ਗੱਦੇ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਨੂੰ ਭੇਜੇ ਗਏ ਹਨ ਅਤੇ ਜਲਦ ਹੀ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ 400 ਹੋਰ ਗੱਦੇ ਹਸਪਤਾਲ ਨੂੰ ਭੇਂਟ ਕੀਤੇ ਜਾਣਗੇ। ਸਿਰਫ ਨਵੇਂ ਗੱਦੇ ਆਉਣ ਨਾਲ ਹਸਪਤਾਲ ਦੇ ਪ੍ਰਬੰਧ ਅਤੇ ਸਿਹਤ ਸੇਵਾਵਾਂ ਵਿਚ ਸੁਧਾਰ ਆਉਣ ਬਾਰੇ ਪੁੱਛੇ ਗਏ ਸਵਾਲ 'ਤੇ ਉਹਨਾਂ ਕਿਹਾ ਕਿ ਜਲਦ ਹੀ ਬਾਕੀ ਸਮੱਸਿਆਵਾਂ ਦਾ ਵੀ ਹੱਲ ਕੀਤਾ ਜਾਵੇਗਾ।