Shehnaaz Gill’s Father News: ਸ਼ਹਿਨਾਜ਼ ਗਿੱਲ ਦੇ ਪਿਤਾ ਨੂੰ ਫਿਰ ਮਿਲੀ ਧਮਕੀ! ਮੰਗੀ 50 ਲੱਖ ਰੁਪਏ ਦੀ ਫਿਰੌਤੀ
ਮੁਲਜ਼ਮ ਨੇ ਖੁਦ ਨੂੰ ਦਸਿਆ ਪਾਕਿਸਤਾਨੀ ਨਾਗਰਿਕ
Shehnaaz Gill’s Father News: ਬਾਲੀਵੁੱਡ ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਅੱਜ ਸਵੇਰੇ ਉਨ੍ਹਾਂ ਨੂੰ ਇਕ ਫੋਨ ਆਇਆ ਜਿਸ ਵਿਚ ਧਮਕੀ ਦੇਣ ਵਾਲਾ ਵਿਅਕਤੀ ਅਪਣੇ ਆਪ ਨੂੰ ਪਾਕਿਸਤਾਨੀ ਨਾਗਰਿਕ ਦੱਸ ਰਿਹਾ ਸੀ ਅਤੇ 50 ਲੱਖ ਰੁਪਏ ਦੀ ਫਿਰੌਤੀ ਵੀ ਮੰਗ ਰਿਹਾ ਸੀ। ਹਾਲਾਂਕਿ ਉਨ੍ਹਾਂ ਨੇ ਇਸ ਮਾਮਲੇ 'ਚ ਅਜੇ ਤਕ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।
ਸ਼ਹਿਨਾਜ਼ ਗਿੱਲ ਦੇ ਪਿਤਾ ਦੇ ਫੋਨ 'ਤੇ ਵਟਸਐਪ ਕਾਲ ਰਾਹੀਂ ਧਮਕੀ ਦਿਤੀ ਗਈ ਹੈ। ਉਕਤ ਵਿਅਕਤੀ ਨੇ ਕਿਹਾ ਕਿ ਉਸ ਨੂੰ ਉਸ ਬਾਰੇ ਸਾਰੀ ਜਾਣਕਾਰੀ ਹੈ, ਉਹ ਕਿਥੇ ਰਹਿੰਦਾ ਹੈ ਅਤੇ ਕੀ ਕਰਦਾ ਹੈ। ਉਸ ਨੇ ਕਿਹਾ ਕਿ ਉਸ ਨੂੰ ਇਹ ਵੀ ਪਤਾ ਹੈ ਕਿ ਉਸ ਦੀ ਧੀ ਨੇ ਬਹੁਤ ਪੈਸਾ ਕਮਾ ਲਿਆ ਹੈ ਅਤੇ ਪਹਿਲਾਂ ਉਸ ਦੀ ਧੀ ਨੂੰ ਮਾਰ ਦੇਵੇਗਾ ਅਤੇ ਫਿਰ ਉਸ ਨੂੰ ਮਾਰੇਗਾ। ਵਿਅਕਤੀ ਨੇ ਕਿਹਾ ਕਿ ਜੇਕਰ ਉਹ ਅਪਣੇ ਪਰਵਾਰ ਦੀ ਸੁਰੱਖਿਆ ਚਾਹੁੰਦਾ ਹੈ ਤਾਂ ਉਸ ਨੂੰ ਪੈਸੇ ਦੇ ਦੇਵੇ।
ਧਮਕੀ ਦੇਣ ਵਾਲੇ ਨੇ ਸੰਤੋਖ ਸਿੰਘ ਨੂੰ ਕਿਹਾ ਕਿ ਉਹ ਮਾਈਨਿੰਗ ਦੇ ਮਾਮਲੇ 'ਚ ਦਖਲ ਨਾ ਦੇਵੇ, ਜਦਕਿ ਸੰਤੋਖ ਸਿੰਘ ਨੇ ਕਿਹਾ ਕਿ ਉਹ ਮਾਈਨਿੰਗ ਨਹੀਂ ਹੋਣ ਦੇਣਗੇ ਤਾਂ ਨੌਜਵਾਨ ਨੇ ਅੱਗੋਂ ਧਮਕੀ ਦਿਤੀ। ਮਲਜ਼ਮ ਨੇ ਸੰਤੋਖ ਸਿੰਘ ਨੂੰ ਕਿਹਾ ਕਿ ਪਹਿਲਾਂ ਸੂਰੀ ਨੂੰ ਮਾਰਿਆ ਸੀ, ਹੁਣ ਤੇਰੀ ਵਾਰੀ ਹੈ।
ਜ਼ਿਕਰਯੋਗ ਹੈ ਕਿ ਸ਼ਹਿਨਾਜ਼ ਦੇ ਪਿਤਾ ਨੂੰ ਪਹਿਲਾਂ ਵੀ ਧਮਕੀਆਂ ਮਿਲ ਚੁੱਕੀਆਂ ਹਨ। ਸੰਤੋਖ ਸਿੰਘ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ, ਜਦੋਂ ਜਾਂਚ ਸ਼ੁਰੂ ਕੀਤੀ ਗਈ ਤਾਂ ਪਤਾ ਲੱਗਿਆ ਕਿ ਧਮਕੀ ਦੇਣ ਵਾਲਿਆਂ 'ਚੋਂ ਇਕ ਪੁਰਾਣਾ ਗਨਮੈਨ ਹੈ।
ਸੰਤੋਖ ਸਿੰਘ ਸਾਲ 2021 ਵਿਚ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਏ ਸਨ। 25 ਦਸੰਬਰ ਨੂੰ ਸੰਤੋਖ ਸਿੰਘ 'ਤੇ ਦੋ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿਤਾ ਸੀ। ਇਨ੍ਹਾਂ ਲੋਕਾਂ ਨੇ ਸੰਤੋਖ 'ਤੇ ਗੋਲੀਆਂ ਚਲਾਈਆਂ ਸਨ। ਦਸਿਆ ਜਾ ਰਿਹਾ ਹੈ ਕਿ ਇਹ ਘਟਨਾ ਅੰਮ੍ਰਿਤਸਰ ਦੀ ਹੈ। ਇਹ ਦੋਵੇਂ ਵਿਅਕਤੀ ਬਾਈਕ 'ਤੇ ਆਏ ਸਨ। ਇਸ ਹਾਦਸੇ ਵਿਚ ਸੰਤੋਖ ਸਿੰਘ ਵਾਲ-ਵਾਲ ਬਚ ਗਏ।
(For more Punjabi news apart from shehnaaz gill father threat news, stay tuned to Rozana Spokesman)