ਐਸ.ਡੀ.ਐਮ.ਏ. ਵਲੋਂ ਘਟਨਾ ਪ੍ਰਤੀਕਿਰਿਆ ਟੀਮ ਨੂੰ ਦਿਸ਼ਾ ਦੇਣ ਅਤੇ ਸੰਵੇਦਨਸ਼ੀਲ ਬਣਾਉਣ ਲਈ ਵਰਕਸ਼ਾਪ ਦਾ ਆਯੋਜਨ
ਪ੍ਰਸ਼ਾਸਨ ਦੇ ਵੱਖ-ਵੱਖ ਵਰਗਾਂ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਤੈਅ ਕਰਨ ਵਾਲਾ ਇੱਕ ਵਿਆਪਕ ਢਾਂਚਾ ਪੇਸ਼
ਚੰਡੀਗੜ੍ਹ: ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਐਸ.ਡੀ.ਐਮ.ਏ.), ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਵਿਭਾਗ, ਪੰਜਾਬ ਸਰਕਾਰ ਵਲੋਂ ਘਟਨਾ ਪ੍ਰਤੀਕ੍ਰਿਆ ਟੀਮ (ਇੰਸੀਡੈਂਟ ਰਿਸਪਾਂਸ ਟੀਮ) ਦੇ ਮੈਂਬਰਾਂ ਨੂੰ ਜਾਗਰੂਕ ਕਰਨ ਅਤੇ ਹੋਰ ਸੰਵੇਦਨਸ਼ੀਲ ਕਰਨ ਲਈ ਅੱਜ ਇਥੇ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਆਉਣ ਵਾਲੇ ਮਾਨਸੂਨ ਸੀਜ਼ਨ ਦੌਰਾਨ ਕਿਸੇ ਵੀ ਸੰਭਾਵੀ ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਸਬੰਧਤ ਵਿਭਾਗਾਂ ਨਾਲ ਕੀਤੀਆਂ ਮੀਟਿੰਗਾਂ ਦੇ ਮੱਦੇਨਜ਼ਰ ਆਯੋਜਿਤ ਕੀਤੀ ਗਈ।
ਇਹ ਵੀ ਪੜ੍ਹੋ: ਰੂਪਨਗਰ ਪੁਲਿਸ ਨੇ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਦੇ ਸਾਥੀ ਕੋਲੋਂ ਹਥਿਆਰ ਕੀਤੇ ਬਰਾਮਦ
ਇਥੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਵਿਖੇ ਕਰਵਾਈ ਗਈ ਇਸ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ ਮਾਲ ਕੇ.ਏ.ਪੀ. ਸਿਨਹਾ ਨੇ ਸੂਬੇ ਵਿਚ ਹੜ੍ਹ, ਭੂਚਾਲ ਅਤੇ ਨਵੇਂ ਮੌਸਮੀ ਖ਼ਤਰਿਆਂ ਵਰਗੀਆਂ ਵੱਡੀਆਂ ਆਫ਼ਤਾਂ ਦੇ ਮੱਦੇਨਜ਼ਰ ਕਿਸੇ ਵੀ ਆਫਤ ਨਾਲ ਨਜਿੱਠਣ ਲਈ ਵਿਆਪਕ ਅਤੇ ਮੁਕੰਮਲ ਤਾਲਮੇਲ ਵਾਲੇ ਯਤਨਾਂ ਦੀ ਲੋੜ 'ਤੇ ਜ਼ੋਰ ਦਿਤਾ। ਉਨ੍ਹਾਂ ਕਿਹਾ ਕਿ ਅਚਾਨਕ ਵਾਪਰ ਜਾਣ ਵਾਲੀਆਂ ਇੰਨ੍ਹਾਂ ਆਫਤਾਂ ਦੌਰਾਨ ਬਹੁਪੱਖੀ ਖਤਰੇ ਦੇ ਜੋਖ਼ਮ ਅਤੇ ਇਨਾਂ ਦੇ ਟਾਕਰੇ ਲਈ ਸਮਰੱਥਾ ਦੇ ਅੰਤਰਾਂ ਦੇ ਮੱਦੇਨਜ਼ਰ ਸਭ ਤੋਂ ਵੱਧ ਤਰਜੀਹ ਜੀਵਨ, ਪਸ਼ੂ ਧਨ, ਵਾਤਾਵਰਣ ਅਤੇ ਰਾਜ ਦੀ ਸੰਪਤੀ ਨੂੰ ਬਚਾਉਣਾ ਅਤੇ ਸੁਰੱਖਿਅਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਉਦੇਸ਼ ਲਈ ਵੱਖ-ਵੱਖ ਭਾਈਵਾਲ ਵਿਭਾਗਾਂ ਦੀ ਸਮਰੱਥਾ ਨਿਰਮਾਣ ਲਈ ਇਕ ਵਿਆਪਕ ਪਹੁੰਚ ਅਪਨਾਉਣ ਦੀ ਲੋੜ ਹੈ।
ਇਹ ਵੀ ਪੜ੍ਹੋ: ਕਰਜ਼ੇ ਤੋਂ ਤੰਗ ਆ ਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ
ਇਸ ਵਰਕਸ਼ਾਪ ਲਈ ਸਰੋਤ ਵਿਅਕਤੀ ਘਟਨਾ ਪ੍ਰਤੀਕਿਰਿਆ ਟੀਮ ਦੇ ਇੱਕ ਉੱਘੇ ਮਾਹਰ ਬ੍ਰਿਗੇਡੀਅਰ (ਸੇਵਾਮੁਕਤ) ਕੁਲਦੀਪ ਸਿੰਘ (ਸਾਬਕਾ ਸਲਾਹਕਾਰ ਅਤੇ ਦੇਸ਼ ਪ੍ਰਤੀਨਿਧੀ (ਭਾਰਤ), ਏਸ਼ੀਅਨ ਆਫ਼ਤ ਤਿਆਰੀ ਕੇਂਦਰ, ਥਾਈਲੈਂਡ, ਸਾਬਕਾ ਸੀਨੀਅਰ ਸਲਾਹਕਾਰ, ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ, ਗ੍ਰਹਿ ਮੰਤਰਾਲੇ, ਭਾਰਤ, ਸਾਬਕਾ ਪ੍ਰਮੁੱਖ ਡਾਇਰੈਕਟਰ, ਰਾਸ਼ਟਰੀ ਸੁਰੱਖਿਆ ਪਰਿਸ਼ਦ ਸਕੱਤਰੇਤ , ਪ੍ਰਧਾਨ ਮੰਤਰੀ ਦਫ਼ਤਰ, ਭਾਰਤ) ਸਨ। ਉਨ੍ਹਾਂ ਇਸ ਮੌਕੇ ਸੂਬੇ ਦੀ ਘਟਨਾ ਪ੍ਰਤੀਕਿਰਿਆ ਪ੍ਰਣਾਲੀ ਲਈ ਪ੍ਰਸ਼ਾਸਨ ਦੇ ਵੱਖ-ਵੱਖ ਵਰਗਾਂ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਤੈਅ ਕਰਨ ਵਾਲਾ ਇੱਕ ਵਿਆਪਕ ਢਾਂਚਾ ਪੇਸ਼ ਕੀਤਾ।
ਮੀਟਿੰਗ ਦਾ ਅੰਤ ਵਿਚ ਸਕੱਤਰ ਲੋਕ ਨਿਰਮਾਣ ਨੀਲਕੰਠ.ਐਸ. ਆਵਾਡ ਨੇ ਵਰਕਸ਼ਾਪ ਨੂੰ ਕਾਮਯਾਬ ਬਨਾਉਣ ਲਈ ਸਾਰਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਆਫ਼ਤ ਪ੍ਰਬੰਧਨ ਸੰਕਲਪਾਂ ਨੂੰ ਸਥਾਨਕ ਜਰੂਰਤਾਂ ਅਨੁਸਾਰ ਬਣਾਉਣ, ਜਨਤਕ ਜਾਗਰੂਕਤਾ ਵਧਾਉਣ ਅਤੇ ਆਫ਼ਤ ਪ੍ਰਤੀਕਿਰਿਆ ਲਈ ਰਾਜ ਵਿੱਚ ਉਪਲਬਧ ਸਰੋਤਾਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਇਸ ਵਰਕਸ਼ਾਪ ਦਾ ਆਯੋਜਨ ਐਸ.ਡੀ.ਐਮ,ਏ ਦੀ ਤਰਫੋਂ ਵਿਸ਼ੇਸ਼ ਸਕੱਤਰ (ਮਾਲ)-ਕਮ-ਡਾਇਰੈਕਟਰ ਆਫਤਾ ਪ੍ਰਬੰਧਨ ਡਾ. ਅਮਰਪਾਲ ਸਿੰਘ ਨੇ ਕੀਤਾ। ਮੀਟਿੰਗ ਵਿੱਚ ਲੋਕ ਨਿਰਮਾਣ, ਪੁਲਿਸ, ਹੋਮ ਗਾਰਡਜ਼, ਦੂਰਸੰਚਾਰ ਵਿਭਾਗ, ਪਸ਼ੂ ਪਾਲਣ, ਖੇਤੀਬਾੜੀ, ਯੋਜਨਾਬੰਦੀ, ਵਿੱਤ, ਖੁਰਾਕ ਸਿਵਲ ਸਪਲਾਈ, ਆਮ ਰਾਜ ਪ੍ਰਬੰਧ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ) ਅਤੇ ਮਾਲ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।