ਦਿੱਲੀ ਕਮੇਟੀ ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਵੱਡੇ ਪੱਧਰ 'ਤੇ ਮਨਾਏਗੀ : ਮਨਜਿੰਦਰ ਸਿੰਘ ਸਿਰਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ. ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਦਿੱਲੀ ਕਮੇਟੀ ਸ੍ਰੀ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ 'ਤੇ ਮਨਾਉਣ ਜਾ ਰਹੀ ਹੈ

Manjinder Sirsa

ਅੰਮ੍ਰਿਤਸਰ (ਚਰਨਜੀਤ ਸਿੰਘ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਦਿੱਲੀ ਕਮੇਟੀ ਸ੍ਰੀ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ 'ਤੇ ਮਨਾਉਣ ਜਾ ਰਹੀ ਹੈ। ਅੱਜ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ. ਸਿਰਸਾ ਨੇ ਕਿਹਾ ਕਿ ਇਸ ਸਮਾਗਮ ਨੂੰ ਸਾਂਝੇ ਤੌਰ 'ਤੇ ਮਨਾਉਣ ਲਈ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਮਹਾਰਾਸ਼ਟਰ ਕਮੇਟੀ ਤੇ ਬਿਹਾਰ ਕਮੇਟੀ ਇਕਜੁਟ ਹੋ ਕੇ ਸਮਾਗਮ ਕਰਨ ਜਾ ਰਹੀਆਂ ਹਨ। ਇਸ ਲਈ ਗੁਰੂ ਸ਼ਬਦ ਦਾ ਪ੍ਰਚਾਰ ਕਰਨ ਦੇ ਨਾਲ ਨਾਲ ਗੁਰੂ ਸਾਹਿਬ ਦੇ ਜੀਵਨ ਬਾਰੇ ਲੋਕਾਂ ਤਕ ਜਾਣਕਾਰੀ ਪਹੁੰਚਾਵਾਂਗੇ।

ਉਨ੍ਹਾਂ ਦਸਿਆ ਕਿ ਇਸ ਲਈ ਦਿੱਲੀ ਕਮੇਟੀ ਇੰਡੀਆ ਗੇਟ 'ਤੇ ਵਿਸ਼ੇਸ਼ ਕੀਰਤਨ ਦਰਬਾਰ ਕਰਨ ਜਾ ਰਹੀ ਹੈ। ਇਹ ਇਕ ਵਿਲੱਖਣ ਪ੍ਰੋਗਰਾਮ ਹੋਵੇਗਾ ਜਿਸ ਵਿਚ 550 ਰਾਗੀ ਜਥੇ ਕੀਰਤਨ ਕਰਨਗੇ। ਦਿੱਲੀ ਦੇ ਇਕ ਸਟੇਡੀਅਮ ਵਿਚ ਵੀ ਦਿੱਲੀ ਦੇ ਸਕੂਲਾਂ ਦੇ 1100 ਵਿਦਿਆਰਥੀ ਕੀਰਤਨ ਕਰ ਕੇ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਨਣਗੇ। ਬਾਇਕ ਰਾਈਡਰਜ਼ ਦਾ ਇਕ ਟੂਰ ਵੀ ਕਢਿਆ ਜਾਵੇਗਾ। ਉਨ੍ਹਾਂ ਕਿਹਾ ਕਿ 28 ਅਕਤੂਬਰ ਨੂੰ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਇਕ ਨਗਰ ਕੀਤਰਨ ਨਨਕਾਣਾ ਸਾਹਿਬ ਲਿਜਾਇਆ ਜਾਵੇਗਾ।

3 ਅਤੇ 4 ਨਵੰਬਰ ਨੂੰ ਨਨਕਾਣਾ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਜਾਣਗੇ। ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਵਲੋਂ ਵੀ 28 ਨਵੰਬਰ ਨੂੰ ਨਗਰ ਕੀਤਰਨ ਕੱਢੇ ਜਾਣ ਨੂੰ ਸਿਆਸਤ ਤੋਂ ਪ੍ਰੇਰਤ ਦਸਦਿਆਂ ਸ. ਸਿਰਸਾ ਨੇ ਕਿਹਾ ਕਿ ਇਹ ਕੰਮ ਧਾਰਮਕ ਜਥੇਬੰਦੀਆਂ ਦੇ ਹਨ ਰਾਜਨੀਤੀਕ ਲੋਕ ਸਿਰਫ਼ ਸਿਆਸੀ ਲਾਭ ਲੈਣ ਲਈ ਹੀ ਨਗਰ ਕੀਤਰਨ ਦਾ ਸਹਾਰਾ ਲੈ ਰਹੇ ਹਨ।

ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਦਿੱਲੀ ਦੇ 20 ਲੱਖ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ  ਸੰਸਥਾ ਹੈ। ਉਨ੍ਹਾਂ ਕਿਹਾ ਕਿ ਨਗਰ ਕੀਰਤਨ ਦੇ ਨਾਮ 'ਤੇ ਨਿਜੀ ਲਾਭ ਲੈਣ ਵਾਲੀਆਂ ਸਿਆਸੀ ਪਾਰਟੀਆਂ ਦੇ ਆਗੂ ਪਹਿਲਾਂ ਦੋ ਸੰਗਰਾਂਦਾਂ, ਦੋ ਗੁਰਪੁਰਬ ਵੀ ਮਨਾ ਚੁੱਕੇ ਹਨ ਤੇ ਹੁਣ 2 ਨਗਰ ਕੀਤਰਨ ਕੱਢ ਕੇ ਸੰਗਤਾਂ ਵਿਚ ਦੁਬਿਧਾ ਪੈਦਾ ਕਰਨ ਦੀ ਕੋਸ਼ਿਸ਼ ਹੈ।