ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਤ ਦਿੱਲੀ ’ਚ ਵਿਸ਼ਵ ਪਧਰੀ ਮਿਊਜ਼ੀਅਮ ਬਣਾਇਆ ਜਾਵੇ : ਸੁਖਬੀਰ ਬਾਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਬੀਰ ਬਾਦਲ ਨੇ ਕੀਤੀ ਅਪੀਲ, ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਕੌਮੀ ਅਖੰਡਤਾ ਦਿਵਸ ਵਜੋਂ ਮਨਾਇਆ ਜਾਵੇ

Sukhbir Singh Badal

ਚੰਡੀਗੜ੍ਹ (ਭੁੱਲਰ)  : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬੇਨਤੀ ਕੀਤੀ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ’ਤੇ ਦਿੱਲੀ ਵਿਚ ਉਨ੍ਹਾਂ ਦੇ ਜੀਵਨ ਤੇ ਸ਼ਹਾਦਤ ਨੂੰ ਸਮਰਪਤ ਵਿਸ਼ਵ ਪਧਰੀ ਮਿਊਜ਼ੀਅਮ ਸਥਾਪਤ ਕੀਤਾ ਜਾਵੇ। ਉਨ੍ਹਾਂ ਨੇ ਕਿਸਾਨ ਅੰਦੋਲਨ ਵਿਚ ਹਿੱਸਾ ਲੈ ਰਹੇ ਕਿਸਾਨਾਂ ਤੇ ਨੌਜਵਾਨਾਂ ਵਿਰੁਧ ਸਾਰੇ ਕੇਸ ਸਰਬੱਤ ਦਾ ਭਲਾ ਦੀ ਭਾਵਨਾ ਅਨੁਸਾਰ ਵਾਪਸ ਲਏ ਜਾਣ ਦੀ ਅਪੀਲ ਵੀ ਪ੍ਰਧਾਨ ਮੰਤਰੀ ਨੁੰ ਕੀਤੀ।

ਗੁਰੂ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਸਾਲ ਭਰ ਚੱਲਣ ਵਾਲੇ ਸਮਾਗਮਾਂ ਨੂੰ ਅੰਤਮ ਰੂਪ ਦੇਣ ਲਈ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੋਠ ਹੋਈ ਉਚ ਪਧਰੀ ਮੀਟਿੰਗ ਵਿਚ ਸ਼ਮੂਲੀਅਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਤਜਵੀਜ਼ਸ਼ੁਦਾ ਮਿਊਜ਼ੀਅਮ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਲੋਂ ਆਨੰਦਪੁਰ ਸਾਹਿਬ ਵਿਚ ਸਥਾਪਤ ਕੀਤੇ ਗਏ ਵਿਰਾਸਤ ਏ ਖ਼ਾਲਸਾ ਜੋ ਕਿ ਵਿਸ਼ਵ ਵਿਚ ਸੱਭ ਤੋਂ ਵੱਧ ਸੈਲਾਨੀਆਂ ਵਲੋਂ ਵੇਖਿਆ ਕੇਂਦਰ ਬਣ ਗਿਆ,  ਦੀ ਤਰਜ ’ਤੇ ਬਣਾਇਆ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਇਹ ਸਮੇਂ ਦੀ ਜ਼ਰੂਰਤ ਹੈ ਕਿ ਨਵੀਂ ਪੀੜ੍ਹੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਤੇ ਉਨ੍ਹਾਂ ਦੇ ਸ਼ਰਧਾਲੂਆਂ ਦੀਆਂ ਸ਼ਹਾਦਤਾਂ ਤੋਂ ਜਾਣੂ ਕਰਵਾਇਆ ਜਾਵੇ। ਸੁਖਬੀਰ ਬਾਦਲ ਨੇ ਇਹ ਵੀ ਅਪੀਲ ਕੀਤੀ ਕਿ ਗੁਰੂ ਸਾਹਿਬ ਦੇ 1 ਮਈ ਨੂੰ ਪ੍ਰਕਾਸ਼ ਪੁਰਬ ਨੂੰ ਕੌਮੀ ਅਖੰਡਤਾ ਦਿਵਸ ਵਜੋਂ ਮਨਾਇਆ ਜਾਵੇ ਤੇ ਗੁਰੂ ਸਾਹਿਬ ਦੇ ਜੀਵਨ ਤੇ ਸ਼ਹਾਦਤ ਬਾਰੇ ਸਕੂਲ ਸਿਲੇਬਸ ਵਿਚ ਅਧਿਆਇ ਸ਼ਾਮਲ ਕੀਤਾ ਜਾਵੇ।

ਉਨ੍ਹਾਂ ਇਹ ਵੀ ਬੇਨਤੀ ਕੀਤੀ ਕਿ ਅੰਮ੍ਰਿਤਸਰ , ਬਾਬਾ ਬਕਾਲਾ ਤੇ ਆਨੰਦਪੁਰ ਸਾਹਿਬ ਤਿੰਨ ਪਵਿੱਤਰ ਸ਼ਹਿਰਾਂ ਨੂੰ ਵੱਡੀ ਪੱਧਰ ’ਤੇ ਵਿਕਸਤ ਕੀਤਾ ਜਾਵੇ ਤੇ ਕਿਹਾ ਕਿ ਭਾਵੇਂ ਕਿ ਪਿਛਲੀ ਅਕਾਲੀ ਸਰਕਾਰ ਨੇ ਅੰਮ੍ਰਿਤਸਰ ਦਾ ਵਿਕਾਸ ਕਰਨ ਲਈ ਪੁਰਜ਼ੋਰ ਯਤਨ ਕੀਤੇ ਪਰ ਕੇਂਦਰ ਸਰਕਾਰ ਹੋਰ ਜ਼ਿਆਦਾ ਵਿਕਾਸ ਕਰ ਸਕਦੀ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਪ੍ਰਧਾਨ ਮੰਤਰੀ ਨੂੰ ਇਹ ਵੀ ਅਪੀਲ ਕੀਤੀ ਕਿ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਢੁਕਵੇਂ ਕਦਮ ਚੁਕੇ ਜਾਣ ਤਾਂ ਜੋ ਸਿੱਖ ਸ਼ਰਧਾਲੂ ਉਸ ਥਾਂ ਦਾ ਨਤਮਸਤਕ ਹੋ ਸਕਣ ਜਿਥੇ ਗੁਰੂ ਸਾਹਿਬ ਨੇ ਅਪਣਾ ਅੰਤਮ ਸਮਾਂ ਬਿਤਾਇਆ। 

ਉਹਨਾਂ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਇਹ ਮਾਮਲਾ ਪਾਕਿਸਤਾਨ ਸਰਕਾਰ ਕੋਲ ਵੀ ਚੁੱਕਿਆ ਜਾ ਸਕਦਾ ਹੈ।  ਬਾਦਲ ਨੇ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਜੇਲ੍ਹਾਂ ਵਿਚ ਰੁੱਲ ਰਹੇ ਸਿੰਖ ਕੈਦੀਆਂ ਦੀ ਰਿਹਾਈ ਦੀ ਵੀ ਮੰਗ ਕੀਤੀ। ਉਹਨਾਂ ਕਿਹਾ ਕਿ ਅਜਿਹਾ ਕਰਨ ਨਾਲ ਗੁਰੂ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਸਹੀ ਸੰਦੇਸ਼ ਜਾਵੇਗਾ। ਉਹਨਾਂ ਇਹ ਵੀਅਪੀਲ ਕੀਤੀ ਕਿ ਸਾਕਾ ਨੀਲਾ ਤਾਰਾ ਮੌਕੇ ਜਿਹੜੇ ਧਰਮੀ ਫੌਜੀ ਆਪਣੀਆਂ ਬੈਰਕਾਂ ਛੱਡ ਆਏ ਸਨ, ਉਹਨਾਂ ਨੁੰ ਬਣਦੇ ਲਾਭ ਦਿੱਤੇ ਜਾਣ ਕਿਉਂਕਿ ਉਸ ਵੇਲੇ ਉਹਨਾਂ ਨੇ ਭਾਵੁਕ ਹੋ ਕੇ ਕਦਮ ਚੁੱਕਿਆ ਸੀ। 

ਅਕਾਲੀ ਦਲ ਦੇ ਪ੍ਰਧਾਨ ਨੇ ਮੀਟਿੰਗ ਵਿਚ ਇਹ ਵੀ ਬੇਨਤੀ ਕੀਤੀ ਕਿ ਸਾਲ ਭਰ ਚੱਲਣ ਵਾਲੇ ਸਮਾਗਮਾਂ ਲਈ ਸ਼੍ਰੋਮਣੀ ਕਮੇਟੀ ਨੂੰ ਨੋਡਲ ਏਜੰਸੀ ਬਣਾਇਆ ਜਾਵੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਿੱਖ ਮਰਿਆਦਾ ਦੀ ਸਹੀ ਤਰੀਕੇ ਪਾਲਣਾ ਹੋ ਸਕੇ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਲੋਕਤੰਤਰੀ ਢੰਗ ਨਾਲ ਚੁਣੀ ਹੋਈ ਸੰਸਥਾ ਹੈ ਜੋ ਪਿਛਲੇ ਸੌ ਸਾਲਾਂ ਤੋਂ ਗੁਰੂ ਘਰਾਂ ਦੇ ਪ੍ਰਬੰਧ ਚਲਾ ਰਹੀ ਹੈ।

ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਸਿੱਖੀ ਧਰਮ ਨਿਰਪੱਖਤਾ ਦੀ ਸਭ ਤੋਂ ਵੱਡੀ ਉਦਾਹਰਣ ਹੈ ਜਿਸ ਵਿਚ ਮੁੱਖ ਧਿਆਨ ਸਰਬੱਤ ਦੇ ਭਲੇ ’ਤੇ ਦਿੱਤਾ ਜਾਂਦਾ ਹੈ ਨਾ ਕਿ ਸਿਰਫ ਸਿੱਖਾਂ ਦੀ ਖੁਸ਼ਹਾਲੀ ਵੱਲ ਦਿੱਤਾ ਜਾਂਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਸੇਵਾ ਤੇ ਸ਼ਹਾਦਤ ਦਾ ਸਿੱਖ ਫਲਸਫੇ ਵਿਚ ਵਿਸ਼ੇਸ਼ ਸਥਾਨ ਹੈ ਤੇ ਉਹਨਾਂ ਉਦਾਹਰਣ ਵੀ ਦਿੱਤੀ ਕਿ  ਕਿਵੇਂ ਕੋਰੋਨਾ ਕਾਲ ਵਿਚ ਸਿੱਖਾਂ ਵੱਲੋਂ ਸੇਵਾ ਜਾਰੀ ਰੱਖੀ ਗਈ ਤੇ ਦੇਸ਼ ਦੀ ਰਾਖੀ ਵਾਸਤੇ ਆਪਣੀਆਂ ਸ਼ਹਾਦਤਾਂ ਵੀ ਦਿੱਤੀਆਂ । ਉਹਨਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਸ਼ਹਾਦਤ ਤੇ ਧਰਮ ਨਿਰਪੱਖਤਾ ਦੀ ਸਭ ਤੋਂ ਵੱਡੀ ਉਦਾਹਰਣ ਹੈ।