ਸੰਗਰੂਰ ਦੇ ਪਿੰਡ ਬੀਂਬੜੀ ’ਚ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਿਲ੍ਹਾ ਸੰਗਰੂਰ ਦੇ ਬਲਾਕ ਭਵਾਨੀਗੜ੍ਹ ਦੇ ਨੇੜਲੇ ਪਿੰਡ ਬੀਂਬੜੀ ਵਿਖੇ ਇਕ ਨੌਜਵਾਨ...

Murder Case

ਸੰਗਰੂਰ: ਜਿਲ੍ਹਾ ਸੰਗਰੂਰ ਦੇ ਬਲਾਕ ਭਵਾਨੀਗੜ੍ਹ ਦੇ ਨੇੜਲੇ ਪਿੰਡ ਬੀਂਬੜੀ ਵਿਖੇ ਇਕ ਨੌਜਵਾਨ ਦਾ ਕਤਲ ਹੋਣ ਨਾਲ ਇਲਾਕੇ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਅਤੇ ਲੋਕਾਂ ਦੇ ਦੱਸਣ ਤੋਂ ਪਤਾ ਲੱਗਿਆ ਹੈ ਕਿ ਤਕਰੀਬਨ ਅੱਠ ਵਜੇ ਸ਼ਾਮ ਨੂੰ ਗੁਰਬਾਜ ਸਿੰਘ ਨਾਮ ਦਾ ਨੌਜਵਾਨ ਜੋ ਕਿ ਬੀਂਬੜੀ ਪਿੰਡ ਦਾ ਹੀ ਰਹਿਣ ਵਾਲਾ ਸੀ, ਰੋਜ਼ਾਨਾ ਦੀ ਤਰ੍ਹਾਂ ਸੈਰ ਕਰਕੇ ਆਪਣੇ ਘਰ ਵੱਲ ਨੂੰ ਵਾਪਸ ਆ ਰਿਹਾ ਸੀ।

ਪਿੰਡ ਦੇ ਸਰਕਾਰੀ ਸਕੂਲ ਦੇ ਸਾਹਮਣੇ ਆਉਣ ਤੇ ਦੋ ਅਣਪਛਾਤੇ ਵਿਅਕਤੀ ਜੋ ਕਿ ਮੋਟਰਸਾਈਕਲ ਉਤੇ ਸਵਾਰ ਸਨ, ਪਿੰਡ ਬੀਂਬੜੀ ਤੋਂ ਨਾਭਾ ਵੱਲ ਨੂੰ ਜਾ ਰਹੇ ਸੀ ਉਨ੍ਹਾਂ ਵੱਲੋਂ ਗੁਰਬਾਜ ਸਿੰਘ ਉਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ, ਜਿਸ ਨਾਲ ਗੁਰਬਾਜ ਸਿੰਘ ਸੜਕ ਤੇ ਡਿੱਗ ਗਿਆ ਅਤੇ ਦੋਵੇਂ ਕਾਤਲ ਵਿਅਕਤੀ ਦੁਬਾਰਾ ਫਿਰ ਘੁੰਮ ਕੇ ਆਏ ਅਤੇ ਉਨ੍ਹਾਂ ਨੇ ਸੀਸੀਟੀਵੀ ਕੈਮਰੇ ਦੇ ਬਿਲਕੁਲ ਸਾਹਮਣੇ ਗੁਰਬਾਜ ਸਿੰਘ ਨੌਜਵਾਨ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਚਾਰ ਵਾਰ ਹਮਲਾ ਕੀਤਾ ਅਤੇ ਮੌਕੇ ‘ਤੇ ਹੀ ਉਸਦੀ ਮੌਤ ਹੋ ਗਈ।

ਸੀਸੀਟੀਵੀ ਫੁਟੇਜ ਵਿੱਚ ਦੇਖਣ ਤੋਂ ਪਤਾ ਲੱਗਦਾ ਹੈ ਕਿ ਉਹ ਵਿਅਕਤੀ ਕਤਲ ਕਰਨ ਤੋਂ ਬਾਅਦ ਨਾਭਾ ਵੱਲ ਚਲੇ ਗਏ ਅਤੇ ਇਕ ਸ਼ੱਕੀ ਕਾਰ ਵੀ ਉਨ੍ਹਾਂ ਦੇ ਪਿੱਛੇ ਘਟਨਾ ਅੰਜਾਮ ਤੋਂ ਇਕਦਮ ਬਾਅਦ ਨਾਭਾ ਵੱਲ ਚਲੀ ਗਈ। ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਹੈ ਅਤੇ ਪੁਲਿਸ ਸਮੇਂ ‘ਤੇ ਪਹੁੰਚ ਗਈ ਅਤੇ ਲਾਸ਼ ਨੂੰ ਫਿਲਹਾਲ ਉਨ੍ਹਾਂ ਨੇ ਆਪਣੇ ਕਬਜੇ ਵਿਚ ਲੈ ਲਿਆ ਹੈ। ਡੀਐੱਸਪੀ ਭਵਾਨੀਗੜ੍ਹ ਸੁਖਰਾਜ ਸਿੰਘ ਘੁੰਮਣ ਅਤੇ ਥਾਣਾ ਮੁਖੀ ਭਵਾਨੀਗੜ੍ਹ ਘਟਨਾਕ੍ਰਮ ਤੇ ਪਹੁੰਚ ਗਏ ਹਨ ਅਤੇ ਸੀਸੀਟੀਵੀ ਕੈਮਰੇ ਦੇਖ ਕੇ ਜਾਂਚ ਵਿਚ ਜੁੱਟ ਗਏ ਹਨ।