ਸਿੱਖਿਆ ਵਿਭਾਗ ਦੀ ਵੱਡੀ ਲਾਪਰਵਾਹੀ-ਕੈਲੰਡਰ 'ਚ 372 ਦਿਨਾਂ ਦਾ ਸਾਲ ਅਤੇ 31 ਦਿਨਾਂ ਦੇ ਸਾਰੇ ਮਹੀਨੇ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੋਸ਼ਲ ਮੀਡੀਆ 'ਤੇ ਖ਼ਬਰ ਨਸ਼ਰ ਹੋਣ ਤੋਂ ਬਾਅਦ ਸਿੱਖਿਆ ਵਿਭਾਗ ਨੇ ਕੈਲੰਡਰਾਂ ਨੂੰ ਵਾਪਸ ਮੰਗਵਾਇਆ

Calendar picture

ਚੰਡੀਗੜ੍ਹ : ਸਿੱਖਿਆ ਵਿਭਾਗ ਪੰਜਾਬ ਆਪਣੇ ਕਿਸੇ ਨਾ ਕਿਸੇ ਕਾਰਨਾਮੇ ਕਾਰਨ ਸੁਰੱਖਿਆ 'ਚ ਰਹਿੰਦਾ ਹੈ। ਜਿਹੜਾ ਕਾਰਨਾਮਾ ਇਸ ਵਿਭਾਗ ਨੇ ਐਤਕੀਂ ਕੀਤਾ ਹੈ ਇਸ ਤੋਂ ਬਾਅਦ ਸਿਰਫ਼ ਇਤਿਹਾਸ ਜਾਂ ਵਿਗਿਆਨ ਹੀ ਨਹੀਂ ਸਗੋਂ ਧਰਤੀ ਦਾ ਭੂਗੋਲ ਦੀ ਬਦਲਿਆ ਜਾ ਚੁੱਕਾ ਹੈ। ਦਰਅਸਲ ਜ਼ਿਲ੍ਹਾ ਸਿੱਖਿਆ ਦਫ਼ਤਰ ਮਾਨਸਾ ਵੱਲੋਂ ਮਾਨਸਾ ਜ਼ਿਲ੍ਹੇ ਦੇ ਸਕੂਲਾਂ ਵਿਚ ਲਗਾਉਣ ਲਈ ਇੱਕ ਸਿੱਖਿਆ ਵਿਭਾਗ ਦਾ ਆਪਣਾ ਕੈਲੰਡਰ ਜਾਰੀ ਕੀਤਾ ਗਿਆ ਹੈ ਜਿਸ 'ਚ ਪਿਛਲੇ ਵਰ੍ਹੇ ਦੌਰਾਨ ਜ਼ਿਲ੍ਹੇ ਵੱਲੋਂ ਕੀਤੀਆਂ ਗਈਆਂ ਉਪਲੱਬਧੀਆਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ ਅਤੇ ਨਾਲ ਹੀ ਡੀ.ਸੀ. ਮਾਨਸਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ ਦੀ ਤਸਵੀਰ ਵੀ ਲਗਾਈ ਗਈ ਹੈ।

ਤਸਵੀਰਾਂ ਲਗਾਉਣ 'ਚ ਮਗਨ ਜ਼ਿਲ੍ਹਾ ਸਿੱਖਿਆ ਵਿਭਾਗ ਨੇ ਕੈਲੰਡਰ ਦੀ ਅਸਲੀ ਪਛਾਣ ਨੂੰ ਉਸ ਸਮੇਂ ਵਿਗਾੜ ਦਿੱਤਾ ਜਦੋਂ ਕੈਲੰਡਰ ਦੇ ਸਾਰੇ ਦੇ ਸਾਰੇ ਮਹੀਨਿਆਂ ਨੂੰ ਹੀ 31 ਦਿਨਾਂ ਦਾ ਬਣਾ ਦਿੱਤਾ ਅਤੇ ਪੂਰੇ ਸਾਲ ਦੇ ਦਿਨਾਂ ਦੀ ਗਿਣਤੀ 372 ਕਰ ਦਿੱਤੀ ਗਈ ਜਿਸ ਕਾਰਨ ਮਹੱਤਵਪੂਰਨ ਦਿਨ ਵੀ ਅੱਗੇ ਪਿੱਛੇ ਹੋ ਗਏ ਅਤੇ ਤਰੀਕਾਂ ਦਾ ਰੌਲਾ ਵੀ ਪੈ ਗਿਆ। 

ਸਿੱਖਿਆ ਵਿਭਾਗ ਦੇ ਇਸ ਕੈਲੰਡਰ ਦਾ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਜ਼ਬਰਦਸਤ ਮਜ਼ਾਕ ਬਣਾਇਆ। ਇਸ ਕੈਲੰਡਰ ਬਾਰੇ ਸੋਸ਼ਲ ਮੀਡੀਆ ਉੱਪਰ ਖ਼ਬਰ ਵਾਇਰਲ ਹੋਣ ਤੋਂ ਬਾਅਦ ਸਿੱਖਿਆ ਵਿਭਾਗ ਨੇ ਕੈਲੰਡਰਾਂ ਨੂੰ ਵਾਪਸ ਮੰਗਵਾ ਲਿਆ ਹੈ ਅਤੇ ਸਕੂਲਾਂ ਨੂੰ ਕੈਲੰਡਰ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ। ਇੱਥੇ ਸਵਾਲ ਇਹ ਉਠਦਾ ਹੈ ਕਿ ਜਿਹੜਾ ਜ਼ਿਲ੍ਹਾ ਸਿੱਖਿਆ ਵਿਭਾਗ ਕੈਲੰਡਰ ਦੀਆਂ ਤਰੀਕਾਂ ਦਾ ਗਿਆਨ ਨਹੀਂ ਰੱਖਦੇ ਜਾਂ ਕੈਲੰਡਰ ਦੀਆਂ ਤਰੀਕਾਂ ਵਿਚ ਹੋਈ ਗ਼ਲਤੀ ਦਾ ਅਨੁਮਾਨ ਨਹੀਂ ਲਗਾ ਸਕਦਾ ਅਜਿਹਾ ਦਫ਼ਤਰ ਸਕੂਲਾਂ ਵਿਚ ਸਿੱਖਿਆ ਦੇ ਪੱਧਰ ਨੂੰ ਲੈ ਕੇ ਕਿੰਨਾ ਗੰਭੀਰ ਹੋਵੇਗਾ ਇਸ ਦਾ ਅੰਦਾਜ਼ਾ ਇਸ ਕੈਲੰਡਰ ਤੋਂ ਲਾਇਆ ਜਾ ਸਕਦਾ ਹੈ।