ਭਾਰਤੀ ਚੋਣ ਕਮਿਸ਼ਨ ਨੇ ਕੁੰਵਰ ਵਿਜੇ ਪ੍ਰਤਾਪ ਨੂੰ ਵਿਸ਼ੇਸ਼ ਜਾਂਚ ਟੀਮ 'ਚੋਂ ਹਟਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲੀ ਦਲ ਦੀ ਸ਼ਿਕਾਇਤ 'ਤੇ ਕਾਰਵਾਈ ਦੀ ਹਦਾਇਤ, ਮੀਡੀਆ 'ਚ ਸਿੱਟ ਦੇ ਸਿਆਸੀਕਰਨ ਦੇ ਦੋਸ਼

Kunwar vijay pratap singh

ਚੰਡੀਗੜ੍ਹ : ਭਾਰਤੀ ਚੋਣ ਕਮਿਸ਼ਨ ਨੇ ਬੇਅਦਬੀ ਤੇ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਦੇ ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਹਟਾ ਦਿਤਾ ਹੈ। ਕਮਿਸ਼ਨ ਦੇ ਸਕੱਤਰ ਰਾਹੁਲ ਸ਼ਰਮਾ ਦੇ ਹਸਤਾਖ਼ਰਾਂ ਹੇਠ ਪੰਜਾਬ ਦੇ ਮੁੱਖ ਸਕੱਤਰ (ਨਕਲ ਮੁੱਖ ਚੋਣ ਅਫ਼ਸਰ ਪੰਜਾਬ) ਨੂੰ ਲਿਖੇ ਪੱਤਰ ਵਿਚ ਚੋਣ ਕਮਿਸ਼ਨ ਨੇ ਕੁੰਵਰ ਵਿਜੈ ਪ੍ਰਤਾਪ ਨੂੰ ਅੱਜ ਸ਼ਾਮ ਪੰਜ ਵਜੇ ਤਕ ਰਿਲੀਵ ਕਰਨ ਦੇ ਆਦੇਸ਼ ਦਿਤੇ ਹਨ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਕੁੰਵਰ ਵਿਜੈ ਪ੍ਰਤਾਪ ਨੂੰ ਚੋਣ ਜ਼ਾਬਤੇ ਨਾਲ ਸਬੰਧਤ ਕੋਈ ਵੀ ਪੋਸਟ 'ਤੇ ਤਾਇਨਾਤ ਨਾ ਕੀਤਾ ਜਾਵੇ। ਇਸ ਦੇ ਨਾਲ ਹੀ ਵਿਸ਼ੇਸ਼ ਜਾਂਚ ਟੀਮ ਨੂੰ ਆਦੇਸ਼ ਦਿਤਾ ਹੈ ਕਿ ਚੋਣ ਜ਼ਾਬਤਾ ਲੱਗੇ ਹੋਣ ਤਕ ਜਾਂਚ ਨਾਲ ਸਬੰਧਤ ਕੋਈ ਵੀ ਤੱਥ ਮੀਡੀਆ ਨਾਲ ਸਾਂਝਾ ਨਾ ਕੀਤਾ ਜਾਵੇ।

ਦਸਣਯੋਗ ਹੈ ਕਿ ਭਾਰਤੀ ਚੋਣ ਕਮਿਸ਼ਨ ਨੇ ਅਪਣੇ ਉਕਤ ਪੱਤਰ ਵਿਚ ਪ੍ਰਗਟਾਵਾ ਕੀਤਾ ਹੈ ਕਿ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਨਰੇਸ਼ ਗੁਜ਼ਰਾਲ ਵਲੋਂ ਲੰਘੀ 22 ਮਾਰਚ ਨੂੰ ਕੁੰਵਰ ਵਿਜੇ ਪ੍ਰਤਾਪ ਸਿੰਘ ਵਿਰੁਧ ਇਕ ਸ਼ਿਕਾਇਤ ਕਮਿਸ਼ਨ ਕੋਲ ਦਰਜ ਕਰਵਾਈ ਗਈ ਸੀ ਜਿਸ ਦੀ ਪੜਤਾਲ ਮਗਰੋਂ ਪਾਇਆ ਗਿਆ ਕਿ ਇਸ ਅਧਿਕਾਰੀ ਵਲੋਂ 18 ਅਤੇ 19 ਮਾਰਚ ਨੂੰ ਸਿਆਸਤ ਤੋਂ ਪ੍ਰੇਰਿਤ ਟੀਵੀ ਇੰਟਰਵਿਊ ਦਿਤੀ ਗਈ ਸੀ ਜੋ ਕਿ ਸਿੱਟ ਵਲੋਂ ਜਾਰੀ ਜਾਂਚ ਪੜਤਾਲ 'ਤੇ ਆਧਾਰਤ ਸੀ ਤੇ ਉਸ ਵਿਚ ਕੁੱਝ ਸਿਆਸੀ ਕੁਮੈਂਟ ਕੀਤੇ ਗਏ ਸਨ। ਇਹ ਪ੍ਰਭਾਵ ਲਿਆ ਗਿਆ ਹੈ ਕਿ ਉਕਤ ਇੰਟਰਵਿਊ ਸਿਆਸੀ ਮਨਸ਼ਿਆਂ ਨਾਲ ਕੀਤੀ ਗਈ ਸੀ ਤੇ ਇਸ ਵਿਚ ਕੁੱਝ ਸਿਆਸੀ ਆਗੂਆਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।

ਇੰਨਾ ਹੀ ਨਹੀਂ ਉਕਤ ਅਧਿਕਾਰੀ ਵਲੋਂ ਇਕ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਾ ਨਾਮ ਲਿਆ ਜਾਣਾ ਅਤੇ ਜ਼ਿਕਰ ਕੀਤਾ ਜਾਣਾ ਸਿੱਧੇ ਤੌਰ 'ਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੈ। ਕਮਿਸ਼ਨ ਨੇ ਬਾਕੀ ਸਿੱਟ ਮੈਂਬਰਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਭਵਿੱਖ ਵਿਚ ਜਾਂਚ ਨਾਲ ਸਬੰਧਤ ਵੇਰਵੇ ਜਨਤਕ ਨਾ ਕੀਤੇ ਜਾਣ। ਜਿੰਨਾ ਚਿਰ ਆਦਰਸ਼ ਚੋਣ ਜ਼ਾਬਤਾ ਲਾਗੂ ਹੈ ਤਾਂ ਜੋ ਇਸ ਨਾਲ ਚੋਣ ਪ੍ਰਕਿਰਿਆ ਪ੍ਰਭਾਵਤ ਨਾ ਹੋਵੇ ਅਤੇ ਨਿਰਪੱਖ ਚੋਣਾਂ ਕਰਵਾਈਆਂ ਜਾ ਸਕਣ।

ਕੁੰਵਰ ਵਿਜੈ ਪ੍ਰਤਾਪ ਆਈ.ਜੀ ਕਾਊਂਟਰ ਇੰਟੈਲੀਜੈਂਸ ਨਿਯੁਕਤ : ਦੇਰ ਸ਼ਾਮ ਭਾਰਤੀ ਚੋਣ ਕਮਿਸ਼ਨ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਪੰਜਾਬ ਸਰਕਾਰ ਨੇ ਆਰਗੇਨਾਈਜਡ ਜ਼ੁਰਮ ਰੋਕੂ ਯੂਨਿਟ (ਓਸੀਸੀਯੂ) ਦੇ ਆਈ.ਜੀ.ਪੀ ਕਮ ਮੈਂਬਰ ਵਿਸ਼ੇਸ਼ ਜਾਂਚ ਟੀਮ ਬੇਅਦਬੀ ਅਤੇ ਗੋਲੀਕਾਂਡ ਕੁੰਵਰ ਵਿਜੇ ਪ੍ਰਤਾਪ ਦੇ ਤਬਾਦਲੇ ਦੇ ਹੁਕਮ ਜਾਰੀ ਕਰ ਦਿਤੇ ਹਨ। ਕੁੰਵਰ ਵਿਜੈ ਪ੍ਰਤਾਪ ਨੂੰ ਹੁਣ ਬਤੌਰ ਆਈਜੀ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ (ਖ਼ਾਲੀ ਅਸਾਮੀ ਉਤੇ) ਨਿਯੁਕਤ ਕੀਤਾ ਗਿਆ ਹੈ।