ਦੀਵਾਲੀ ਵਾਲੇ ਦਿਨ ਮਾਛੀਵਾੜਾ ‘ਚ ਵਿਅਕਤੀ ਦਾ ਬੇਰਹਿਮੀ ਨਾਲ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੀਵਾਲੀ ਦੇ ਤਿਉਹਾਰ ਸ਼ਾਮ 4.15 ਵਜੇ ਪਿੰਡ ਦੀ ਗਲੀ ਵਿਚ ਬੇਰਹਿਮੀ ਨਾਲ ਲਾਲ ਬਾਬੂ ਭਗਤ ਦਾ...

Murder Case

ਮਾਛੀਵਾੜਾ (ਭਾਸ਼ਾ) : ਦੀਵਾਲੀ ਦੇ ਤਿਉਹਾਰ ਸ਼ਾਮ 4.15 ਵਜੇ ਪਿੰਡ ਦੀ ਗਲੀ ਵਿਚ ਬੇਰਹਿਮੀ ਨਾਲ ਲਾਲ ਬਾਬੂ ਭਗਤ ਦਾ ਕਤਲ ਹੋ ਜਾਣ ਕਾਰਨ ਸਾਰੇ ਪਿੰਡ ਵਿਚ ਦਹਿਸ਼ਤ ਤੇ ਸੋਗ ਵਾਲਾ ਮਾਹੌਲ ਛਾ ਗਿਆ। ਜਿੱਥੇ ਪਿੰਡ ਦੇ ਲੋਕ ਆਪਣੇ ਘਰਾਂ 'ਚ ਦੀਵਾਲੀ ਦੀ ਸ਼ਾਮ ਨੂੰ ਪਾਠ ਪੂਜਾ ਤੇ ਪਟਾਕੇ ਚਲਾ ਕੇ ਖੁਸ਼ੀ ਮਨਾਉਣ ਦੀ ਤਿਆਰੀ ਕਰ ਰਹੇ ਸਨ ਉਥੇ ਇਸ ਘਟਨਾ ਨੇ ਸਾਰਿਆਂ ਦੇ ਚਿਹਰਿਆਂ 'ਤੇ ਮਾਯੂਸੀ ਛਾਈ ਹੋਈ ਸੀ। ਪਿੰਡ ਵਿਚ ਲੋਕਾਂ ਨੇ ਦੀਵਾਲੀ ਨਾ ਮਨਾਈ। ਬੇਸ਼ੱਕ ਕਤਲ ਹੋਣ ਵਾਲਾ ਵਿਅਕਤੀ ਪ੍ਰਵਾਸੀ ਮਜ਼ਦੂਰ ਸੀ ਪਰ ਪਿਛਲੇ 20-25 ਸਾਲਾਂ ਤੋਂ ਪਿੰਡ ਵਿਚ ਹੀ ਰਹਿ ਰਿਹਾ ਸੀ।

ਉਸ ਦਾ ਸਾਰੇ ਲੋਕਾਂ ਨਾਲ ਕਾਫ਼ੀ ਪਿਆਰ ਤੇ ਸਾਂਝ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਭੱਟੀਆਂ ਦੇ ਕਿਸਾਨ ਹਰਦੀਪ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਲਾਲ ਬਾਬੂ ਭਗਤ (42) ਨਾਂਅ ਦਾ ਵਿਅਕਤੀ ਉਸ ਦੇ ਖੇਤਾਂ ਵਿੱਚ ਪਿਛਲੇ 15 ਸਾਲ ਤੋਂ ਨੌਕਰੀ ਕਰਦਾ ਹੈ ਅਤੇ ਬੀਤੇ ਕੱਲ੍ਹ ਦੀਵਾਲੀ ਦਾ ਕਰਕੇ ਉਹ ਛੁੱਟੀ ’ਤੇ ਸੀ। ਕਰੀਬ ਸਵਾ ਚਾਰ ਵਜੇ ਲਾਲ ਬਾਬੂ ਪਿੰਡ ਵਿੱਚ ਹੀ ਦਰਸ਼ਨ ਸਿੰਘ ਦੀ ਦੁਕਾਨ ਤੋਂ ਕੁਝ ਸਮਾਨ ਲੈਣ ਗਿਆ, ਪਰ ਉੱਥੇ ਪਿੰਡ ਦੇ ਹੀ ਨੌਜਵਾਨ ਪਰਗਟ ਸਿੰਘ ਨੇ ਉਸ ਦੇ ਨੌਕਰ ’ਤੇ ਗੰਡਾਸੇ ਨਾਲ ਹਮਲਾ ਕਰ ਦਿੱਤਾ। ਰੌਲਾ ਪੈਣ ’ਤੇ ਪਰਗਟ ਸਿੰਘ ਮੌਕੇ ਤੋਂ ਫ਼ਰਾਰ ਹੋ ਗਿਆ। 

ਪਿੰਡ ਦੀ ਜਿਸ ਗਲੀ ਵਿੱਚ ਇਹ ਘਟਨਾ ਵਾਪਰੀ ਉੱਥੇ ਸੀਸੀਟੀਵੀ ਕੈਮਰੇ ਲੱਗੇ ਹੋਏ ਸਨ ਅਤੇ ਮੁਲਜ਼ਮ ਦੀ ਸਾਰੀ ਕਰਤੂਤ ਕੈਮਰੇ ਵਿੱਚ ਕੈਦ ਹੋ ਗਈ। ਸੀਸੀਟੀਵੀ ਤਸਵੀਰਾਂ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਥਿਤ ਦੋਸ਼ੀ ਪਰਗਟ ਸਿੰਘ ਹੱਥ ’ਚ ਗੰਡਾਸਾ ਫੜ ਕੇ ਆਉਂਦਾ ਹੈ ਅਤੇ ਦੁਕਾਨ ’ਤੇ ਸਮਾਨ ਲੈਣ ਲਈ ਖੜ੍ਹੇ ਲਾਲ ਬਾਬੂ ਭਗਤ ਨਾਲ ਬਹਿਸਬਾਜ਼ੀ ਕਰਨ ਲੱਗਦਾ ਹੈ ਤੇ ਫਿਰ ਗੰਡਾਸਿਆਂ ਨਾਲ ਹਮਲਾ ਸ਼ੁਰੂ ਕਰ ਦਿੰਦਾ ਹੈ। ਕਿ ਮੁਲਜ਼ਮ ਨੇ ਖੜ੍ਹੇ ਹੋਏ ਲਾਲ ਬਾਬੂ ਭਗਤ ਦੇ ਤਿੰਨ ਵਾਰ ਗੰਡਾਸੇ ਨਾਲ ਵਾਰ ਕੀਤਾ ਤੇ ਫਿਰ ਉਹ ਜ਼ਮੀਨ 'ਤੇ ਡਿੱਗ ਪਿਆ।

ਇਸ ਤੋਂ ਬਾਅਦ ਕਥਿਤ ਦੋਸ਼ੀ ਨੇ ਲਗਾਤਾਰ 30 ਵਾਰ ਗੰਡਾਸੇ ਮਾਰ-ਮਾਰ ਉਸ ਦਾ ਮੂੰਹ ਬੁਰੀ ਤਰ੍ਹਾਂ ਵੱਢ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਉੱਥੋਂ ਚਲਾ ਗਿਆ। ਕੁਝ ਹੀ ਮਿੰਟਾਂ ਬਾਅਦ ਕਥਿਤ ਦੋਸ਼ੀ ਫਿਰ ਗੰਡਾਸਾ ਫੜ ਕੇ ਵਾਪਸ ਆਇਆ ਤੇ ਮਰੇ ਹੋਏ ਲਾਲ ਬਾਬੂ ਭਗਤ ਦੇ ਚਿਹਰੇ ’ਤੇ ਗੰਡਾਸੇ ਨਾਲ ਦੋ ਵਾਰ ਹੋਰ ਕੀਤੇ ਅਤੇ ਲਲਕਾਰੇ ਮਾਰਦਾ ਹੋਇਆ ਚਲਾ ਗਿਆ।