ਕਰਜ਼ੇ ਤੋਂ ਤੰਗ ਆਏ ਇਕ ਹੋਰ ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਰਜ਼ੇ ਦੀ ਰਕਮ 5-6 ਲੱਖ ਦੱਸੀ ਜਾ ਰਹੀ ਹੈ

Nachattar Singh

ਭਵਾਨੀਗੜ੍ਹ: ਕਰਜ਼ੇ ਤੋਂ ਤੰਗ ਆ ਕੇ ਇਕ ਹੋਰ ਕਿਸਾਨ ਵਲੋਂ ਖ਼ੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ, ਪਿੰਡ ਰੇਤਗੜ੍ਹ ਵਿਚ ਕਰਜ਼ੇ ਤੋਂ ਪ੍ਰੇਸ਼ਾਨ ਇਕ ਕਿਸਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਅਪਣੀ ਜੀਵਨ ਲੀਲਾ ਹਮੇਸ਼ਾ ਲਈ ਸਮਾਪਤ ਕਰ ਲਈ। ਮ੍ਰਿਤਕ ਕਿਸਾਨ ਦਾ ਨਾਂਅ ਨਛੱਤਰ ਸਿੰਘ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਸਿਰ ’ਤੇ 5-6 ਲੱਖ ਰੁਪਏ ਕਰਜ਼ਾ ਸੀ।

ਪਿੰਡ ਦੇ ਸਾਬਕਾ ਸਰਪੰਚ ਕੁਲਵੰਤ ਸਿੰਘ ਬਖੋਪੀਰ ਤੇ ਪੰਚ ਰਣਧੀਰ ਸਿੰਘ ਨੇ ਦੱਸਿਆ ਕਿ ਕਿਸਾਨ ਨਛੱਤਰ ਸਿੰਘ ਪੁੱਤਰ ਦਲੀਪ ਸਿੰਘ (45) ਵਾਸੀ ਰੇਤਗੜ੍ਹ 1 ਏਕੜ ਜ਼ਮੀਨ ਦਾ ਮਾਲਕ ਸੀ ਤੇ ਆਰਥਿਕ ਪੱਖੋਂ ਬਹੁਤ ਕਮਜ਼ੋਰ ਸੀ। ਉਸ ਦੇ ਸਿਰ ’ਤੇ 5-6 ਲੱਖ ਰੁਪਏ ਕਰਜ਼ਾ ਹੋਣ ਕਾਰਨ ਅਕਸਰ ਬਹੁਤ ਪ੍ਰੇਸ਼ਾਨ ਰਹਿੰਦਾ ਸੀ। ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਬੀਤੇ ਦਿਨ ਨਛੱਤਰ ਸਿੰਘ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ,

ਜਿਸ ਤੋਂ ਬਾਅਦ ਗੰਭੀਰ ਹਾਲਤ ਵਿਚ ਤੁਰਤ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿਤਾ। ਪਿੰਡ ਦੇ ਲੋਕਾਂ ਤੇ ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਮੰਗ ਕੀਤੀ ਹੈ ਕਿ ਮ੍ਰਿਤਕ ਕਿਸਾਨ ਦੇ ਪਰਵਾਰ ਨੂੰ ਆਰਥਿਕ ਸਹਾਇਤਾ ਦਿਤੀ ਜਾਵੇ ਤੇ ਕਰਜ਼ਾ ਮਾਫ਼ ਕੀਤਾ ਜਾਵੇ।