ਸੁਲਤਾਨਪੁਰ ਲੋਧੀ ਵਿਚ ਮੁਸ਼ਕਲਾਂ 'ਚ ਪਈ ਸੰਗਤ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫਿਰ ਗੁਰੂ ਦੇ ਸਿੰਘਾਂ ਨੇ ਵਿਖਾਈ ਬਹਾਦਰੀ

Spokesman TV visit Sultanpur Lodhi-2

ਸੁਲਤਾਨਪੁਰ : ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਬਾਬਾ ਨਾਨਕ ਦੀ ਚਰਨ ਛੋਹ ਪ੍ਰਾਪਤ ਧਰਤੀ ਸੁਲਤਾਨਪੁਰ ਲੋਧੀ ਵਿਖੇ ਸਥਾਪਤ ਮੁੱਖ ਪੰਡਾਲ 'ਚ ਲੜੀਵਾਰ ਸਮਾਗਮ ਕਰਵਾਏ ਜਾ ਰਹੇ ਹਨ। ਬੀਤੇ ਦਿਨੀਂ ਅਤੇ ਸ਼ੁਕਰਵਾਰ ਸਵੇਰੇ ਇਥੇ ਪਏ ਮੀਂਹ ਨੇ ਸੰਗਤ ਲਈ ਥੋੜੀ ਬਹੁਤ ਪ੍ਰੇਸ਼ਾਨ ਤਾਂ ਜ਼ਰੂਰ ਖੜੀ ਕਰ ਦਿੱਤੀ ਪਰ ਸਿੱਖ ਕੌਮ ਨੇ ਇਕ ਵਾਰ ਫਿਰ ਬਹਾਦਰੀ ਦੀ ਮਿਸਾਲ ਪੇਸ਼ ਕਰਦਿਆਂ ਮੋਰਚਾ ਸੰਭਾਲਿਆ ਅਤੇ ਵੱਖ-ਵੱਖ ਥਾਵਾਂ 'ਤੇ ਇਕੱਤਰ ਹੋਏ ਪਾਣੀ ਨੂੰ ਕੁਝ ਘੰਟਿਆਂ ਦੀ ਮਿਹਨਤ ਮਗਰੋਂ ਹਟਾ ਦਿੱਤਾ।

ਇਸ ਬਾਰੇ 'ਸਪੋਕਸਮੈਨ ਟੀਵੀ' ਦੀ ਟੀਮ ਨਾਲ ਗੱਲਬਾਤ ਕਰਦਿਆਂ ਇਕ ਸ਼ਰਧਾਲੂ ਨੇ ਦਸਿਆ ਕਿ ਬੀਤੀ ਰਾਤ ਅਤੇ ਸ਼ੁਕਰਵਾਰ ਸਵੇਰ ਪਏ ਮੀਂਹ ਕਾਰਨ ਇਥੇ ਲੰਗਰ ਵਾਲੀ ਥਾਂ 'ਤੇ ਪੂਰਾ ਪਾਣੀ ਖੜਾ ਹੋ ਗਿਆ ਸੀ। ਮੀਂਹ ਬੰਦ ਹੋਣ ਮਗਰੋਂ ਸੰਗਤ ਨੇ ਫੁਰਤੀ ਵਿਖਾਉਂਦਿਆਂ ਤੁਰੰਤ ਪਾਣੀ ਨੂੰ ਕੱਢਿਆ। ਪਾਣੀ ਕੱਢਣ ਮਗਰੋਂ ਇਥੇ ਟੈਂਟ ਅੰਦਰ ਚਿੱਕੜ-ਚਿੱਕੜ ਹੋ ਗਿਆ, ਜਿਸ ਦੇ ਨਿਪਟਾਰੇ ਲਈ ਲਗਭਗ 30 ਹਜ਼ਾਰ ਇੱਟਾਂ ਮੰਗਵਾਈਆਂ ਗਈਆਂ। ਇਸ ਤੋਂ ਇਲਾਵਾ ਰੇਤ ਦੀਆਂ ਟਰਾਲੀਆਂ ਵੀ ਮੰਗਵਾਈਆਂ ਗਈਆਂ। ਪਹਿਲਾਂ ਰੇਤ ਪਾਈ ਗਈ ਅਤੇ ਫਿਰ ਇੱਟਾਂ ਬਿਛਾਈਆਂ ਗਈਆਂ। ਉਨ੍ਹਾਂ ਕਿਹਾ ਕਿ ਇਸ 'ਚ ਸਰਕਾਰ ਜਾਂ ਪ੍ਰਸ਼ਾਸਨ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਮੀਂਹ ਪੈਣਾਂ ਜਾ ਨਾ ਪੈਣਾ ਤਾਂ ਪਰਮਾਤਮਾ ਦੀ ਮਰਜ਼ੀ ਹੈ। 

ਫ਼ਰੀਦਕੋਟ ਤੋਂ ਪੁੱਜੇ ਕੁਲਦੀਪ ਸਿੰਘ ਨੇ ਦਸਿਆ ਕਿ ਇਥੇ ਸਰਕਾਰ ਵਲੋਂ ਜੋ ਪ੍ਰਬੰਧ ਕੀਤੇ ਗਏ ਹਨ, ਉਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਓਨਾ ਘੱਟ ਹੈ। ਇਥੇ ਸੰਗਤ ਲਈ ਲੰਗਰ, ਸੁਰੱਖਿਆ, ਠਹਿਰਾਅ, ਆਵਾਜਾਈ ਨੇ ਕਾਫ਼ੀ ਵਧੀਆ ਪ੍ਰਬੰਧ ਕੀਤੇ ਗਏ ਹਨ। ਮੀਂਹ ਕਾਰਨ ਭਾਵੇਂ ਉਨ੍ਹਾਂ ਨੂੰ ਥੋੜੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਪਰ ਫਿਰ ਵੀ ਉਹ ਇਸ ਨੂੰ ਬਾਬੇ ਨਾਨਕ ਦੀ ਕਿਰਪਾ ਮੰਨਦੇ ਹਨ।

ਨਿਰਮਲ ਸਿੰਘ ਨੇ ਦਸਿਆ ਕਿ ਜਥੇਦਾਰ ਹਰਬੰਸ ਸਿੰਘ ਕਾਰ ਸੇਵਾ ਦਿੱਲੀ ਵਾਲਿਆਂ ਵਲੋਂ ਇਥੇ ਲੰਗਰ ਲਗਾਇਆ ਗਿਆ ਹੈ। ਬੀਤੀ 27 ਅਕਤੂਬਰ ਤੋਂ ਇਥੇ ਲੰਗਰ ਚੱਲ ਰਿਹਾ ਹੈ। ਜਿਥੇ ਲੰਗਰ ਵਾਲਾ ਟੈਂਟ ਲਗਾਇਆ ਗਿਆ ਹੈ, ਉਹ ਥਾਂ ਡੁੰਘਾਈ ਵਿਚ ਹੈ, ਜਿਸ ਕਾਰਨ ਮੀਂਹ ਪੈਣ 'ਤੇ ਇਥੇ ਪਾਣੀ ਖੜਾ ਹੋ ਗਿਆ। ਉਨ੍ਹਾਂ ਦਸਿਆ ਕਿ ਇਥੇ ਸੰਗਤ ਲਈ ਪੂਰਾ ਦਿਨ ਗੰਨੇ ਦੇ ਜੂਸ ਦਾ ਲੰਗਰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਸਵੇਰੇ ਚਾਹ, ਬਰੈਡ, ਪਕੌੜੇ, ਦੁਪਹਿਰ ਤੇ ਰਾਤ ਦਾ ਲੰਗਰ ਤਿਆਰ ਹੁੰਦਾ ਹੈ।