ਕੁੰਵਰ ਵਿਜੇ ਪ੍ਰਤਾਪ ਦੇ ਤਬਾਦਲੇ ਕਾਰਨ ਸਿੱਖ ਜਥੇਬੰਦੀਆਂ 'ਚ ਰੋਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖ ਸੰਗਤ ਨੇ ਬਰਗਾੜੀ ਦੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਤੋਂ ਰੋਸ ਮਾਰਚ ਕੱਢਿਆ

Sikh organizations protest against transfer of Kunwar Vijay Pratap

ਚੰਡੀਗੜ੍ਹ : ਬੇਅਦਬੀ ਮਾਮਲਿਆਂ ਦੀ ਜਾਂਚ ਲਈ ਬਣੀ ਐਸ.ਆਈ.ਟੀ. ਤੋਂ ਕੁੰਵਰ ਵਿਜੇ ਪ੍ਰਤਾਪ ਨੂੰ 'ਸਿੱਟ' ਤੋਂ ਹਟਾਏ ਜਾਣ ਤਾ ਸਿੱਖ ਜਥੇਬੰਦੀਆਂ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਸਿੱਖ ਸੰਗਤ ਵਲੋਂ ਬਰਗਾੜੀ ਦੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਤੋਂ ਇਕ ਰੋਸ ਮਾਰਚ ਕੱਢਿਆ ਗਿਆ। ਇਸ ਮੌਕੋ ਅਕਾਲੀ-ਭਾਜਪਾ ਅਤੇ ਇਲਕੈਸ਼ਨ ਕਮਿਸ਼ਨ ਦੇ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ।

ਇਸ ਮੌਕੇ ਸਿੱਖ ਆਗੂਆਂ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਮੁੜ ਸਿੱਟ ਮੈਂਬਰ ਵਜੋਂ ਤਾਇਨਾਤ ਕੀਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ 11 ਅਪ੍ਰੈਲ ਤਕ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਤਾਇਨਾਤੀ ਮੁੜ ਨਾ ਕੀਤੀ ਗਈ ਤਾਂ ਸਿੱਖ ਜਥੇਬੰਦੀਆਂ ਦਿੱਲੀ 'ਚ ਵੱਡੇ ਪੱਧਰ 'ਤੇ ਭਾਰਤੀ ਚੋਣ ਕਮਿਸ਼ਨ ਦੇ ਦਫ਼ਤਰ ਬਾਹਰ ਰੋਸ ਪ੍ਰਦਰਸ਼ਨ ਕਰਨਗੀਆਂ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਚੋਣ ਕਮਿਸ਼ਨ ਨੇ ਪੰਜਾਬ ਸਰਕਾਰ ਵੱਲੋਂ ਬਰਗਾੜੀ (ਫ਼ਰੀਦਕੋਟ) ’ਚ ਹੋਈ ਬੇਅਦਬੀ ਦੀ ਘਟਨਾ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ (ਸਿੱਟ) ਦੇ ਅਹਿਮ ਮੈਂਬਰ ਅਤੇ ਆਈਪੀਐਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਤਬਾਦਲਾ ਕਰ ਦਿੱਤਾ ਸੀ। ਕਮਿਸ਼ਨ ਦੀਆਂ ਹਦਾਇਤਾਂ ’ਤੇ ਰਾਜ ਸਰਕਾਰ ਨੇ ਇਸ ਪੁਲੀਸ ਅਧਿਕਾਰੀ ਨੂੰ ਆਈਜੀ (ਕਾਊਂਟਰ ਇੰਟੈਲੀਜੈਂਸ) ਅੰਮ੍ਰਿਤਸਰ ਥਾਪ ਦਿੱਤਾ ਹੈ। ਚੋਣ ਕਮਿਸ਼ਨ ਵੱਲੋਂ ਮੁੱਖ ਸਕੱਤਰ ਨੂੰ ਜੋ ਪੱਤਰ ਲਿਖਿਆ ਗਿਆ ਹੈ ਉਸ ਵਿੱਚ ਕੁੰਵਰਵਿਜੈ ਪ੍ਰਤਾਪ ਸਿੰਘ ’ਤੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ਲਾਏ ਗਏ ਹਨ। ਇਨ੍ਹਾਂ ਦੋਸ਼ਾਂ ਦੇ ਆਧਾਰ ’ਤੇ ਹੀ ਆਈਪੀਐਸ ਅਧਿਕਾਰੀ ਵਿਰੁੱਧ ਕਾਰਵਾਈ ਦੀ ਹਦਾਇਤ ਕੀਤੀ ਸੀ।