ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਰਵੀ ਸਿੰਘ ਦਾ ਪਹਿਲਾਂ ਅਪਰੇਸ਼ਨ ਹੋਇਆ ਸਫ਼ਲ, ਅਰਦਾਸਾਂ ਲਈ ਕੀਤਾ ਧੰਨਵਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰਦੇ ਮਿਲਣ ਤੋਂ ਬਾਅਦ ਅਪਰੇਸ਼ਨ ਕਰਕੇ ਬਦਲੇ ਜਾਣਗੇ ਰਵੀ ਸਿੰਘ ਦੇ ਖ਼ਰਾਬ ਗੁਰਦੇ

Ravi singh Khalsa

ਚੰਡੀਗੜ੍ਹ: ਵਿਸ਼ਵ ਪੱਧਰੀ ਸਮਾਜ ਸੇਵੀ ਸੰਸਥਾ ਦੇ ਮੁਖੀ ਰਵੀ ਸਿੰਘ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਹਨ। ਬੀਤੇ ਦਿਨ ਉਹਨਾਂ ਨੇ ਅਪਣੀ ਸਿਹਤ ਸਬੰਧੀ ਅਹਿਮ ਜਾਣਕਾਰੀ ਸਾਂਝੀ ਕੀਤੀ ਸੀ। ਇਸ ਦੌਰਾਨ ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਦੇ ਗੁਰਦੇ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੇ। ਗੁਰਦਿਆਂ ਦੀ ਬਿਮਾਰੀ ਨੂੰ ਲੈ ਕੇ ਕੱਲ੍ਹ ਉਹਨਾਂ ਦਾ ਪਹਿਲਾਂ ਆਪਰੇਸ਼ਨ ਹੋਇਆ ਹੈ।

ਰਵੀ ਸਿੰਘ ਨੇ ਦੱਸਿਆ ਕਿ ਗੁਰੂ ਸਾਹਿਬ ਦੀ ਕ੍ਰਿਪਾ ਨਾਲ ਉਹਨਾਂ ਦਾ ਪਹਿਲਾ ਅਪਰੇਸ਼ਨ ਠੀਕ-ਠੀਕ ਹੋ ਗਿਆ ਹੈ। ਉਹਨਾਂ ਨੇ ਉਮੀਦ ਜਤਾਈ ਕਿ ਉਹਨਾਂ ਨੂੰ ਜਲਦੀ ਹੀ ਕਿਡਨੀ ਮਿਲ ਜਾਵੇਗੀ ਅਤੇ ਇਸ ਤੋਂ ਬਾਅਦ ਵੱਡਾ ਅਪਰੇਸ਼ਨ ਕਰਕੇ ਉਹਨਾਂ ਦੇ ਖ਼ਰਾਬ ਗੁਰਦਿਆਂ ਨੂੰ ਬਦਲਿਆ ਜਾਵੇਗਾ। ਇਸ ਮੌਕੇ ਰਵੀ ਸਿੰਘ ਨੇ ਪਿਆਰ, ਅਸੀਸਾਂ ਅਤੇ ਅਰਦਾਸਾਂ ਲਈ ਅਪਣੇ ਚਾਹੁਣ ਵਾਲਿਆਂ ਦਾ ਧੰਨਵਾਦ ਕੀਤਾ।  

ਦੱਸ ਦਈਏ ਕਿ ਪਿਛਲੇ 22 ਸਾਲਾਂ ਤੋਂ ਰਵੀ ਸਿੰਘ ਲੋੜਵੰਦਾਂ ਦੀ ਸੇਵਾ ਕਰ ਰਹੇ ਹਨ। ਉਹਨਾਂ ਦੱਸਿਆ ਕਿ ਸੇਵਾ ਦੇ ਪਹਿਲੇ ਦਸ ਸਾਲ ਵਿਚ ਹੋਈ ਦੌੜ ਭੱਜ ਅਤੇ ਦੁਨੀਆਂ ਦੀਆਂ ਵੱਖ-ਵੱਖ ਥਾਵਾਂ ਦੇ ਹਾਲਾਤਾਂ ਅਨੁਸਾਰ ਉਹ ਆਪਣੇ ਖਾਣ ਪੀਣ ਅਤੇ ਸਿਹਤ ਦਾ ਚੰਗੀ ਤਰ੍ਹਾਂ ਧਿਆਨ ਨਹੀਂ ਰੱਖ ਸਕੇ। ਜਿਸ ਦਾ ਨਤੀਜਾ ਅੱਜ ਵਿਗੜੀ ਹੋਈ ਸਿਹਤ ਦੇ ਰੂਪ ਵਿਚ ਸਾਹਮਣੇ ਆ ਰਿਹਾ ਹੈ।

ਪਿਛਲੇ 2 ਸਾਲਾਂ ਤੋਂ ਰਵੀ ਸਿੰਘ ਦੇ ਦੋਵੇਂ ਗੁਰਦੇ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੇ, ਜਿਸ ਦੇ ਇਲਾਜ ਲਈ ਉਹਨਾਂ ਨੇ ਅਪਰੇਸ਼ਨ ਕਰਵਾਇਆ ਹੈ। ਰਵੀ ਸਿੰਘ ਦੀ ਸਿਹਤ ਸਬੰਧੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਉਹਨਾਂ ਨੂੰ ਚਾਹੁਣ ਵਾਲੇ ਉਹਨਾਂ ਦੀ ਤੰਦਰੁਸਤੀ ਲਈ ਅਰਦਾਸਾਂ ਕਰ ਰਹੇ ਹਨ।

ਨਵਜੋਤ ਸਿੱਧੂ ਨੇ ਵੀ ਕੀਤਾ ਟਵੀਟ

ਇਸ ਦੌਰਾਨ ਕਾਂਗਰਸੀ ਆਗੂ ਨਵਜੋਤ ਸਿੱਧੂ ਨੇ ਵੀ ਰਵੀ ਸਿੰਘ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ ਹੈ। ਉਹਨਾਂ ਨੇ ਟਵੀਟ ਕੀਤਾ, ‘ਖਾਲਸਾ ਏਡ ਦੀ ਮਿਸਾਲੀ “ਸੇਵਾ” ਨੇ ਸੰਸਾਰ-ਭਰ ਦੀਆਂ ਸੰਸਥਾਵਾਂ ਅਤੇ ਲੋਕਾਂ ਨੂੰ ਗੁਰੂ ਘਰ ਦੇ ਆਦਰਸ਼ਾਂ ਨਾਲ ਮਨੁੱਖਤਾ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਹੈ’। ਨਵਜੋਤ ਸਿੱਧੂ ਨੇ ਕਾਮਨਾ ਕੀਤੀ ਕਿ ਰਵੀ ਸਿੰਘ ਜਲਦੀ ਠੀਕ ਹੋ ਜਾਣ। ਉਹਨਾਂ ਕਿਹਾ ਮੇਰੀਆਂ ਪ੍ਰਾਰਥਨਾਵਾਂ ਰਵੀ ਸਿੰਘ ਦੇ ਨਾਲ ਹਨ।