ਵਿਵਾਦਾਂ 'ਚ ਘਿਰੀ ਮਾਛੀਵਾੜਾ-ਖੰਨਾ ਸੜਕ ਦੀ ਮੁਰੰਮਤ ਦਾ 185 ਲੱਖ ਦਾ ਤਖਮੀਨਾ ਤਿਆਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਛੀਵਾੜਾ ਤੋਂ ਲੈ ਕੇ ਖੰਨਾ ਤਕ ਸੜਕ ਦੀ ਬੇਹੱਦ ਖਸਤਾ ਹਾਲਤ ਕਾਰਨ ਸਮਾਜ ਸੇਵੀ ਜਥੇਬੰਦੀਆਂ ਅਤੇ ਲੋਕਾਂ ਵਲੋਂ........

Khanna-Nawanshehar Road

ਮਾਛੀਵਾੜਾ ਸਾਹਿਬ : ਮਾਛੀਵਾੜਾ ਤੋਂ ਲੈ ਕੇ ਖੰਨਾ ਤਕ ਸੜਕ ਦੀ ਬੇਹੱਦ ਖਸਤਾ ਹਾਲਤ ਕਾਰਨ ਸਮਾਜ ਸੇਵੀ ਜਥੇਬੰਦੀਆਂ ਅਤੇ ਲੋਕਾਂ ਵਲੋਂ ਦਿਤੇ ਜਾ ਰਹੇ ਧਰਨੇ ਤੇ ਰੋਸ ਮੁਜ਼ਾਹਰਿਆਂ ਕਾਰਨ ਵਿਵਾਦਾਂ ਵਿਚ ਘਿਰੀ ਹੋਈ ਹੈ ਅਤੇ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਵਲੋਂ ਕਾਂਗਰਸ ਸਰਕਾਰ ਦੀ ਹੋ ਰਹੀ ਕਿਰਕਿਰੀ ਤੋਂ ਬਚਾਅ ਲਈ ਇਸ ਸੜਕ ਦੀ ਮੁਰੰਮਤ ਕਰਵਾਉਣ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ ਜਿਸ ਤਹਿਤ ਹੁਣ ਇਸ ਸੜ੍ਹਕ ਦਾ ਕਰੀਬ 185 ਲੱਖ ਰੁਪਏ ਦਾ ਤਖਮੀਨਾ ਲੋਕ ਨਿਰਮਾਣ ਵਿਭਾਗ ਵਲੋਂ ਤਿਆਰ ਕਰ ਕੇ ਪੰਜਾਬ ਸਰਕਾਰ ਨੂੰ ਪ੍ਰਵਾਨਗੀ ਲਈ ਭੇਜ ਦਿਤਾ ਹੈ।

ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਨਵਾਂਸ਼ਹਿਰ ਤੋਂ ਖੰਨਾ ਤਕ ਇਸ ਸੜਕ ਨੂੰ ਕੇਂਦਰ ਸਰਕਾਰ ਵਲੋਂ ਨੈਸ਼ਨਲ ਹਾਈਵੇ ਦਾ ਦਰਜਾ ਦਿਤਾ ਗਿਆ ਹੈ ਜਿਸ ਸਬੰਧੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਪਰ ਸੜ੍ਹਕ ਦੀ ਬੇਹੱਦ ਖਸਤਾ ਹਾਲਤ ਅਤੇ ਲੋਕਾਂ ਦੀ ਪ੍ਰੇਸ਼ਾਨੀ ਨੂੰ ਦੇਖਦਿਆਂ ਉਨ੍ਹਾਂ ਵਲੋਂ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਵਿਜੈ ਇੰਦਰ ਸਿੰਗਲਾ ਨਾਲ ਰਾਬਤਾ ਕਾਇਮ ਕਰ ਕੇ ਫਿਲਹਾਲ ਇਸ ਸੜਕ ਦੀ ਮੁਰੰਮਤ ਕਰਵਾਉਣ ਦਾ ਉਪਰਾਲਾ ਕੀਤਾ ਹੈ ਜਿਸ ਤਹਿਤ ਵਿਭਾਗ ਦੇ ਅਧਿਕਾਰੀਆਂ ਨੇ ਕੇਵਲ 5 ਦਿਨ ਵਿਚ ਹੀ ਸਤਲੁਜ ਦਰਿਆ ਤੋਂ ਖੰਨਾ ਤਕ ਕਰੀਬ 35 ਕਿਲੋਮੀਟਰ

ਲੰਬੀ ਸੜਕ ਦਾ ਸਰਵੇ ਕਰ ਕੇ ਇਸ ਦੀ ਮੁਰੰਮਤ ਲਈ 185 ਲੱਖ ਰੁਪਏ ਦਾ ਤਖਮੀਨਾ ਤਿਆਰ ਕਰ ਲਿਆ ਹੈ। ਵਿਧਾਇਕ ਢਿੱਲੋਂ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ ਇਸ ਸੜ੍ਹਕ ਦੀ ਮੁਰੰਮਤ ਲਈ ਪ੍ਰਵਾਨਗੀ ਦੀ ਫ਼ਾਈਲ ਦਾ ਕੰਮ ਵੀ ਇਸ ਹਫ਼ਤੇ ਮੁਕੰਮਲ ਹੋ ਜਾਵੇਗਾ ਅਤੇ ਨਾਲ ਹੀ ਟੈਂਡਰ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਜਾਵੇਗੀ। ਉਨ੍ਹਾਂ ਦਸਿਆ ਕਿ ਸੜਕ ਦੀ ਮੁਰੰਮਤ ਦਾ ਕੰਮ ਜਲਦ ਸ਼ੁਰੂ ਹੋ ਜਾਵੇਗਾ। ਇਸ ਤੋਂ ਇਲਾਵਾ ਜਿਥੇ ਸੜਕ ਦੀ ਹਾਲਤ ਬੇਹੱਦ ਖਸਤਾ ਹੈ,

ਉਥੇ ਦੁਬਾਰਾ ਸੜ੍ਹਕ ਦਾ ਨਿਰਮਾਣ ਕੀਤਾ ਜਾਵੇਗਾ। ਵਿਧਾਇਕ ਢਿੱਲੋਂ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਇਸ ਸੜਕ ਦੀ ਮੁਰੰਮਤ ਬਿਲਕੁਲ ਨਾ ਹੋਈ ਜਿਸ ਕਾਰਨ ਇਸ ਦੀ ਹਾਲਤ ਬੇਹੱਦ ਖਸਤਾ ਹੋ ਗਈ ਹੈ ਪਰ ਕਾਂਗਰਸ ਸਰਕਾਰ ਇਸ ਸੜਕ ਦੀ ਮੁਰੰਮਤ ਕਰਵਾਉਣ ਲਈ ਸੰਜੀਦਗੀ ਨਾਲ ਉਪਰਾਲਾ ਕਰ ਰਹੀ ਹੈ। ਇਸ ਲਈ ਉਹ ਲੋਕਾਂ ਨੂੰ ਵਿਸ਼ਵਾਸ ਦਿਵਾਉਂਦੇ ਹਨ ਕਿ ਸੜਕ ਦੀ ਮੁਰੰਮਤ ਦਾ ਮਸਲਾ ਜਲਦ ਹੱਲ ਕਰ ਲਿਆ ਜਾਵੇਗਾ।