ਬਾਦਲਾਂ ਦਾ ਮਹਿਲ ਘੇਰਨ ਜਾ ਰਹੇ ਬਰਗਾੜੀ ਮੋਰਚੇ ਵਾਲੇ ਆਪਸ ’ਚ ਹੀ ਭਿੜੇ
ਇਸ ਦੌਰਾਨ ਸਿੱਖ ਜਥੇਬੰਦੀਆਂ ਆਪਸ ਵਿਚ ਉਲਝੀਆਂ
ਬਠਿੰਡਾ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਸਿੱਖ ਜਥੇਬੰਦੀਆਂ ਬੇਅਦਬੀ ਤੇ ਗੋਲੀਕਾਂਡ ਘਟਨਾਵਾਂ ਦੇ ਰੋਸ ਵਜੋਂ ਬੁੱਧਵਾਰ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਘੇਰਨ ਗਈਆਂ। ਇਸ ਦੌਰਾਨ 25 ਸਿੱਖ ਜਥੇਬੰਦੀਆਂ ਦੇ ਲਗਭੱਗ 200 ਮੈਂਬਰਾਂ ਦਾ ਇਕੱਠ ਬਾਦਲ ਦੀ ਕੋਠੀ ਘੇਰਨ ਪਹੁੰਚਿਆ। ਇਸ ਦੌਰਾਨ ਰਾਸਤੇ ਵਿਚ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਬਾਬਿਆਂ ਨੇ ਪੁਲਿਸ ਵਲੋਂ ਲਗਾਏ ਬੈਰੀਕੇਡ ਵੀ ਭੰਨ੍ਹ ਦਿਤੇ। ਐਸਐਸਪੀ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਬੈਰੀਕੇਡ ਤੋੜਨ ਵਾਲਿਆਂ ਵਿਰੁਧ ਕਾਰਵਾਈ ਕੀਤੀ ਜਾਵੇਗੀ।
ਇਸ ਦੌਰਾਨ ਹੀ ਸਿੱਖ ਜਥੇਬੰਦੀਆਂ ਆਪਸ ਵਿਚ ਵੀ ਉਲਝ ਗਈਆਂ। ਦਰਅਸਲ, ਭਾਈ ਬਲਜੀਤ ਸਿੰਘ ਦਾਦੂਵਾਲ ਤੇ ਸਤਕਾਰ ਸਭਾ ਦੇ ਸੁਖਜੀਤ ਖੋਸਾ ਵਿਚ ਕਿਸੇ ਗੱਲ ਨੂੰ ਲੈ ਕੇ ਮਤਭੇਦ ਪੈਦਾ ਹੋ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਇਕ ਦੂਜੇ ਉਤੇ ਹੀ ਭੜਕ ਗਏ ਅਤੇ ਹਮਲੇ ਕਰ ਦਿਤਾ। ਦੋਵਾਂ ਧਿਰਾਂ ਦੇ ਸਮਰਥਕਾਂ ਨੇ ਇਕ ਦੂਜੇ ਉਤੇ ਡਾਂਗਾ ਵਰ੍ਹਾਉਣੀਆਂ ਸ਼ੁਰੂ ਕਰ ਦਿਤੀਆਂ। ਇਸ ਝੜਪ ਦੌਰਾਨ ਲਗਭੱਗ ਅੱਧਾ ਦਰਜਨ ਸਮਰਥਕ ਜ਼ਖ਼ਮੀ ਹੋ ਗਏ।
ਮਿਲੀ ਜਾਣਕਾਰੀ ਮੁਤਾਬਕ, ਸਿੱਖ ਜਥੇਬੰਦੀਆਂ ਨੇ ਲਗਭੱਗ ਸਾਢੇ ਤਿੰਨ ਤੋਂ ਲੈ ਕੇ ਸਾਢੇ 4 ਵਜੇ ਤਕ ਬਾਦਲਾ ਦੀ ਕੋਠੀ ਨੂੰ ਘੇਰਾ ਪਾ ਕੇ ਰੱਖਿਆ। ਸਰਬੱਤ ਖ਼ਾਲਸਾ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿਚ ਸਿੱਖ ਨੌਜਵਾਨਾਂ ਨੇ ਬੇਅਦਬੀ ਲਈ ਬਾਦਲਾਂ ਨੂੰ ਜ਼ਿੰਮੇਵਾਰ ਠਹਿਰਾਇਆ। ਬਾਦਲ ਪਰਵਾਰ ਵੀ ਇਸ ਦੌਰਾਨ ਅਪਣੇ ਘਰ ਅੰਦਰ ਹੀ ਮੌਜੂਦ ਸੀ। 4 ਵਜੇ ਉਨ੍ਹਾਂ ਪਿੰਡ ਘਮਿਆਰਾ ਤੇ ਲੌਹਾਰਾ ਵਿਚ ਰੈਲੀ ਕਰਨ ਜਾਣਾ ਸੀ ਪਰ ਸਮੇਂ ਸਿਰ ਨਹੀਂ ਜਾ ਸਕੇ।
ਦੱਸ ਦਈਏ ਕਿ ਸਿੱਖ ਜਥੇਬੰਦੀਆਂ ਵਲੋਂ ਇਹ ਵਿਰੋਧ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੇ ਆਈਜੀ ਕੁੰਵਰ ਵਿਜੇ ਪ੍ਰਤਾਪ ਦੇ ਤਬਾਦਲੇ ਵਿਰੁਧ ਕੀਤਾ ਜਾ ਰਿਹਾ ਸੀ। ਰੋਸ ਮਾਰਚ ਫ਼ਰੀਦਕੋਟ ਵਿਖੇ ਬਰਗਾੜੀ ਦੇ ਗੁਰਦੁਆਰਾ ਸਾਹਿਬ ਤੋਂ "ਬਾਦਲ ਹਰਾਓ, ਪੰਜਾਬ ਬਚਾਓ" ਦੇ ਨਾਅਰੇ ਤਹਿਤ ਕੱਢਿਆ ਗਿਆ।