'''ਜਥੇਦਾਰ' ਜੀ ਕੌਮ ਨੂੰ ਤੁਹਾਡੇ ਤੇ ਬਹੁਤ ਆਸਾਂ ਹਨ,ਦੋਸ਼ੀਆਂ ਨੂੰ ਕਟਹਿਰੇ ਵਿਚ ਖੜਾ ਕਰੋ''
ਗਿਆਨੀ ਗੁਰਬਚਨ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਤੋਂ ਲਾਂਬੇ ਕਰਨ ਉਪਰੰਤ ਸਿੱਖ ਕੌਮ ਨੂੰ ਆਸ ਬੱਝੀ ਸੀ ਕਿ ਇਕ ਸੂਝਵਾਨ
ਨਵਾਂਸ਼ਹਿਰ: ਗਿਆਨੀ ਗੁਰਬਚਨ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਤੋਂ ਲਾਂਬੇ ਕਰਨ ਉਪਰੰਤ ਸਿੱਖ ਕੌਮ ਨੂੰ ਆਸ ਬੱਝੀ ਸੀ ਕਿ ਇਕ ਸੂਝਵਾਨ ਤੇ ਪੜ੍ਹੇ ਲਿਖੇ ਗਿ. ਹਰਪ੍ਰੀਤ ਸਿੰਘ ਦੀ ਕਾਰਜਕਾਰੀ ਜਥੇਦਾਰ ਵਜੋਂ ਨਿਯੁਕਤੀ ਨਾਲ ਸਿੱਖ ਕੌਮ ਜਿਨ੍ਹਾਂ ਅਣਸੁਲਝੇ ਮਸਲਿਆਂ ਕਰ ਕੇ ਦੁਬਿਧਾ ਦਾ ਸ਼ਿਕਾਰ ਹੋਈ ਪਈ ਹੈ।
ਨੂੰ ਅਪਣੀ ਸੂਝ-ਬੂਝ ਤੇ ਸਿੱਖੀ ਸਿਧਾਂਤਾਂ ਉਪਰ ਪਹਿਰਾ ਦਿੰਦਿਆਂ ਬਾਖੂਬੀ ਹੱਲ ਕਰ ਲੈਣਗੇ ਤੇ ਸਿੱਖ ਕੌਮ ਨੂੰ ਚਿਰਾਂ ਤੋਂ ਸਹਿਣੀ ਪੈ ਰਹੀ ਨਮੋਸ਼ੀ ਦੇ ਆਲਮ ਵਿਚੋਂ ਬਾਹਰ ਲੈ ਆਉਣਗੇ, ਪ੍ਰੰਤੂ ਪਹਿਲਾਂ ਦੀ ਤਰ੍ਹਾਂ ਸਿੱਖ ਕੌਮ ਨੂੰ ਅਜੇ ਪਤਾ ਨਹੀਂ ਹੋਰ ਕਿੰਨਾ ਚਿਰ ਅਪਮਾਨਜਨਕ ਪ੍ਰਸਥਿਤੀਆਂ ਦਾ ਸਾਹਮਣਾ ਕਰਦਿਆਂ ਜ਼ਲੀਲ ਹੋਣਾ ਪਵੇਗਾ।
ਨਵੇਂ 'ਜਥੇਦਾਰ' ਦੀ ਨਿਯੁਕਤੀ ਨਾਲ ਆਸ ਬੱਝੀ ਸੀ ਕਿ ਸੌਦਾ ਸਾਧ ਨੂੰ ਮਾਫ਼ੀ ਦਿਵਾਉਣ ਵਾਲਿਆਂ, ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ, ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾਵਾਂ ਦਿਵਾਉਣ, ਲਾਪਤਾ ਕੀਤੇ ਸਰੂਪਾਂ ਬਾਰੇ ਨਿਰਪੱਖਤਾ ਨਾਲ ਜਾਂਚ ਅਤੇ ਜੂਨ 1984 ਸਮੇਂ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਸਮੇਂ ਲਾਪਤਾ ਹੋਇਆ ਪੁਰਾਤਨ ਬੇਸ਼ਕੀਮਤੀ ਇਤਿਹਾਸਕ ਦਸਤਾਵੇਜ਼ ਦਾ ਸੱਚ ਕੌਮ ਸਾਹਮਣੇ ਲਿਆਉਣ,
ਸਿੱਖ ਗੁਰੂਆਂ ਦੇ ਇਤਿਹਾਸਕ ਦਿਹਾੜੇ ਮਨਾਉਣ ਅਤੇ ਕੁੱਝ ਦਿਨ ਪਹਿਲਾਂ ਗੁਰਦਵਾਰਾ ਬੰਗਲਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਸਮੇਂ ਅਖੌਤੀ ਦਸਮ ਗ੍ਰੰਥ ਦੀ ਸ਼ੁਰੂ ਕੀਤੀ ਕਥਾ ਬਾਰੇ ਮੌਜੂਦਾ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਨਿਰਪੱਖ ਸਟੈਂਡ ਲੈਂਦੇ ਤੇ ਗੁਰੂ ਸਾਹਿਬ ਦੀ ਬਾਣੀ ਦੇ ਬਰਾਬਰ ਕਿਸੇ ਹੋਰ ਅਖੌਤੀ ਗ੍ਰੰਥ ਜਿਸ ਨੂੰ ਕੌਮ ਅਪਣੇ ਗੁਰੂ ਦੀ ਰਚਨਾ ਹੀ ਨਹੀਂ ਮੰਨਦੀ ਦੀ ਗੁਰਦਵਾਰੇ ਵਿਚ ਕਥਾ ਕਰਵਾਉਣ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਨੂੰ ਤੁਰਤ ਬੰਦ ਕਰਨ ਦਾ ਆਦੇਸ਼ ਦਿੰਦੇ ਪ੍ਰੰਤੂ ਇਸ ਬਾਰੇ 'ਜਥੇਦਾਰ' ਦੀ ਚੁੱਪ ਨਾਲ ਸਿੱਖ ਹਿਰਦੇ ਹੋਰ ਵਲੂੰਧਰੇ ਗਏ ਹਨ।
ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਮੀਤ ਪ੍ਰਧਾਨ ਅਤੇ ਕੋਰ ਕਮੇਟੀ ਮੈਂਬਰ ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ ਨੇ ਭਰੇ ਮਨ ਨਾਲ ਸਪੋਕਸਮੈਨ ਨਾਲ ਗੱਲ ਕਰਦਿਆਂ ਕਿਹਾ ਕਿ ਸਿੱਖ ਕੌਮ ਦੀ ਭੰਬਲਭੂਸੇ ਵਿਚ ਫਸੀ ਬੇੜੀ ਨੂੰ ਕਿਨਾਰੇ ਲਾਉਣ ਵਾਲਾ ਅੱਜ ਕੋਈ 'ਜਥੇਦਾਰ' ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ 'ਜਥੇਦਾਰ' ਕਹਿੰਦੇ ਹਨ ਕਿ ਬੰਤਾ ਸਿੰਘ ਦਸਮ ਗ੍ਰੰਥ ਦੀ ਕਥਾ ਵਿਆਖਿਆ ਕਰ ਰਿਹਾ ਹੈ ਜੋ ਅਤਿ ਮੰਦਭਾਗਾ ਹੈ।