ਲਤੀਫ਼ਪੁਰਾ ਮਾਮਲਾ: SC-ST ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਅਤੇ ਲੋਕਲ ਬਾਡੀ ਨੂੰ ਕੀਤਾ ਤਲਬ 

ਏਜੰਸੀ

ਖ਼ਬਰਾਂ, ਪੰਜਾਬ

SC-ST ਕਮਿਸ਼ਨ ਦੇ ਚੇਅਰਮੈਨ ਨੇ ਖੁਦ ਲਿਆ ਲਤੀਫ਼ਪੁਰ ਘਟਨਾ ਦਾ ਜ਼ਾਇਜਾ

Vijay Sampla

 

ਜਲੰਧਰ - ਜਲੰਧਰ ਦੇ ਲਤੀਫਪੁਰਾ 'ਚ ਨਜਾਇਜ਼ ਮਕਾਨਾਂ ਨੂੰ ਢਾਹੁਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਇਸ ਘਟਨਾ ਦੌਰਾਨ ਬੇਘਰ ਹੋਏ ਲੋਕ ਉਦੋਂ ਤੋਂ ਟੈਂਟਾਂ 'ਚ ਸੌਣ ਲਈ ਮਜ਼ਬੂਰ ਹਨ। ਇਸ ਮਾਮਲੇ ਵਿਚ ਹੁਣ ਐੱਸਸੀ-ਐੱਸਟੀ ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਅਤੇ ਲੋਕਲ ਬਾਡੀ ਨੂੰ ਨੋਟਿਸ ਭੇਜਿਆ ਹੈ ਅਤੇ ਭਲਕੇ 10 ਤਰੀਕ ਨੂੰ ਪੇਸ਼ ਹੋਣ ਲਈ ਕਿਹਾ ਹੈ। 

ਐਸ.ਸੀ-ਐਸ.ਟੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਕਿਹਾ ਕਿ ਇਹ ਸਰਕਾਰੀ ਅੱਤਿਆਚਾਰ ਹੈ। ਇਹਨਾਂ ਨੇ ਕੜਾਕੇ ਦੀ ਸਰਦੀ ਵਿਚ ਲੋਕਾਂ ਨੂੰ ਬੇਘਰ ਕਰ ਦਿੱਤਾ ਹੈ, ਇਹ ਮਨੁੱਖਤਾ ਦੇ ਵਿਰੁੱਧ ਹੈ। ਉਹਨਾਂ ਨੇ ਪੰਜਾਬ ਦੇ ਮੁੱਖ ਸਕੱਤਰ, ਲੋਕਲ ਬਾਡੀ ਅਫ਼ਸਰ, ਡੀ.ਸੀ ਨੂੰ ਤਲਬ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਬਾਰੇ ਕਿਸੇ ਕੋਲ ਕੋਈ ਜਾਣਕਾਰੀ ਨਹੀਂ ਹੈ ਕਿ ਕਿੰਨੇ ਘਰ ਤੋੜੇ ਗਏ ਹਨ ਤੇ ਕਿੰਨੇ ਲੋਕ ਬੇਘਰ ਹੋਏ ਹਨ। ਉਹਨਾਂ ਕਿਹਾ ਕਿ ਇਸ ਬਾਰੇ ਇਹ ਵੀ ਜਾਣਨਾ ਹੈ ਕਿ ਇਹ ਘਰ ਕਿਸ ਦੀ ਮਨਜ਼ੂਰੀ ਨਾਲ ਤੋੜ ਗਏ ਹਨ। 

ਵਿਜੇ ਸਾਂਪਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਘਟਨਾ ਵਾਲੀ ਜਗ੍ਹਾ 'ਤੇ ਖ਼ੁਦ ਗਏ ਸਨ ਤੇ ਉਹਨਾਂ ਨੇ ਜਦੋਂ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਾ ਕਿ ਇਸ ਬਾਰੇ ਕਿਸੇ ਕੋਲ ਕੋਈ ਜਾਣਕਾਰੀ ਨਹੀਂ ਹੈ ਤੇ ਨਾ ਹੀ ਮੌਕੇ 'ਤੇ ਘਟਨਾ ਤੋਂ ਬਾਅਦ ਨਿਸ਼ਾਨਦੇਹੀ ਕੀਤੀ ਗਈ। ਉਹਨਾਂ ਨੇ ਕਿਹਾ ਕਿ ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀਆਂ ਨੇ ਇਹ ਦੱਸਿਆ ਕਿ ਜੋ ਮਸ਼ੀਨਰੀ ਲਿਆਂਦੀ ਗਈ ਸੀ ਕਾਰਵਾਈ ਲਈ ਉਹ ਕਾਰਪੋਰੇਸ਼ਨ ਦੀ ਸੀ। ਵਿਜੇ ਸਾਂਪਲਾ ਨੇ ਕਿਹਾ ਕਿ ਇਹ ਜੋ ਵੀ ਕਾਰਵਾਈ ਕੀਤੀ ਗਈ ਹੈ ਉਹ ਸੋਚੀ ਸਮਝੀ ਸਾਜ਼ਿਸ਼ ਹੈ ਤੇ ਸਰਕਾਰ ਨੂੰ ਪਹਿਲਾਂ ਲੋਕਾਂ ਨੂੰ ਹੋਰ ਘਰ ਦੇਣੇ ਚਾਹੀਦੇ ਸਨ ਤੇ ਫਿਰ ਕਾਰਵਾਈ ਕਰਨੀ ਚਾਹੀਦੀ ਸੀ।