100 ਉੱਘੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਖਿਡਾਰੀਆਂ ਦਾ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਨੂੰ ਭਾਰਤ ਰਤਨ ਦੇਣ ਦੀ ਸਿਫ਼ਾਰਸ਼ ਕਰਨਗੇ ਕੈਪਟਨ ਅਮਰਿੰਦਰ ਸਿੰਘ

Honours sportspersons with Maharaja Ranjit Singh Award

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਤਿੰਨ ਵਾਰ ਦੇ ਓਲੰਪਿਕ ਸੋਨ ਤਗਮਾ ਜੇਤੂ ਉੱਘੇ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੇ ਨਾਂ ਦੀ ਭਾਰਤ ਰਤਨ ਦੇਣ ਲਈ ਸਿਫ਼ਾਰਸ਼ ਕਰਨਗੇ। ਮੁੱਖ ਮੰਤਰੀ ਅੱਜ ਸਾਬਕਾ ਹਾਕੀ ਖਿਡਾਰੀ ਨੂੰ ਪੀ.ਜੀ.ਆਈ. ਵਿਖੇ ਮਿਲੇ ਅਤੇ ਉਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਪ੍ਰਦਾਨ ਕੀਤਾ ਜੋ ਕਿ ਬਿਮਾਰ ਹੋਣ ਕਾਰਨ ਉਥੇ ਜ਼ੇਰੇ ਇਲਾਜ ਹਨ। ਇਸ ਤੋਂ ਬਾਅਦ ਮੁੱਖ ਮੰਤਰੀ ਨੇ 100 ਹੋਰ ਉੱਘੇ ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਇਕ ਸਮਾਰੋਹ ਦੌਰਾਨ ਸਨਮਾਨਿਤ ਕੀਤਾ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਐਵਾਰਡ ਨੂੰ ਦੇਣ ਦਾ ਕਾਰਜ ਤਕਰੀਬਨ ਇਕ ਦਹਾਕੇ ਦੇ ਵਕਫੇ ਤੋਂ ਬਾਅਦ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਨੂੰ ਸਾਲਾਨਾ ਸਮਾਰੋਹ ਮਨਾਇਆ ਜਾਵੇਗਾ। ਐਵਾਰਡ ਦੇਣ ਦੇ ਸਮਾਰੋਹ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਬਲਬੀਰ ਸਿੰਘ ਵਰਗੇ ਮਹਾਨ ਹਾਕੀ ਓਲੰਪਿਅਨਾਂ ਵਰਗੇ ਖਿਡਾਰੀਆਂ ਨੇ ਖੇਡਾਂ ਵਿੱਚ ਆਪਣਾ ਮਹਾਨ ਯੋਗਦਾਨ ਦਿੱਤਾ ਹੈ ਜਿਨਾਂ ਨੂੰ ਬਣਦਾ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ। ਹਾਜ਼ਰੀਨਾਂ ਨਾਲ ਆਪਣੇ ਯਾਦਗਾਰੀ ਪਲ ਸਾਂਝੇ ਕਰਦੇ ਹੋਏ ਮੁੱਖ ਮੰਤਰੀ ਨੇ ਮਹਾਨ ਹਾਕੀ ਖਿਡਾਰੀ ਮਿਲਖਾ ਸਿੰਘ, ਿਕਟ ਦੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ, ਵਿਸ਼ਵ ਕੱਪ ਹਾਕੀ ਦੇ ਸਾਬਕਾ ਕਪਤਾਨ ਅਜੀਤ ਪਾਲ ਸਿੰਘ ਵਰਗੇ ਉੱਘੇ ਖਿਡਾਰੀਆਂ ਦੇ ਸਾਥ ਵਿੱਚ ਖੁਸ਼ੀ ਦਾ ਪ੍ਰਗਟਾਵਾ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਇਨਾਂ ਉੱਘੇ ਖਿਡਾਰੀਆਂ ਨੂੰ ਦਿੱਤਾ ਗਿਆ ਐਵਾਰਡ ਨਵੇਂ ਖਿਡਾਰੀਆਂ ਨੂੰ ਖੇਡਾਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਲਈ ਪ੍ਰੇਰਿਤ ਕਰੇਗਾ। ਇਹ ਐਵਾਰਡ 1978 'ਚ ਸ਼ੁਰੂ ਕੀਤਾ ਗਿਆ ਜਿਸ ਵਿੱਚ 2 ਲੱਖ ਰੁਪਏ ਨਗਦ, ਇੱਕ ਬਲੇਜਰ, ਇਕ ਸਕਰੋਲ ਅਤੇ ਮਹਾਰਾਜਾ ਰਣਜੀਤ ਸਿੰਘ ਟਰਾਫੀ ਦਿੱਤੀ ਜਾਂਦੀ ਹੈ ਜਿਸ ਵਿੱਚ ਉਹ ਘੋੜੇ ’ਤੇ ਬੈਠੇ ਦਿਖਾਈ ਦੇ ਰਹੇ ਹਨ।

ਇਸ ਤੋਂ ਪਹਿਲਾਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸਵਾਗਤੀ ਭਾਸ਼ਨ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਖੇਡਾਂ ਪ੍ਰਤੀ ਜਨੂੰਨ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਦੀ ਦੂਰਅੰਦੇਸ਼ੀ ਅਤੇ ਗਤੀਸ਼ੀਲ ਪਹੁੰਚ ਸਦਕਾ ਸੂਬਾ ਸਰਕਾਰ ਵਿਆਪਕ ਖੇਡ ਨੀਤੀ ਅਮਲ ਵਿਚ ਲਿਆਈ ਹੈ। ਸੂਬੇ ਦੇ ਖੇਡ ਢਾਂਚੇ ਨੂੰ ਮਜ਼ਬੂਤ ਬਣਾਉਣ ਅਤੇ ਸੂਬੇ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀਆਂ ਦੀ ਭਲਾਈ ਲਈ ਸਮੇਤ ਸਾਰੇ ਪੱਖਾਂ ਨੂੰ ਇਸ ਨੀਤੀ ਦਾ ਹਿੱਸਾ ਬਣਾਇਆ ਗਿਆ ਹੈ। 

ਖੇਡ ਮੰਤਰੀ ਨੇ ਸਾਰੇ ਸੀਨੀਅਰ ਖਿਡਾਰੀਆਂ ਅਤੇ ਵਿਦੇਸ਼ਾਂ ’ਚ ਵਸਦੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਸੂਬੇ ਦੇ ਨੌਜਵਾਨਾਂ ਦੇ ਖੇਡ ਹੁਨਰ ਨੂੰ ਤਰਾਸ਼ਣ ਲਈ ਸਰਕਾਰ ਦੇ ਯਤਨਾਂ ਨੂੰ ਸਹਿਯੋਗ ਕਰਨ ਲਈ ਵੱਧ ਚੜ ਕੇ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਅੰਦਰ ਅਣਛੋਹੀ ਖੇਡ ਸਮਰਥਾ ਨੂੰ ਸਹੀ ਦਿਸ਼ਾ ਦੇਣ ਦੀ ਲੋੜ ਹੈ ਅਤੇ ਸੂਬਾ ਸਰਕਾਰ ਸਾਰੇ ਖਿਡਾਰੀਆਂ ਲਈ ਬਿਹਤਰ ਸਹੂਲਤਾਂ ਯਕੀਨੀ ਬਣਾਵੇਗੀ।

ਸੋਢੀ ਨੇ ਐਲਾਨ ਕੀਤਾ ਕਿ ਉੱਘੇ ਖਿਡਾਰੀਆਂ ਅਤੇ ਕੌਮਾਂਤਰੀ ਪੱਧਰ ’ਤੇ ਤਮਗਾ ਜੇਤੂ ਖਿਡਾਰੀਆਂ ਨੂੰ ਮਿਲਦੀ ਖੇਡ ਪੈਨਸ਼ਨ ਪਹਿਲਾਂ ਵਾਂਗ ਜਾਰੀ ਰਹੇਗੀ ਜੋ ਉਨਾਂ ਦੇ ਸਬੰਧਤ ਵਿਭਾਗਾਂ ਪਾਸੋਂ ਮਿਲਦੀ ਪੈਨਸ਼ਨ ਤੋਂ ਵੱਖਰੇ ਤੌਰ ’ਤੇ ਮਿਲਦੀ ਹੈ। 

ਸਮਾਗਮ 'ਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ (ਰਿਟਾ.) ਟੀ.ਐਸ. ਸ਼ੇਰਗਿੱਲ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਐਮ.ਐਲ.ਏ. ਪਰਗਟ ਸਿੰਘ, ਵਧੀਕ ਮੁੱਖ ਸਕੱਤਰ ਖੇਡਾਂ ਸੰਜੇ ਕੁਮਾਰ ਤੇ ਡਾਇਰੈਕਟਰ ਖੇਡਾਂ ਰਾਹੁਲ ਗੁਪਤਾ ਅਤੇ ਮਸ਼ਹੂਰ ਹਿੰਦੀ ਫ਼ਿਲਮ ਐਕਟਰ ਰਣਜੀਤ ਹਾਜ਼ਰ ਸਨ।

ਮਹਾਰਾਜਾ ਰਣਜੀਤ ਸਿੰਘ ਐਵਾਰਡ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਦੀ ਸੂਚੀ :-
ਪਦਮ ਸ੍ਰੀ/ਅਰਜੁਨ ਐਵਾਰਡੀ (20) : ਬਲਬੀਰ ਸਿੰਘ ਸੀਨੀਅਰ, ਮਿਲਖਾ ਸਿੰਘ, ਗੁਰਬਚਨ ਸਿੰਘ ਰੰਧਾਵਾ, ਅਜੀਤ ਪਾਲ ਸਿੰਘ, ਬਿਸ਼ਨ ਸਿੰਘ ਬੇਦੀ, ਕਮਲਜੀਤ ਕੌਰ ਸੰਧੂ, ਬ੍ਰਿਗੇਡੀਅਰ ਹਰਚਰਨ ਸਿੰਘ, ਕਰਨਲ ਬਲਬੀਰ ਸਿੰਘ, ਬਲਦੇਵ ਸਿੰਘ, ਹਰਮੀਕ ਸਿੰਘ, ਹਰਦੀਪ ਸਿੰਘ, ਜਗਜੀਤ ਸਿੰਘ, ਗੁਲਸ਼ਨ ਰਾਏ, ਜੈਪਾਲ ਸਿੰਘ, ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ ਫਿੱਡਾ, ਪਰਮਜੀਤ ਸਿੰਘ, ਹਰਭਜਨ ਸਿੰਘ, ਸੁਰਜੀਤ ਸਿੰਘ ਤੇ ਮਹਿੰਦਰ ਸਿੰਘ ਗਿੱਲ।
ਸਾਲ 2011 (15) : ਰਾਜਪਾਲ ਸਿੰਘ, ਰਾਜਿੰਦਰ ਸਿੰਘ ਰਹੇਲੂ, ਹਿਨਾ ਸਿੱਧੂ, ਮਨਦੀਪ ਕੌਰ, ਗਗਨਦੀਪ ਕੌਰ, ਦਿਲਾਵਰ ਸਿੰਘ, ਕੁਲਜੀਤ ਸਿੰਘ, ਜਗਦੀਪ ਸਿੰਘ, ਕੋਮਲਪ੍ਰੀਤ ਸ਼ੁਕਲਾ, ਰਵੀਪਾਲ, ਰਣਜੀਤ ਕੌਰ, ਮਨਕਿਰਨ ਕੌਰ, ਗੁਰਚੰਦ ਸਿੰਘ, ਹਰਦੀਪ ਸਿੰਘ ਤੇ ਮਨਜੀਤ ਸਿੰਘ।
ਸਾਲ 2012 (14) : ਨਵਪ੍ਰੀਤ ਕੌਰ, ਸੁਨੀਤਾ ਰਾਣੀ, ਗੁਰਿੰਦਰ ਸਿੰਘ, ਅੰਮ੍ਰਿਤ ਸਿੰਘ, ਸ਼ੰਮੀਪ੍ਰੀਤ ਕੌਰ, ਕਿਰਨਜੀਤ ਕੌਰ, ਰਾਜਵੰਤ ਕੌਰ, ਸਰਵਨਜੀਤ ਸਿੰਘ, ਸਾਹਿਲ ਪਠਾਣੀਆ, ਜਸ਼ਨਦੀਪ ਸਿੰਘ, ਲਖਬੀਰ ਕੌਰ, ਨਵਜੋਤ ਕੌਰ, ਰਣਜੀਤ ਸਿੰਘ ਤੇ ਮਹਾਂਬੀਰ ਸਿੰਘ।

ਸਾਲ 2013 (5) : ਮਨਦੀਪ ਕੌਰ, ਅਮਨਦੀਪ ਕੌਰ, ਸਪਨਾ ਦੱਤਾ, ਸਮਿਤ ਸਿੰਘ ਤੇ ਤ੍ਰਿਪਤਪਾਲ ਸਿੰਘ
ਸਾਲ 2014 (5) : ਦਵਿੰਦਰ ਸਿੰਘ, ਗੁਰਬਾਜ਼ ਸਿੰਘ, ਜਾਸਮੀਨ, ਮਨਦੀਪ ਸਿੰਘ ਤੇ ਬਲਜੀਤ ਸਿੰੰਘ ਸ਼ਾਮਲ ਹਨ।
ਸਾਲ 2015 (10) : ਅਰਪਿੰਦਰ ਸਿੰਘ, ਤ੍ਰਿਸ਼ਾ ਦੇਬ, ਸ਼ਾਹਬਾਜ਼ ਸਿੰਘ ਭੰਗੂ, ਧਰਮਵੀਰ ਸਿੰਘ, ਅਮਨ ਕੁਮਾਰ, ਰੂਬੀ ਤੋਮਰ, ਸ਼ਿਵ ਕੁਮਾਰ, ਵਿਕਾਸ ਠਾਕੁਰ, ਦਵਿੰਦਰ ਸਿੰਘ ਤੇ ਅਮਨਦੀਪ ਸ਼ਰਮਾ।
ਸਾਲ 2016 (15) : ਸਵਰਨ ਸਿੰਘ ਵਿਰਕ, ਖੁਸ਼ਬੀਰ ਕੌਰ, ਕੰਵਲਪ੍ਰੀਤ ਸਿੰਘ, ਅਮਜੋਤ ਸਿੰਘ, ਰੇਖਾ ਰਾਣੀ, ਨੀਲਮ ਰਾਣੀ, ਪ੍ਰਭਜੋਤ ਕੌਰ ਬਾਜਵਾ, ਮਨਿੰਦਰ ਕੌਰ, ਗੁਰਵਿੰਦਰ ਸਿੰਘ, ਰਾਜਵਿੰਦਰ ਕੌਰ, ਗੁਰਿੰਦਰ ਸਿੰਘ, ਮਲਾਇਕਾ ਗੋਇਲ, ਗੁਰਪ੍ਰੀਤ ਸਿੰਘ, ਜਸਵੀਰ ਕੌਰ ਤੇ ਪਾਰੁਲ ਗੁਪਤਾ।
ਸਾਲ 2017 (7) : ਰਾਜ ਰਾਣੀ, ਅਮਨਦੀਪ ਕੌਰ (ਹੈਂਡਬਾਲ), ਅਮਨਦੀਪ ਕੌਰ (ਹਾਕੀ), ਵਰਿੰਦਰ ਕੁਮਾਰ, ਅਜੀਤੇਸ਼ ਕੌਸ਼ਲ, ਦਵਿੰਦਰ ਸਿੰਘ ਤੇ ਸੰਜੀਵ ਕੁਮਾਰ।
ਸਾਲ 2018 (10) : ਮਨਪ੍ਰੀਤ ਸਿੰਘ, ਨਵਜੀਤ ਕੌਰ ਢਿੱਲੋਂ, ਰਮਨਦੀਪ ਕੌਰ, ਗੁਰਜੀਤ ਕੌਰ, ਰਣਦੀਪ ਕੌਰ, ਵੀਰਪਾਲ ਕੌਰ, ਨਵਨੀਤ ਕੌਰ, ਸਾਹਿਲ ਚੋਪੜਾ, ਹਰਸ਼ਦੀਪ ਕੌਰ ਤੇ ਵੀਨਾ ਅਰੋੜਾ।

ਨਾਮੀ ਖਿਡਾਰੀਆਂ ਨੇ ਹਾਜ਼ਰੀ ਭਰ ਕੇ ਸਮਾਰੋਹ ਦੀ ਸ਼ੋਭਾ ਵਧਾਈ :
ਅੱਜ ਦੇ ਸਮਾਗਮ ਵਿੱਚ ਭਾਰਤੀ ਖੇਡ ਜਗਤ ਦੇ ਮਹਾਨ ਖਿਡਾਰੀਆਂ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ। ਇਸ ਮੌਕੇ ਕੌਰ ਸਿੰਘ, ਕਰਤਾਰ ਸਿੰਘ, ਪ੍ਰੇਮ ਚੰਦ ਢੀਗਰਾ ਤੇ ਬਹਾਦਰ ਸਿੰਘ (ਸਾਰੇ ਪਦਮ ਸ੍ਰੀ), ਦਰੋਣਾਚਾਰੀਆ ਤੇ ਅਰਜੁਨ ਐਵਾਰਡੀ ਰਾਜਿੰਦਰ ਸਿੰਘ ਸੀਨੀਅਰ, ਦਰੋਣਾਚਾਰੀਆ ਐਵਾਰਡੀ, ਰਾਜਬੀਰ ਕੌਰ ਰਾਏ, ਗੁਰਦੇਵ ਸਿੰਘ ਗਿੱਲ, ਸੱਜਣ ਸਿੰਘ ਚੀਮਾ ਤੇ ਮਨਜੀਤ ਕੌਰ (ਸਾਰੇ ਅਰਜੁਨਾ ਐਵਾਰਡੀ) ਤੇ ਓਲੰਪਿਕ ਸੋਨ ਤਮਗਾ ਜੇਤੂ ਗੁਰਮੇਲ ਸਿੰਘ ਹਾਜ਼ਰ ਸਨ।