ਪ੍ਰਕਾਸ਼ ਪੁਰਬ ਲਈ ਪੰਜਾਬ ਸਰਕਾਰ ਦੇ ਪ੍ਰਬੰਧ ਵੇਖ ਸੰਗਤ ਨੇ ਕੀਤੀ ਵਾਹਵਾਹੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੰਗਤ ਦੀ ਸੁਰੱਖਿਆ ਲਈ ਚੱਪੇ-ਚੱਪੇ 'ਤੇ ਪੁਲਿਸ ਮੁਲਾਜ਼ਮ ਤਾਇਨਾਤ ਹਨ।

Spokesman TV visit Sultanpur Lodhi-3

ਸੁਲਤਾਨਪੁਰ : ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਜਾਣ ਵਾਲੇ ਭਾਰਤੀ ਸ਼ਰਧਾਲੂਆਂ ਲਈ ਕਰਤਾਰਪੁਰ ਲਾਂਘਾ ਪੂਰੀ ਤਰ੍ਹਾਂ ਤਿਆਰ ਹੋ ਚੁੱਕਾ ਹੈ। ਭਾਰਤ ਅਤੇ ਪਾਕਿਸਤਾਨ 'ਚ ਵੱਡੇ ਪੱਧਰ ਦੇ ਸਮਾਗਮਾਂ ਦੀ ਲੜੀ ਸ਼ੁਰੂ ਹੋ ਗਈ ਹੈ। ਸੁਲਤਾਨਪੁਰ ਲੋਧੀ 'ਚ ਪੰਜਾਬ ਸਰਕਾਰ ਵਲੋਂ ਵੱਡਾ ਸਮਾਗਮ ਕਰਵਾਇਆ ਜਾ ਰਿਹਾ ਹੈ। ਇਥੇ ਵੱਡੀ ਗਿਣਤੀ 'ਚ ਸੰਗਤ ਗੁਰਦੁਆਰਾ ਬੇਰ ਸਾਹਿਬ 'ਚ ਨਤਮਸਤਕ ਹੋਣ ਲਈ ਪਹੁੰਚ ਰਹੀ ਹੈ। ਇਸ ਮੌਕੇ ਸੰਗਤਾਂ ਨਾਲ 'ਸਪੋਕਸਮੈਨ ਟੀਵੀ' ਦੀ ਟੀਮ ਨੇ ਵਿਸ਼ੇਸ਼ ਗੱਲਬਾਤ ਕੀਤੀ।

ਮੱਥਾ ਟੇਕਣ ਪੁੱਜੇ ਕਸ਼ਮੀਰ ਸਿੰਘ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਨੂੰ ਸ਼ਰਧਾ ਅਤੇ ਵਧੀਆ ਤਰੀਕੇ ਨਾਲ ਮਨਾਉਣ ਲਈ ਪੰਜਾਬ ਸਰਕਾਰ ਵਲੋਂ ਇਥੇ ਜਿਹੜੇ ਪ੍ਰਬੰਧ ਕੀਤੇ ਗਏ ਹਨ, ਉਨ੍ਹਾਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਉਹ ਘੱਟ ਹੈ। ਸੰਗਤ ਦੀ ਸੁਰੱਖਿਆ ਲਈ ਚੱਪੇ-ਚੱਪੇ 'ਤੇ ਪੁਲਿਸ ਮੁਲਾਜ਼ਮ ਤਾਇਨਾਤ ਹਨ। ਦੂਰ-ਦੁਰਾਡੇ ਤੋਂ ਆਉਣ ਵਾਲੇ ਲੋਕਾਂ ਲਈ ਪਾਰਕਿੰਗ, ਰਿਹਾਇਸ਼, ਲੰਗਰ, ਪਾਣੀ ਆਦਿ ਦਾ ਪੂਰਾ ਪ੍ਰਬੰਧ ਹੈ।

ਬਰਨਾਲਾ ਤੋਂ ਆਏ ਗੁਰਸ਼ਰਨ ਸਿੰਘ ਨੇ ਦਸਿਆ ਕਿ ਇਥੇ ਆ ਕੇ ਉਨ੍ਹਾਂ ਦਾ ਜੀਵਨ ਸਫ਼ਲ ਹੋ ਗਿਆ ਹੈ। ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਸਰਕਾਰ ਵਲੋਂ ਇੰਨੇ ਸ਼ਾਨਦਾਰ ਤਰੀਕੇ ਨਾ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ। ਸੰਗਤ ਲਈ ਸਰਕਾਰ ਵਲੋਂ ਜਿਹੜੀ ਟੈਂਟ ਸਿਟੀ ਬਣਾਈ ਗਈ ਹੈ, ਉਹ ਬਹੁਤ ਹੀ ਵਧੀਆ ਉਪਰਾਲਾ ਹੈ। 

ਬਰਨਾਲਾ ਤੋਂ ਹੀ ਪਹੁੰਚੇ ਇਕ ਬਜ਼ੁਰਗ ਸ਼ਰਧਾਲੂ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲੀ ਵਾਰੀ ਕਿਸੇ ਪ੍ਰਕਾਸ਼ ਪੁਰਬ ਸਮਾਗਮ ਲਈ ਇੰਨੇ ਸੁਚੱਜੇ ਪ੍ਰਬੰਧ ਵੇਖੇ ਹਨ। ਉਨ੍ਹਾਂ ਨੇ ਬੜੇ ਸ਼ਾਂਤੀਪੂਰਨ ਮਾਹੌਲ 'ਚ ਮੱਥਾ ਟੇਕਿਆ ਅਤੇ ਅਸ਼ੀਰਵਾਦ ਲਿਆ। ਇਥੇ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਕੀਤੇ ਪ੍ਰਬੰਧ ਵੇਖ ਕੇ ਉਹ ਬਹੁਤ ਖੁਸ਼ ਹਨ। 

ਵਹੀਲਚੇਅਰ 'ਤੇ ਦਰਸ਼ਨ ਕਰਨ ਪੁੱਜੇ ਪਟਿਆਲਾ ਵਾਸੀ ਇਕ ਵਿਅਕਤੀ ਨੇ ਦੱਸਿਆ ਕਿ ਜਿਸ ਤਰੀਕੇ ਨਾਲ ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਭਾਰਤ ਅਤੇ ਪਾਕਿਸਤਾਨ ਦੋਵੇਂ ਸਰਕਾਰਾਂ ਰਲ-ਮਿਲ ਕੇ ਮਨਾ ਰਹੀਆਂ ਹਨ, ਉਹ ਸ਼ਲਾਘਾਯੋਗ ਹੈ। ਬਾਬੇ ਨਾਨਕ ਨੇ ਜਿਹੜੀ ਏਕਤਾ ਦੀ ਮਿਸਾਲ ਦਿੱਤੀ ਹੈ, ਉਹ ਅੱਜ ਸੱਚ ਹੁੰਦੀ ਵਿਖਾਈ ਦੇ ਰਹੀ ਹੈ। 

ਪਟਿਆਲੇ ਤੋਂ ਪੁੱਜੀ ਸੁਰਿੰਦਰ ਕੌਰ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ 'ਚ ਮੱਥਾ ਟੇਕ ਕੇ ਦਿਲ ਨੂੰ ਬੜਾ ਸੁਕੂਨ ਮਿਲਿਆ ਹੈ। ਸਰਕਾਰ ਵਲੋਂ ਇਥੇ ਜਿਹੜੇ ਪ੍ਰਬੰਧ ਕੀਤੇ ਗਏ ਹਨ, ਉਹ ਸ਼ਲਾਘਾਯੋਗ ਹਨ। 

ਫ਼ਰੀਦਕੋਟ ਤੋਂ ਪੁੱਜੇ ਬੂਟਾ ਸਿੰਘ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਪਹੁੰਚ ਕੇ ਮੈਂ ਬਹੁਤ ਖੁਸ਼ਨਸੀਬ ਮਹਿਸੂਸ ਕਰ ਰਿਹਾ ਹਾਂ। ਸਰਕਾਰ ਵਲੋਂ ਸੰਗਤ ਲਈ ਇੰਨੇ ਵਧੀਆ ਪ੍ਰਬੰਧ ਕੀਤੇ ਗਏ ਹਨ ਕਿ ਮੂੰਹ ਤੋਂ ਆਪਣੇ ਆਪ ਵਾਹਵਾਹੀ ਹੋ ਰਹੀ ਹੈ। ਮੈਂ ਸਿਰਫ਼ ਇਸੇ ਗੱਲ ਦਾ ਦੁੱਖ ਹੈ ਕਿ ਸਮਾਗਮ ਲਈ ਦੋ ਸਟੇਜ਼ਾਂ ਲੱਗ ਰਹੀਆਂ ਹਨ। ਸੰਗਤ 'ਚ ਆਪਸ ਵਿਚ ਬਹੁਤ ਪਿਆਰ ਹੈ, ਪਰ ਸਰਕਾਰਾਂ ਆਪਣੀ ਵਾਹੋਵਾਹੀ ਲਈ ਲੋਕਾਂ ਨੂੰ ਵੰਡ ਰਹੀਆਂ ਹਨ। ਜੇ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਸਖ਼ਤੀ ਨਾਲ ਹੁਕਮ ਦਿੰਦਾ ਤਾਂ ਦੋ ਸਟੇਜ਼ਾਂ ਲਗਾਉਣ ਦੀ ਕਿਸੇ ਨੂੰ ਹਿੰਮਤ ਨਹੀਂ ਪੈਣੀ ਸੀ।