ਹਰਿਆਣਾ ਸਰਕਾਰ ਨੇ ਖਿਡਾਰੀਆਂ ਦੀ ਕਮਾਈ 'ਚੋਂ ਹਿੱਸਾ ਮੰਗਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਰਿਆਣਾ ਸਰਕਾਰ ਨੇ ਅਪਣੇ ਵਿਭਾਗਾਂ ਵਿਚ ਨੌਕਰੀ ਕਰਦੇ ਖਿਡਾਰੀਆਂ ਨੂੰ ਕਾਰੋਬਾਰੀ ਅਤੇ ਪੇਸ਼ੇਵਰ ਪ੍ਰਤੀਬੱਧਤਾ ਤੋਂ ਹੋਣ ਵਾਲੀ ਉਨ੍ਹਾਂ ਦੀ ਕਮਾਈ ਦਾ ਇਕ ਤਿਹਾਈ ਹਿੱਸਾ.....

Manoharlal khattar

ਚੰਡੀਗੜ੍ਹ, 8 ਜੂਨ : ਹਰਿਆਣਾ ਸਰਕਾਰ ਨੇ ਅਪਣੇ ਵਿਭਾਗਾਂ ਵਿਚ ਨੌਕਰੀ ਕਰਦੇ ਖਿਡਾਰੀਆਂ ਨੂੰ ਕਾਰੋਬਾਰੀ ਅਤੇ ਪੇਸ਼ੇਵਰ ਪ੍ਰਤੀਬੱਧਤਾ ਤੋਂ ਹੋਣ ਵਾਲੀ ਉਨ੍ਹਾਂ ਦੀ ਕਮਾਈ ਦਾ ਇਕ ਤਿਹਾਈ ਹਿੱਸਾ ਰਾਜ ਖੇਡ ਪਰਿਸ਼ਦ ਵਿਚ ਜਮ੍ਹਾਂ ਕਰਾਉਣ ਲਈ ਕਿਹਾ ਹੈ ਜਿਸ ਦੀ ਖਿਡਾਰੀ ਸਖ਼ਤ ਨਿਖੇਧੀ ਕਰ ਰਹੇ ਹਨ।  ਖੇਡ ਅਤੇ ਨੌਜਵਾਨ ਵਿਭਾਗ ਦੇ ਪ੍ਰਮੁੱਖ ਸਕੱਤਰ ਅਸ਼ੋਕ ਖੇਮਕਾ ਨੇ ਕਿਹਾ, 'ਖਿਡਾਰੀਆਂ ਦੀ ਪੇਸ਼ੇਵਰ ਖੇਡਾਂ ਜਾਂ ਕਾਰੋਬਾਰੀ ਇਸ਼ਤਿਹਾਰਾਂ ਤੋਂ ਹੋਣ ਵਾਲੀ ਕਮਾਈ ਦਾ ਇਕ ਤਿਹਾਈ ਹਿੱਸਾ ਹਰਿਆਣਾ ਰਾਜ ਖੇਡ ਪਰਿਸ਼ਦ ਵਿਚ ਜਮ੍ਹਾਂ ਕੀਤਾ ਜਾਵੇਗਾ। ਇਸ ਰਕਮ ਦੀ ਵਰਤੋਂ ਰਾਜ ਵਿਚ ਖੇਡਾਂ ਦੇ ਵਿਕਾਸ ਲਈ ਕੀਤੀ ਜਾਵੇਗੀ।' 

ਇਹ ਸੂਚਨਾ ਹਾਲੇ ਸਰਕਾਰੀ ਵੈਬਸਾਈਟ 'ਤੇ ਪਾਈ ਨਹੀਂ ਗਈ ਸੀ ਕਿ ਇਸ ਤੋਂ ਪਹਿਲਾਂ ਹੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਸ ਨੋਟੀਫ਼ੀਕੇਸ਼ਨ 'ਤੇ ਰੋਕ ਲਾ ਦਿਤੀ ਕਿਉਂਕਿ ਚੁਫੇਰੇ ਆਲੋਚਨਾ ਹੋਣ ਲੱਗ ਗਈ ਹੈ। ਨੋਟੀਫ਼ੀਕੇਸ਼ਨ ਵਿਚ ਕਿਹਾ ਗਿਆ ਹੈ, 'ਜੇ ਖਿਡਾਰੀ ਨੂੰ ਸਬੰਧਤ ਅਧਿਕਾਰੀ ਦੀ ਅਗਾਊਂ ਆਗਿਆ ਮਗਰੋਂ ਪੇਸ਼ੇਵਰ ਖੇਡਾਂ ਜਾਂ ਕਾਰੋਬਾਰੀ ਪ੍ਰਤੀਬੱਧਤਾ ਵਿਚ ਹਿੱਸਾ ਲੈਂਦਿਆਂ ਡਿਊਟੀ 'ਤੇ ਤੈਨਾਤ ਸਮਝਿਆ ਜਾਂਦਾ ਹੈ

ਤਾਂ ਇਸ ਹਾਲਤ ਵਿਚ ਖਿਡਾਰੀ ਦੀ ਪੂਰੀ ਆਮਦਨ ਹਰਿਆਣਾ ਰਾਜ ਖੇਡ ਪਰਿਸ਼ਦ ਦੇ ਖਾਤੇ ਵਿਚ ਜਮ੍ਹਾਂ ਕੀਤੀ ਜਾਵੇਗੀ।' ਖੇਡ ਮੰਤਰੀ ਅਨਿਲ ਵਿੱਜ ਨੇ ਇਸ ਫ਼ੈਸਲੇ ਦਾ ਬਚਾਅ ਕਰਦਿਆਂ ਕਿਹਾ ਕਿ ਉਹ ਪੇਸ਼ੇਵਰ ਖੇਡਾਂ ਤੋਂ ਹੋਣ ਵਾਲੀ ਕਮਾਈ ਦੀ ਗੱਲ ਕਰ ਹੇ ਹਨ। ਉਨ੍ਹਾਂ ਕਿਹਾ ਕਿ ਪੁਰਾਣੇ ਸਰਵਿਸ ਨਿਯਮ ਤਹਿਤ ਹੀ ਇੰਜ ਕੀਤਾ ਗਿਆ ਹੈ।

ਮੁੱਕੇਬਾਜ਼ ਵਿਜੇਂਦਰ ਸਿੰਘ ਅਤੇ ਅਖਿਲ ਕੁਮਾਰ ਰਾਜ ਪੁਲਿਸ ਵਿਚ ਡੀਐਸਪੀ ਹਨ ਅਤੇ ਸਾਬਕਾ ਹਾਕੀ ਕਪਤਾਨ ਸਰਦਾਰ ਸਿੰਘ ਤੇ ਪਹਿਲਵਾਨ ਗੀਤਾ ਅਤੇ ਬਬੀਤਾ ਫੋਗਾਟ ਵੀ ਹਰਿਆਣਾ ਪੁਲਿਸ ਵਿਚ ਹਨ। ਬਬੀਤਾ ਨੇ ਇਸ ਫ਼ੈਸਲੇ ਨੂੰ ਨਿਰਾਸ਼ਾਜਨਕ ਦਸਿਆ। ਉਸ ਨੇ ਕਿਹਾ ਕਿ ਜਦ ਉਹ ਅਜਿਹੀ ਕਮਾਈ ਦਾ ਟੈਕਸ ਅਦਾ ਕਰਦੇ ਹਨ ਤਾਂ ਹੁਣ ਸਰਕਾਰ ਨੂੰ ਕਮਾਈ ਦਾ ਹਿੱਸਾ ਕਿਉਂ ਦਿਤਾ ਜਾਵੇ। ਵਿਰੋਧੀ ਸਿਆਸੀ ਪਾਰਟੀਆਂ ਨੇ ਵੀ ਇਸ ਫ਼ੈਸਲੇ ਦੀ ਆਲੋਚਨਾ ਕੀਤੀ ਹੈ।