ਫ਼ਤਿਹਵੀਰ ਸਿੰਘ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੁਝ ਸਮੇਂ 'ਚ ਬਾਹਰ ਆਉਣ ਦੀ ਉਮੀਦ

Rescue Operation of Fatehveer Singh

ਸੰਗਰੂਰ : ਸੁਨਾਮ-ਲੌਂਗੋਵਾਲ ਰੋਡ 'ਤੇ ਸਥਿਤ ਪਿੰਡ ਭਗਵਾਨਪੁਰ ਵਿਚ ਵੀਰਵਾਰ ਸ਼ਾਮ 4 ਵਜੇ 120 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗੇ ਫ਼ਤਿਹਵੀਰ ਸਿੰਘ (2) ਨੂੰ ਬਚਾਉਣ ਲਈ ਪਿਛਲੇ 70 ਘੰਟਿਆਂ ਤੋਂ ਲਗਾਤਾਰ ਪ੍ਰਸ਼ਾਸਨ ਦੀ ਨਿਗਰਾਨੀ ਵਿਚ ਲੋਕਾਂ ਦੇ ਸਹਿਯੋਗ ਨਾਲ ਯਤਨ ਕੀਤੇ ਜਾ ਰਹੇ ਹਨ। ਅੱਜ ਸ਼ਾਮੀਂ ਐਨ.ਡੀ.ਆਰ.ਐਫ. ਦੀ ਟੀਮ ਅਰਦਾਸ ਕਰ ਕੇ ਬੋਰਵੈੱਲ ਦੇ ਨਾਲ ਵਾਲੇ ਪੁੱਟੇ ਗਏ ਖੱਡੇ ਵਿਚ ਉਤਰ ਗਈ ਹੈ ਅਤੇ ਆਸ ਜਤਾਈ ਜਾ ਰਹੀ ਹੈ ਕਿ ਕੁਝ ਹੀ ਸਮੇਂ ਵਿਚ ਫ਼ਤਿਹ ਨੂੰ ਬੋਰਵੈੱਲ 'ਚੋਂ ਬਾਹਰ ਕੱਢ ਲਿਆ ਜਾਵੇਗਾ।

ਫ਼ਤਿਹਵੀਰ ਨੂੰ ਬਾਹਰ ਕੱਢਣ ਲਈ 32 ਇੰਚ ਚੌੜਾ ਇਕ ਸਮਾਂਤਰ ਬੋਰਵੈੱਲ ਬਣਾਇਆ ਗਿਆ ਹੈ ਤਾਂ ਕਿ ਲਗਭਗ 120 ਫੁੱਟ ਦੀ ਡੂੰਘਾਈ 'ਤੇ 9 ਇੰਚ ਚੌੜੇ ਬੋਰਵੈੱਲ ਵਿਚ ਫਸੇ ਫ਼ਤਿਹਵੀਰ ਤੱਕ ਦੋਨਾਂ ਬੋਰਵੈੱਲਾਂ ਵਿਚਾਲੇ ਸੁਰੰਗ ਬਣਾ ਕੇ ਪਹੁੰਚਿਆ ਜਾ ਸਕੇ। ਕਈ ਜੇ.ਸੀ.ਬੀ. ਮਸ਼ੀਨਾਂ, ਕਈ ਦਰਜਨ ਟਰੈਕਟਰ ਮੌਕੇ 'ਤੇ ਦਿਨ-ਰਾਤ ਕੰਮ ਕਰ ਰਹੇ ਹਨ।

ਦੱਸਿਆ ਜਾ ਰਿਹਾ ਹੈ ਕਿ ਫ਼ਤਿਹਵੀਰ ਨੂੰ ਬਾਹਰ ਕੱਢਣ ਲਈ ਅਜੇ ਵਲੋਂ 2 ਘੰਟੇ ਦੇ ਕਰੀਬ ਦਾ ਸਮਾਂ ਲੱਗ ਸਕਦਾ ਹੈ। ਬੱਚੇ ਨੂੰ ਲਗਾਤਾਰ ਆਕਸੀਜਨ ਪਹੁੰਚਾਉਣ ਦਾ ਪ੍ਰਬੰਧ ਇਕ ਪਾਈਪ ਲਾਈਨ ਰਾਹੀਂ ਕੀਤਾ ਗਿਆ ਹੈ। ਦੇਸ਼-ਦੁਨੀਆਂ ਭਰ ਦੇ ਲੋਕ ਫ਼ਤਿਹਵੀਰ ਲਈ ਅਰਦਾਸਾਂ ਕਰ ਰਹੇ ਹਨ ਅਤੇ ਉਸ ਦੀ ਸਲਾਮਤੀ ਮੰਗ ਰਹੇ ਹਨ। ਫ਼ਤਿਹਵੀਰ ਪਰਿਵਾਰ ਦਾ ਇਕੱਲਾ ਬੇਟਾ ਹੈ ਅਤੇ 10 ਜੂਨ ਨੂੰ ਉਸ ਦਾ ਜਨਮ ਦਿਨ ਹੈ।

ਖੁਦਾਈ ਦਾ ਕੰਮ ਹੱਥਾਂ ਨਾਲ ਚੱਲਣ ਦੀ ਵਜ੍ਹਾ ਕਾਰਨ ਧੀਮਾ ਹੋਣਾ ਸੁਭਾਵਿਕ ਹੈ। ਪਰ ਸਰਕਾਰ ਦੇ ਢਿੱਲੇ ਰਵੱਈਏ ਦੇ ਚਲਦਿਆਂ 4 ਦਿਨਾਂ ਬਾਅਦ ਵੀ ਹਾਲੇ ਤਕ ਬਚਾਅ ਟੀਮ ਬੱਚੇ ਤਕ ਨਹੀਂ ਪਹੁੰਚ ਸਕੀ। ਆਕਸੀਜਨ ਦੀ ਘਾਟ 'ਚ ਖੂਹ ਦੇ ਅੰਦਰ ਬੈਠ ਕੇ ਮਿੱਟੀ ਪੁੱਟਣਾ ਬਹੁਤ ਹੀ ਖ਼ਤਰਨਾਕ ਤੇ ਔਖਾ ਕੰਮ ਹੈ। ਪਰ ਜੋਗਾ ਸਿੰਘ ਆਪਣੀ ਜ਼ਿੰਦਗੀ ਦੀ ਪ੍ਰਵਾਹ ਕੀਤੇ ਬਿਨਾਂ ਮਾਸੂਮ ਦੀ ਜ਼ਿੰਦਗੀ ਬਚਾਉਣ ਵਿਚ ਅਣਥਕ ਮਿਹਨਤ ਕਰ ਰਿਹਾ ਹੈ।

ਉਹ ਇਕ ਲੱਤ ਦੇ ਭਾਰ ਬੈਠ ਅਤੇ ਬੈਠ ਕੇ 7 ਕਿੱਲੋ ਦੀ ਸਬਲ ਨਾਲ ਮਿੱਟੀ ਪੁੱਟ ਕੇ ਉੱਪਰ ਭੇਜ ਰਿਹਾ ਸੀ। ਉਸ ਕੋਲ ਉੱਪਰੋਂ ਇਕ ਬਾਲਟੀ ਆਉਂਦੀ ਹੈ। ਮਿੱਟੀ ਪੁੱਟ ਕੇ ਇਸ ਬਾਲਟੀ ਵਿਚ ਭਰ ਕੇ ਉੱਪਰ ਭੇਜ ਰਿਹਾ ਸੀ। ਇਸ ਕੰਮ ਵਿਚ ਉਸ ਦੇ ਸਾਥੀ ਵੀ ਉਸ ਦਾ ਪੂਰਾ ਸਾਥ ਦੇ ਰਹੇ ਸਨ। ਗ਼ਰੀਬ ਮਜ਼ਦੂਰ ਜੋਗਾ ਸਿੰਘ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਲਹਿਰਾਗਾਗਾ ਦੇ ਨੇੜੇ ਪਿੰਡ ਸੰਗਤਪੁਰਾ ਤੋਂ ਹੈ।

ਵੱਡੀ ਗੱਲ ਇਹ ਕਿ ਸਰਕਾਰ ਇਸ ਮਾਮਲੇ 'ਚ ਬੇਹੱਦ ਅਵੇਸਲੀ ਨਜ਼ਰ ਦਿਸ ਰਹੀ ਹੈ। ਸੋਸ਼ਲ ਮੀਡੀਆ 'ਤੇ ਇਹ ਵੀ ਸਵਾਲ ਉੱਠ ਰਹੇ ਹਨ ਕਿ ਇਸ ਪੂਰੇ ਮਾਮਲੇ ਵਿਚ ਪ੍ਰਸ਼ਾਸਨ ਦਾ ਰਵੱਈਆ ਬਹੁਤ ਢਿੱਲਾ ਹੈ। ਲੋਕ ਕਹਿ ਰਹੇ ਹਨ ਕਿ ਆਧੁਨਿਕ ਯੁੱਗ ਵਿਚ ਜਦੋਂ ਅਸੀਂ ਚੰਦ 'ਤੇ ਰਹਿਣ ਬਾਰੇ ਸੋਚ ਰਹੇ ਹਾਂ ਤਾਂ ਇਕ 100 ਫੁੱਟ ਟੋਆ ਪੁੱਟ ਕੇ ਬੱਚਾ ਨਹੀਂ ਕੱਢ ਸਕੇ। ਵੱਡੀਆਂ ਤਕਨੀਕਾਂ ਦਾ ਦਾਅਵੇ ਕਰਨ ਵਾਲੀ ਸਰਕਾਰ ਕੋਲ ਮਿੱਟੀ ਖੋਦਣ ਦੀ ਤਕਨੀਕ ਨਹੀਂ।