ਜਾਖੜ ਦੀ ਅਗਵਾਈ 'ਚ ਕੀਤਾ ਮੋਦੀ ਸਰਕਾਰ ਵਿਰੁਧ ਰੋਸ ਮੁਜ਼ਾਹਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਕਾਂਗਰਸ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਦੀ ਅਗਵਾਈ ਹੇਠ ਹਜ਼ਾਰਾਂ ਲੋਕਾਂ ਦੇ ਇਕੱਠ ਵੱਲੋਂ ਅੱਜ ਬਟਾਲਾ ਸ਼ਹਿਰ ਵਿਖੇ ....

Sunil Jakhar Protesting

ਬਟਾਲਾ, ਪੰਜਾਬ ਕਾਂਗਰਸ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਦੀ ਅਗਵਾਈ ਹੇਠ ਹਜ਼ਾਰਾਂ ਲੋਕਾਂ ਦੇ ਇਕੱਠ ਵੱਲੋਂ ਅੱਜ ਬਟਾਲਾ ਸ਼ਹਿਰ ਵਿਖੇ ਪੈਟਰੋਲੀਅਮ ਪਦਾਰਥਾਂ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ਵਿੱਚ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਸਾਬਕਾ ਮੰਤਰੀ ਸ੍ਰੀ ਅਸ਼ਵਨੀ ਸੇਖੜੀ, ਗੁਰਦਾਸਪੁਰ ਤੋਂ ਵਿਧਾਇਕ ਸ. ਬਰਿੰਦਰਮੀਤ ਸਿੰਘ ਪਾਹੜਾ, ਅਭਿਨਵ ਸੇਖੜੀ, ਸਿਟੀ ਕਾਂਗਰਸ ਪ੍ਰਧਾਨ ਸਵਰਨ ਮੁੱਢ ਸਮੇਤ ਵੱਡੀ ਗਿਣਤੀ ਵਿੱਚ ਆਗੂ ਮੌਜੂਦ ਸਨ।

ਸਭ ਤੋਂ ਪਹਿਲਾਂ ਸ੍ਰੀ ਸੁਨੀਲ ਜਾਖੜ ਨੇ ਸੇਖੜੀ ਹਾਊਸ ਵਿਖੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਸਮਰਥਕਾਂ ਨੂੰ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਜਾਣੂ ਕਰਾਇਆ। ਉਪਰੰਤ ਸ੍ਰੀ ਜਾਖੜ, ਅਸ਼ਵਨੀ ਸੇਖੜੀ, ਵਿਧਾਇਕ ਪਾਹੜਾ ਸਮੇਤ ਸਾਰੇ ਆਗੂਆਂ ਅਤੇ ਹਾਜ਼ਰ ਲੋਕਾਂ ਨੇ ਪੈਦਲ ਮਾਰਚ ਰਾਹੀਂ ਅਤੇ ਰਿਕਸ਼ੇ ਅਤੇ ਰੇੜਿਆਂ 'ਤੇ ਸਵਾਰ ਹੋ ਕੇ ਤੇਲ ਦੀਆਂ ਵਧੀਆਂ ਕੀਮਤਾਂ ਖਿਲਾਫ਼ ਮੋਦੀ ਸਰਕਾਰ ਵਿਰੁੱਧ ਆਪਣਾ ਰੋਸ ਜ਼ਾਹਰ ਕੀਤਾ।

ਇਹ ਰੋਸ ਮਾਰਚ ਸੇਖੜੀ ਹਾਊਸ ਤੋਂ ਸ਼ੁਰੂ ਹੋ ਕੇ ਵਾਲਮੀਕਿ ਚੌਂਕ, ਜੱਸਾ ਸਿੰਘ ਰਾਮਗੜ੍ਹੀਆ ਹਾਲ, ਸਿਨੇਮਾ ਰੋਡ, ਸਿਟੀ ਰੋਡ ਵੱਲ ਦੀ ਹੁੰਦਾ ਹੋਇਆ ਗਾਂਧੀ ਚੌਂਕ ਵਿਖੇ ਆ ਕੇ ਸਮਾਪਤ ਹੋਇਆ। ਇਸ ਮੌਕੇ ਕਾਂਗਰਸੀ ਕਾਰਕੁਨਾਂ ਵਲੋਂ ਤੇਲ ਦੀਆਂ ਵਧੀਆਂ ਕੀਮਤਾਂ ਦੇ ਰੋਸ ਵਜੋਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਸੁਨੀਲ ਜਾਖੜ ਨੇ ਕਿਹਾ ਕਿ ਮੋਦੀ ਸਰਕਾਰ ਦੇ ਬੋਲੇ ਕੰਨਾਂ ਤੱਕ ਅਵਾਜ਼ ਪਹੁੰਚਾਉਣ ਲਈ ਲੋਕ ਉੱਠ ਖੜ੍ਹੇ ਹੋਏ ਹਨ ਅਤੇ ਲੋਕ ਹੁਣ ਜਿਆਦਾ ਸਮਾਂ ਮੋਦੀ ਦੇ ਤੁਗਲਕੀ ਫ਼ੁਰਮਾਨਾਂ ਨੂੰ ਬਰਦਾਸ਼ਤ ਨਹੀਂ ਕਰਨਗੇ।