ਮਨਿਸਟਰਜ਼ ਫ਼ਲਾਇੰਗ ਸਕੁਐਡ ਵਲੋਂ 5 ਲੀਟਰ ਡੀਜ਼ਲ ਚੋਰੀ ਕਰਦਾ ਡਰਾਈਵਰ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਵਾਰੀਆਂ ਤੋਂ ਪੈਸੇ ਲੈ ਕੇ ਟਿਕਟ ਨਾ ਦੇਣ ਵਾਲੇ ਦੋ ਕੰਡਕਟਰ ਵੀ ਫੜੇ

Cabinet Minister Laljit Singh Bhullar

ਚੰਡੀਗੜ੍ਹ, 8 ਅਗਸਤ: ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਗਠਤ ਕੀਤੇ ਗਏ ਮਨਿਸਟਰਜ਼ ਫ਼ਲਾਇੰਗ ਸਕੁਐਡ ਨੇ ਪਿਛਲੇ ਇਕ ਹਫ਼ਤੇ ਦੌਰਾਨ ਵੱਖ-ਵੱਖ ਥਾਵਾਂ 'ਤੇ ਮਾਰੇ ਛਾਪਿਆਂ ਵਿਚ ਜਿਥੇ 5 ਲੀਟਰ ਡੀਜ਼ਲ ਚੋਰੀ ਕਰਦੇ ਡਰਾਈਵਰ ਨੂੰ ਰੰਗੇ-ਹੱਥੀਂ ਕਾਬੂ ਕੀਤਾ ਹੈ, ਉਥੇ ਸਵਾਰੀਆਂ ਤੋਂ ਪੈਸੇ ਲੈ ਕੇ ਟਿਕਟ ਨਾ ਦੇਣ ਵਾਲੇ ਦੋ ਕੰਡਕਟਰਾਂ ਸਮੇਤ ਅਣਅਧਿਕਾਰਤ ਰੂਟ 'ਤੇ ਚੱਲਣ ਵਾਲੀਆਂ ਪੰਜ ਬੱਸਾਂ ਨੂੰ ਰਿਪੋਰਟ ਕੀਤਾ ਗਿਆ ਹੈ।

ਪੜ੍ਹੋ ਪੂਰੀ ਖ਼ਬਰ :ਇਮਰਾਨ ਖਾਨ ਨੂੰ ਮੱਖੀਆਂ ਅਤੇ ਖਟਮਲਾਂ ਨਾਲ ਭਰੀ ਕੋਠੜੀ 'ਚ ਰਖਿਆ ਗਿਆ : ਮੀਡੀਆ ਰਿਪੋਰਟਾਂ  

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਲਾਲਜੀਤ ਸਿੰਘ ਭੁੱਲਰ ਨੇ ਦਸਿਆ ਕਿ ਮਨਿਸਟਰਜ਼ ਫ਼ਲਾਇੰਗ ਸਕੁਐਡ ਨੇ ਸ੍ਰੀ ਝਾੜ ਸਾਹਿਬ ਵਿਖੇ ਚੈਕਿੰਗ ਦੌਰਾਨ ਰੋਡਵੇਜ਼/ਪਨਬੱਸ ਡਿਪੂ ਲੁਧਿਆਣਾ ਦੀ ਬੱਸ ਨੰਬਰ ਪੀ.ਬੀ-10-ਡੀ.ਐਮ 8073 ਵਿਚੋਂ ਤੇਲ ਚੋਰੀ ਕਰਦਿਆਂ ਡਰਾਈਵਰ ਚਰਨਜੀਤ ਸਿੰਘ ਨੂੰ ਰੰਗੇ-ਹੱਥੀਂ ਕਾਬੂ ਕੀਤਾ ਹੈ। ਉਸ ਕੋਲੋਂ ਮੌਕੇ ਤੋਂ 5 ਲੀਟਰ ਡੀਜ਼ਲ ਬਰਾਮਦ ਕੀਤਾ ਗਿਆ ਹੈ।

ਉਨ੍ਹਾਂ ਦਸਿਆ ਕਿ ਇਸੇ ਤਰ੍ਹਾਂ ਕੈਰਾਨਾ (ਉੱਤਰ ਪ੍ਰਦੇਸ਼) ਵਿਖੇ ਫ਼ਲਾਇੰਗ ਸਕੁਐਡ ਨੇ ਚੈਕਿੰਗ ਕੀਤੀ ਅਤੇ ਚੰਡੀਗੜ੍ਹ ਡਿਪੂ ਦੀ ਬੱਸ ਨੰਬਰ ਪੀ.ਬੀ-65-ਬੀ.ਬੀ 8852 ਦੇ ਕੰਡਕਟਰ ਲਖਵਿੰਦਰ ਸਿੰਘ ਨੂੰ ਸਵਾਰੀਆਂ ਤੋਂ 845 ਰੁਪਏ ਲੈ ਕੇ ਟਿਕਟਾਂ ਨਾ ਦੇਣ ਲਈ ਰਿਪੋਰਟ ਕੀਤਾ ਗਿਆ ਹੈ ਜਦਕਿ ਖਮਾਣੋਂ ਵਿਖੇ ਚੈਕਿੰਗ ਦੌਰਾਨ ਪੰਜਾਬ ਰੋਡਵਜ਼/ਪਨਬਸ ਪੱਟੀ ਡਿਪੂ ਦੀ ਬੱਸ ਨੰਬਰ ਪੀ.ਬੀ-02-ਈ.ਜੀ 4398 ਦੇ ਡਰਾਈਵਰ ਲਖਵਿੰਦਰ ਸਿੰਘ ਅਤੇ ਕੰਡਕਟਰ ਸਤਨਾਮ ਸਿੰਘ ਨੂੰ ਖਮਾਣੋਂ ਬੱਸ ਅੱਡੇ 'ਤੇ ਬੱਸ ਨਾ ਰੋਕਣ ਅਤੇ 8 ਸਵਾਰੀਆਂ ਛੱਡ ਜਾਣ ਕਾਰਨ ਵਿਭਾਗ ਨੂੰ 510 ਰੁਪਏ ਵਿੱਤੀ ਨੁਕਸਾਨ ਪਹੁੰਚਾਉਣ ਲਈ ਰਿਪੋਰਟ ਕੀਤਾ ਗਿਆ ਹੈ।

ਪੜ੍ਹੋ ਪੂਰੀ ਖ਼ਬਰ :ਕੇਰਲ ਵਿਧਾਨ ਸਭਾ ਨੇ ਯੂ.ਸੀ.ਸੀ. ਵਿਰੁਧ ਮਤਾ ਪਾਸ ਕੀਤਾ  

ਕੈਬਨਿਟ ਮੰਤਰੀ ਨੇ ਦਸਿਆ ਕਿ ਇਸ ਤੋਂ ਇਲਾਵਾ ਖੰਨਾ ਵਿਖੇ ਚੈਕਿੰਗ ਦੌਰਾਨ ਬੱਸ ਨੰਬਰ ਪੀ.ਬੀ-06-ਬੀ.ਬੀ 3756 ਤੇ ਬੱਸ ਨੰਬਰ ਪੀ.ਬੀ-06 ਬੀ.ਬੀ 5356, ਸਰਹਿੰਦ ਵਿਖੇ ਬੱਸ ਨੰਬਰ ਪੀ.ਬੀ-02-ਈ.ਜੀ 1037, ਗੁਰਾਇਆ ਵਿਖੇ ਬੱਸ ਨੰਬਰ ਪੀ.ਬੀ-06 ਬੀ.ਸੀ 0206 ਅਤੇ ਉੱਚਾ ਪਿੰਡ ਵਿਖੇ ਚੈਕਿੰਗ ਦੌਰਾਨ ਬੱਸ ਨੰਬਰ ਪੀ.ਬੀ-46-ਐਮ 9304 ਨੂੰ ਅਣ-ਅਧਿਕਾਰਤ ਰੂਟਾਂ 'ਤੇ ਚਲਦਾ ਪਾਇਆ ਗਿਆ।

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਵਾਲੇ ਡਰਾਈਵਰਾਂ ਅਤੇ ਕੰਡਕਟਰਾਂ ਵਿਰੁੱਧ ਬਣਦੀ ਕਾਰਵਾਈ ਤੁਰੰਤ ਅਮਲ ਵਿਚ ਲਿਆਂਦੀ ਜਾਵੇ।